ਆਕਲੈਂਡ, 13 ਜਨਵਰੀ – ਮੇਜ਼ਬਾਨ ਨਿਊਜ਼ੀਲੈਂਡ ਅਤੇ ਮਹਿਮਾਨ ਭਾਰਤੀ ਕ੍ਰਿਕਟ ਟੀਮ ਵਿਚਾਲੇ 19 ਜਨਵਰੀ ਤੋਂ 31 ਜਨਵਰੀ ਤੱਕ ੫ ਇਕ ਦਿਨਾ ਮੈਚਾਂ ਦੀ ਲੜੀ ਖੇਡੀ ਜਾਣੀ ਹੈ। ਇਸ ਲੜੀ ‘ਚ ਖੇਡਣ ਵਾਲੇ ਕ੍ਰਿਕਟ ਖਿਡਾਰੀ 13 ਜਨਵਰੀ ਦਿਨ ਸੋਮਵਾਰ ਨੂੰ ਨੇਪੀਅਰ ਪੁੱਜ ਗਏ ਹਨ।
ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਪਹਿਲਾ ਇਕ ਦਿਨਾ ਮੈਚ ਨੇਪੀਅਰ ਵਿਖੇ 19 ਜਨਵਰੀ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ। ਉਸ ਤੋਂ ਬਾਅਦ ਦੂਜਾ ਮੈਚ ਹੈਮਿਲਟਨ ਵਿਖੇ 22 ਜਨਵਰੀ ਨੂੰ, ਤੀਜਾ ਮੈਚ ਆਕਲੈਂਡ ਵਿਖੇ 25 ਜਨਵਰੀ ਨੂੰ, ਹੈਮਿਲਟਨ ਵਿਖੇ ਚੌਥਾ ਮੈਚ 28 ਜਨਵਰੀ ਨੂੰ ਅਤੇ ਵੈਲਿੰਗਟਨ ਵਿਖੇ ਪੰਜਵਾਂ ਅਤੇ ਆਖ਼ਰੀ ਮੈਚ 31 ਜਨਵਰੀ ਨੂੰ ਖੇਡਿਆ ਜਾਏਗਾ।
ਜਦੋਂ ਕਿ 2 ਟੈੱਸਟ ਮੈਚਾਂ ਦੀ ਲੜੀ ਜੋ 6 ਤੋਂ ੧੮ ਫਰਵਰੀ ਤੱਕ ਖੇਡੀ ਜਾਣੀ ਹੈ। ਇਸ ਟੈੱਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਭਾਰਤੀ ਟੀਮ ਵਾਂਗਰੇਈ ਵਿਖੇ 2 ਤੇ 3 ਫਰਵਰੀ ਨੂੰ ਦੋ ਰੋਜ਼ਾ ਅਭਿਆਸ ਮੈਚ ਵੀ ਖੇਡੇਗੀ। ਇਸੇ ਦੌਰਾਨ ਚੇਤੇਸ਼ਵਰ ਪੁਜਾਰਾ, ਜ਼ਹੀਰ ਖ਼ਾਨ, ਮੁਰਲੀ ਵਿਜੈ ਤੇ ਉਮੇਸ਼ ਯਾਦਵ ਟੀਮ ਨਾਲ ਜੁੜਨਗੇ। ਪਹਿਲਾ ਟੈੱਸਟ ਮੈਚ ਆਕਲੈਂਡ ਵਿਖੇ 6 ਤੋਂ 10 ਫਰਵਰੀ ਤੱਕ ਹੋਵੇਗਾ ਅਤੇ ਦੂਜਾ ਟੈੱਸਟ ਮੈਚ ਵੈਲਿੰਗਟਨ ਵਿਖੇ 14 ਤੋਂ 18 ਫਰਵਰੀ ਤੱਕ ਹੋਵੇਗਾ।
ਇਸ 5 ਇਕ ਦਿਨਾ ਅਤੇ 2 ਟੈੱਸਟ ਮੈਚਾਂ ਦੀ ਲੜੀ ਨੂੰ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹਲਕੇ ਵਿੱਚ ਨਾ ਲੈਣ ਦੀ ਗੱਲ ਕਹੀ ਹੈ। ਉਹ ਇਸ ਦੌਰੇ ਨੂੰ ਆਗਾਮੀ 2015 ਵਿੱਚ ਆਉਣ ਵਾਲੇ ਕ੍ਰਿਕਟ ਵਰਲਡ ਕੱਪ ਨਾਲ ਜੋੜ ਕੇ ਵੇਖ ਰਹੇ ਹਨ। ਕਿਉਂਕਿ ‘2015 ਕ੍ਰਿਕਟ ਵਰਲਡ ਕੱਪ’ ਦੀ ਮੇਜ਼ਬਾਨੀ ਨਿਊਜ਼ੀਲੈਂਡ ਅਤੇ ਆਸਟਰੇਲੀਆ ਸਾਂਝੇ ਤੌਰ ‘ਤੇ ਕਰਵਾ ਰਹੇ ਹਨ।
NZ News ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ‘ਚ