ਨੇਪੀਅਰ, 25 ਜਨਵਰੀ – ਇੱਥੇ 24 ਜਨਵਰੀ ਨੂੰ ਭਾਰਤੀ ਪੁਰਸ਼ ਟੀਮ ਤੋਂ ਇੱਕ ਦਿਨ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਪਹਿਲੇ ਵਨਡੇ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਵੱਡੀ ਜਿੱਤ ਦਰਜ ਕਰਦੇ ਹੋਏ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ ਵਿੱਚ 1-0 ਦਾ ਵਾਧਾ ਹਾਸਲ ਕਰ ਲਿਆ।
ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਦੇ ਹੋਏ ਮੇਜ਼ਬਾਨ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੂੰ 48.4 ਓਵਰਾਂ ਵਿੱਚ 192 ਦੌੜਾਂ ਉੱਤੇ ਆਊਟ ਕਰ ਦਿੱਤਾ। ਨਿਊਜ਼ੀਲੈਂਡ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ ਪਰ ਵਾਈਟ ਫਰਨ ਟੀਮ ਦਾ ਮੱਧਕ੍ਰਮ ਭਾਰਤੀ ਗੇਂਦਬਾਜ਼ ਏਕਤਾ ਬਿਸ਼ਟ ਅਤੇ ਪੂਨਮ ਯਾਦਵ ਦੇ ਸਾਹਮਣੇ ਟਿੱਕ ਨਾ ਸਕਿਆ ਅਤੇ ਟੀਮ ਬਹੁਤ ਸਕੋਰ ਨਹੀਂ ਬਣਾ ਸਕੀ। ਦੋਵਾਂ ਨੇ 3-3 ਵਿਕਟਾਂ ਲਈਆਂ। ਨਿਊਜ਼ੀਲੈਂਡ ਵੱਲੋਂ ਓਪਨਰ ਸੁਜੀ ਬੇਟਸ (36) ਅਤੇ ਸੋਫ਼ੀ ਡੇਵਿਨੇ (28) ਨੇ ਮੇਜ਼ਬਾਨ ਟੀਮ ਨੂੰ ਚੰਗੀ ਸ਼ੁਰੂਆਤ ਦਿੰਦੇ ਹੋਏ ਪਹਿਲੀ ਵਿਕਟ ਲਈ 61 ਦੌੜਾਂ ਜੋੜੀਆਂ।
ਇਹ ਸਾਂਝੇਦਾਰੀ ਦੌੜ ਲੈਣ ਵਿੱਚ ਹੋਈ ਗ਼ਲਤੀ ਦੇ ਕਾਰਣ ਟੁੱਟੀ, ਸੋਫ਼ੀ ਨੂੰ ਦੀਪਤੀ ਸ਼ਰਮਾ ਨੇ ਰਣ ਆਊਟ ਕੀਤਾ। ਇੱਥੋਂ ਮੇਜ਼ਬਾਨ ਟੀਮ ਲਗਾਤਾਰ ਵਿਕਟ ਗਵਾਉਂਦੀ ਰਹੀ। 119 ਦੇ ਸਕੋਰ ਤੱਕ ਮੇਜ਼ਬਾਨ ਟੀਮ ਨੇ ਲਾਰੇਨ ਡਾਉਨ (0), ਬੇਟਸ ਅਤੇ ਕਪਤਾਨ ਐਮੀ ਸੇਟਰਵਾਈਟ (31) ਦੇ ਰੂਪ ਵਿੱਚ ਆਪਣੇ 3 ਹੋਰ ਵਿਕਟ ਗੁਆ ਦਿੱਤੇ। ਏਮੀਲਿਆ ਉੱਕਰ (28) ਨੇ ਮੈਡੀ ਗਰੀਨ (10) ਦੇ ਨਾਲ ਮਿਲ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਪੂਨਮ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਪੂਨਮ ਨੇ 136 ਦੇ ਸਕੋਰ ਉੱਤੇ ਏਮੀਲਿਆ ਨੂੰ ਹੇਮਲਤਾ ਦੇ ਹੱਥਾਂ ਕੈਚ ਆਊਟ ਕਰਵਾ ਨਿਊਜ਼ੀਲੈਂਡ ਦਾ 5ਵਾਂ ਵਿਕਟ ਵੀ ਡੇਗ ਦਿੱਤਾ। ਨਿਊਜ਼ੀਲੈਂਡ ਨੇ ਇਸ ਦੇ ਬਾਅਦ ਆਪਣੀਆਂ 5 ਮਹਿਲਾ ਬੱਲੇਬਾਜ਼ਾਂ ਮੈਡੀ, ਲੇਹ ਕੇਸਪੇਰੇਕ (6), ਬਰਨਾਡੀਨੇ (9), ਹੇਨਾ ਰੋਵੀ (25) ਅਤੇ ਹੋਲੀ ਹਡਲਸਟਨ (10) ਦੀ ਬੱਲੇਬਾਜ਼ੀ ਨਾਲ 56 ਦੌੜਾਂ ਜੋੜੀਆਂ ਅਤੇ ਟੀਮ ਨੂੰ 192 ਦੇ ਸਕੋਰ ਤੱਕ ਪਹੁੰਚਾਇਆ। ਭਾਰਤੀ ਟੀਮ ਲਈ ਇਸ ਪਾਰੀ ਵਿੱਚ ਏਕਤਾ ਅਤੇ ਪੂਨਮ ਦੇ ਇਲਾਵਾ, ਦੀਪਤੀ ਸ਼ਰਮਾ ਨੇ 2 ਵਿਕਟ ਅਤੇ ਸ਼ਿਖਾ ਪੰਡਿਤ ਨੂੰ 1 ਵਿਕਟ ਮਿਲੀ।
ਨਿਊਜ਼ੀਲੈਂਡ ਵੱਲੋਂ ਮਿਲੇ 193 ਦੌੜਾਂ ਦੇ ਟੀਚੇ ਨੂੰ ਮਹਿਮਾਨ ਟੀਮ ਭਾਰਤ ਨੇ ਆਪਣੇ ਮਹਿਲਾ ਬੱਲੇਬਾਜ਼ ਸਿਮ੍ਰਿਤੀ ਮੰਧਾਨਾ (105) ਅਤੇ ਜੇਮਿਮਾ ਰੌਡਰਿਗਜ਼ (ਨਾਬਾਦ 81) ਵਿੱਚ ਹੋਈ 190 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਇਹ ਮੁਕਾਬਲਾ ਇਕ ਪਾਸੜ ਹੋ ਗਿਆ ਤੇ ਭਾਰਤ ਨੇ 33 ਓਵਰਾਂ ਵਿੱਚ 9 ਵਿਕਟ ਨਾਲ ਜਿੱਤ ਦਰਜ ਕੀਤੀ। ਕੀਵੀ ਟੀਮ ਦੀ ਕਪਤਾਨ ਐਮੀ ਸੇਟਰਵਾਈਟ ਨੇ ਇਸ ਸਾਂਝੇਦਾਰੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਗੇਂਦਬਾਜ਼ੀ ਵਿੱਚ ਕਈ ਤਬਦੀਲੀਆਂ ਵੀ ਕੀਤੀਆਂ, ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ। ਸਿਮ੍ਰਿਤੀ ਨੂੰ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ।