ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਕੈਨੇਡਾ ਦੀ ਰੱਖਿਆ ਮੰਤਰੀ ਬਣਾਇਆ

ਟੋਰਾਂਟੋ, 27 ਅਕਤੂਬਰ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 26 ਅਕਤੂਬਰ ਦਿਨ ਮੰਗਲਵਾਰ ਨੂੰ ਆਪਣੀ ਕੈਬਿਨਟ ਵਿੱਚ ਫੇਰਬਦਲ ਕਰਦੇ ਹੋਏ ਭਾਰਤੀ ਮੂਲ ਦੀ ਕੈਨੇਡੀਅਨ ਰਾਜਨੇਤਾ ਅਨੀਤਾ ਆਨੰਦ ਨੂੰ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ ਨਿਯੁਕਤ ਕੀਤਾ ਹੈ। ਮਧਿਆਵਧਿ ਚੋਣ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਦੇ ਸੱਤਾ ਵਿੱਚ ਪਰਤਣ ਅਤੇ ਵੱਡੇ ਫ਼ੌਜੀ ਸੁਧਾਰਾਂ ਦੇ ਐਲਾਨ ਦੇ ਇੱਕ ਮਹੀਨੇ ਬਾਅਦ ਇਹ ਨਿਯੁਕਤੀ ਹੋਈ ਹੈ। 54 ਸਾਲਾ ਅਨੀਤਾ ਲੰਮੇ ਸਮੇਂ ਤੱਕ ਰੱਖਿਆ ਮੰਤਰੀ ਰਹੇ ਭਾਰਤੀ ਮੂਲ ਦੇ ਸ. ਹਰਜੀਤ ਸੱਜਣ ਦੀ ਥਾਂ ਲਵੇਗੀ। ਉਹ ਪਹਿਲੀ ਵਾਰ 2019 ਵਿੱਚ ਸਾਂਸਦ ਬਣੀ ਸੀ ਅਤੇ ਰੱਖਿਆ ਮੰਤਰੀ ਬਣਨ ਤੋਂ ਪਹਿਲਾਂ, ਉਸ ਨੇ ਕੋਰੋਨਾ ਮਹਾਂਮਾਰੀ ਦੌਰਾਨ ਪ੍ਰਕਿਊਰਮੈਂਟ ਮੰਤਰੀ ਵਜੋਂ ਕੰਮ ਕੀਤਾ ਸੀ।
ਸ. ਹਰਜੀਤ ਸੱਜਣ ਫ਼ੌਜ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦਾ ਨਿਪਟਾਰਾ ਠੀਕ ਤਰ੍ਹਾਂ ਨਹੀਂ ਕਰ ਸਕਣ ਦੇ ਲਈ ਆਲੋਚਨਾ ਦਾ ਸ਼ਿਕਾਰ ਹੁੰਦੇ ਰਹੇ ਹਨ। ਨੈਸ਼ਨਲ ਪੋਸਟ ਅਖ਼ਬਾਰ ਦੀ ਇੱਕ ਰਿਪੋਰਟ ਦੇ ਮੁਤਾਬਿਕ ਸ. ਸੱਜਣ ਹੁਣ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ ਦਾ ਮੰਤਰੀ ਬਣਾਇਆ ਗਿਆ ਹੈ। ਨਵੀਂ ਕੈਬਿਨਟ ਜੈਂਡਰ ਬੈਲੰਸ ਬਣਾਏ ਰੱਖਦਾ ਹੈ ਅਤੇ ਇਸ ਵਿੱਚ 38 ਮੈਂਬਰ ਹਨ। ਗਲੋਬਲ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਅਨੀਤਾ ਨੂੰ ਰੱਖਿਆ ਉਦਯੋਗ ਦੇ ਮਾਹਿਰਾਂ ਦੇ ਵਿੱਚ ਹਫ਼ਤਿਆਂ ਤੋਂ ਇੱਕ ਮਜ਼ਬੂਤ ਦਾਅਵੇਦਾਰ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਸੀ।
ਬੀਬੀਸੀ ਦੀ ਰਿਪੋਰਟ ਮੁਤਾਬਿਕ ਫ਼ੌਜ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਅਜਿਹੇ ‘ਚ ਮਹਿਲਾ ਦੀ ਨਿਯੁਕਤੀ ਉਨ੍ਹਾਂ ‘ਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰੇਗੀ। ਹਾਲਾਂਕਿ ਅਨੀਤਾ ਕੋਲ ਰੱਖਿਆ ਖੇਤਰ ਦਾ ਤਜ਼ਰਬਾ ਨਹੀਂ ਹੈ ਪਰ ਕੁੱਝ ਲੋਕ ਉਨ੍ਹਾਂ ਦੀ ਨਿਯੁਕਤੀ ‘ਤੇ ਸਵਾਲ ਵੀ ਚੱਕ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅਨੀਤਾ ਪ੍ਰਧਾਨ ਮੰਤਰੀ ਟਰੂਡੋ ਦੀ ਖ਼ਾਸ ਹੈ ਅਤੇ ਟਰੂਡੋ ਨੇ ਮੀਡੀਆ ਦੇ ਸਾਹਮਣੇ ਉਨ੍ਹਾਂ ਦੀ ਤਾਰੀਫ਼ ਵੀ ਕੀਤੀ ਹੈ।