ਪਹਿਲੀ ਵਾਰ ਕੋਈ ਭਾਰਤੀ ਮੂਲ ਦਾ ਬਣੇਗਾ ਮੰਤਰੀ, ਤਿੰਨ ਮੰਤਰਾਲਿਆਂ ਦਾ ਪੂਰਨ ਕਾਰਜਭਾਰ ਸੰਭਾਲਣਾ ਪਵੇਗਾ
ਆਕਲੈਂਡ, 2 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਦੀ 53ਵੀਂ ਪਾਰਲੀਮੈਂਟ ਲਈ ਦੇਸ਼ ਵਿੱਚ ਆਮ ਚੋਣਾਂ ਬੀਤੀ 17 ਅਕਤੂਬਰ ਨੂੰ ਖ਼ਤਮ ਹੋ ਗਈਆਂ ਸਨ ਪਰ ਸਰਕਾਰੀ ਤੌਰ ‘ਤੇ ਅੰਤਿਮ ਨਤੀਜਿਆਂ ਦਾ ਐਲਾਨ ਸ਼ੁੱਕਰਵਾਰ 6 ਨਵੰਬਰ ਨੂੰ ਕੀਤਾ ਜਾਣਾ ਹੈ। ਇਨ੍ਹਾਂ ਵੋਟਾਂ ਦੇ ਰੁਝਾਨੀ ਨਤੀਜਿਆਂ ਅਨੁਸਾਰ ਲੇਬਰ ਪਾਰਟੀ ਇਸ ਵੇਲੇ 64 ਸੀਟਾਂ ਜਿੱਤ ਰਹੀ ਹੈ, ਨੈਸ਼ਨਲ 35 ਸੀਟਾਂ, ਐਕਟ ਪਾਰਟੀ ਨੂੰ 10 ਸੀਟਾਂ, ਗ੍ਰੀਨ ਪਾਰਟੀ ਨੂੰ 10 ਸੀਟਾਂ, ਮਾਓਰੀ ਪਾਰਟੀ ਨੂੰ 1 ਸੀਟ ਮਿਲ ਰਹੀ ਹੈ। ਸ਼ੁੱਕਰਵਾਰ ਨੂੰ ਹੋਂਦ ਦੇ ਵਿੱਚ ਆ ਰਹੀ ਨਵੀਂ ਸਰਕਾਰ ਸਹੁੰ ਚੁੱਕੇਗੀ ਅਤੇ ਆਪਣੇ ਮੰਤਰੀ ਮੰਡਲ ਨੂੰ ਸਹੁੰ ਚੁਕਾਏਗੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣੇ 20 ਕੈਬਨਿਟ ਮੰਤਰੀਆਂ ਅਤੇ 4 ਮੰਤਰੀਆਂ ਅਤੇ 2 ਸਹਿਯੋਗੀ ਪਾਰਟੀ ਦੇ ਮੰਤਰੀਆਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ। ਜ਼ਿਕਰਯੋਗ ਹੈ ਕਿ 20 ਕੈਬਨਿਟ ਮੰਤਰੀਆਂ ਦੀ ਸੂਚੀ ਵਿੱਚ 8 ਮਹਿਲਾਵਾਂ ਨੂੰ ਥਾਂ ਦਿੱਤੀ ਗਈ ਹੈ। ਜਿਸ ਵਿੱਚ ਭਾਰਤੀ ਮੂਲ ਦੀ ਸਾਂਸਦ ਪ੍ਰਿਅੰਕਾ ਰਾਧਾਕ੍ਰਿਸ਼ਨਨ ਅਤੇ ਦੇਸ਼ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਨਾਨਾਈਆ ਮਾਹੁਟਾ ਸ਼ਾਮਿਲ ਕੀਤਾ ਗਿਆ ਹੈ।
ਭਾਰਤੀਆਂ ਦੇ ਲਈ ਇਸ ਵਾਰ ਖ਼ਾਸ ਖਿੱਚ ਭਰੀ ਖ਼ਬਰ ਇਹ ਹੈ ਕਿ ਇੱਥੇ ਪਹਿਲੀ ਵਾਰ ਕਿਸੀ ਭਾਰਤੀ ਮੂਲ ਦੀ ਸਾਂਸਦ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੂੰ ਇਸ ਵਾਰ ਮੰਤਰੀ ਪਦ ਲਈ ਚੁਣ ਲਿਆ ਗਿਆ ਹੈ। ਰਾਧਾਕ੍ਰਿਸ਼ਨਨ ਦੇ ਕੋਲ ਤਿੰਨ ਮੰਤਰਾਲੇ ਰਹਿਣਗੇ ਜਿਨ੍ਹਾਂ ਵਿੱਚ ‘ਕਮਿਊਨਿਟੀ ਅਤੇ ਵਲੰਟੀਅਰ ਮੰਤਰਾਲਾ’, ‘ਡਾਇਵਰਸਿਟੀ-ਇਨਕਲੂਜ਼ਨ-ਏਥਨਿਕ ਮੰਤਰਾਲਾ’ ਅਤੇ ‘ਯੂਥ ਮੰਤਰਾਲਾ’ ਦਾ ਕਾਰਜ ਭਾਰ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਉਹ ‘ਸੋਸ਼ਲ ਡਿਵੈਲਪਮੈਂਟ ਅਤੇ ਇੰਪਲਾਇਮੈਂਟ’ ਦੇ ਸਹਾਇਕ ਮੰਤਰੀ ਰਹਿਣਗੇ। ਵਰਨਣਯੋਗ ਹੈ ਕਿ ਚੇਨਈ ਦੀ ਜੰਮਪਲ ਅਤੇ ਸਿੰਗਾਪੁਰ ਪੜ੍ਹੀ-ਲਿਖੀ 41ਸਾਲਾ ਪ੍ਰਿਅੰਕਾ ਰਾਧਾਕ੍ਰਿਸ਼ਨਨ 2017 ਦੀਆਂ ਆਮ ਚੋਣਾਂ ਦੇ ਵਿੱਚ ਲੇਬਰ ਪਾਰਟੀ ਦੀ ਲਿਸਟ ਐਮ. ਪੀ. ਵਜੋਂ ਸੰਸਦ ਦੇ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੋ ਗਈ ਸੀ। ਰਾਧਾਕ੍ਰਿਸ਼ਨਨ ਨੂੰ 2019 ਦੇ ਵਿੱਚ ਪਾਰਲੀਮੈਂਟਰੀ ਪ੍ਰਾਈਵੇਟ ਸੈਕਟਰੀ (ਏਥਨਿਕ ਅਫੇਅਰਜ਼) ਬਣਾਇਆ ਗਿਆ ਸੀ। ਇਸ ਵਾਰ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੂੰ 12440 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਦੇ ਹਲਕੇ ਮਾਉਂਗਾਕਾਇਕੀ ਦੇ ਨੈਸ਼ਨਲ ਪਾਰਟੀ ਦੇ ਉਮੀਦਵਾਰ ਡੇਨਿਸ ਲੀਅ ਨੂੰ 13010 ਵੋਟਾਂ ਪਈਆਂ। ਉਹ ਭਾਵੇਂ 580 ਵੋਟਾਂ ਦੇ ਫ਼ਰਕ ਨਾਲ ਵੋਟਾਂ ਦੇ ਵਿੱਚ ਹਾਰ ਗਏ ਹਨ ਪਰ ਉਨ੍ਹਾਂ ਦੀ ਚੋਣ ਲਿਸਟ ਐਮ. ਪੀ. ਵਜੋਂ ਹੋ ਗਈ ਸੀ। ਉਹ ਅੰਗਰੇਜ਼ੀ ਦੇ ਨਾਲ-ਨਾਲ ਭਾਰਤੀ ਭਾਸ਼ਾਵਾਂ ਜਿਵੇਂ ਹਿੰਦੀ, ਤਾਮਿਲ ਅਤੇ ਮਲਿਆਲਮ ਦੀ ਪੂਰੀ ਸਮਝ ਰੱਖਦੀ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣੇ ਮੰਤਰਾਲੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ, ‘ਨੈਸ਼ਨਲ ਸਕਿਉਰਿਟੀ ਅਤੇ ਇੰਟੈਲੀਜੈਂਸ’, ‘ਚਾਈਲਡ ਪੌਵਰਟੀ ਰੀਡਿਕਸ਼ਨ’, ‘ਰਿਸਪਾਂਸੀਬਲਿਟੀਜ਼ ਫ਼ਾਰ ਮਨਿਸਟਰੀਅਲ ਸਰਵਿਸਿਜ਼’ ਅਤੇ ਸਹਾਇਕ ਮੰਤਰਾਲੇ ਵਜੋਂ ‘ਆਰਟਸ, ਕਲਚਰਲ ਅਤੇ ਹੈਰੀਟੇਜ’ ਰੱਖਿਆ ਹੈ। ਉਹ ਬੈਚਲਰ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਇਨ ਪਾਲਿਟਿਕਸ ਅਤੇ ਪਬਲਿਕ ਰਿਲੇਸ਼ਨਜ਼ ਹਨ।
ਦੇਸ਼ ਦੇ ਉਪ ਪ੍ਰਧਾਨ ਮੰਤਰੀ ਸਾਂਸਦ ਗ੍ਰਾਂਟ ਰੌਬਰਟਸਨ ਹੋਣਗੇ ਜਿਨ੍ਹਾਂ ਕੋਲ ਫਾਈਨਾਂਸ, ਇਨਫ੍ਰਾਸਟਰਕਚਰ, ਰੇਸਿੰਗ ਅਤੇ ਸਪੋਰਟਸ ਅਤੇ ਰੀਕ੍ਰੀਏਸ਼ਨ ਮਹਿਕਮੇ ਹੋਣਗੇ। ਉਹ ਬੈਚਲਰ ਆਫ਼ ਆਰਟਸ ਵਿਦ ਆਨਰ ਹਨ, ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲਾਰਕ ਦੇ ਸਲਾਹਕਾਰ ਰਹਿ ਚੁੱਕੇ ਹਨ ਅਤੇ ਹੇਸਟਿੰਗਜ਼ ਤੋਂ ਡੁਨੀਡਨ ਬਦਲ ਕੇ ਚਲੇ ਗਏ ਸਨ।
ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਅਫੂਈ ਹੋਣਗੇ ਜੋ ਕਿ ਇਸ ਵੇਲੇ ਵੀ ਕੁੱਝ ਸਮੇਂ ਤੋਂ ਅਜਿਹੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹ ਬ੍ਰਾਡਕਾਸਟਿੰਗ ਅਤੇ ਮੀਡੀਆ ਅਤੇ ਜਸਟਿਸ ਮੰਤਰਾਲਾ ਵੀ ਵੇਖਣਗੇ। ਦੇਸ਼ ਦੇ ਇਤਿਹਾਸ ਵਿੱਚ ਵਿਦੇਸ਼ ਮੰਤਰੀ ਪਹਿਲੀ ਵਾਰ ਇੱਕ ਮਹਿਲਾ ਸਾਂਸਦ ਬਣੇਗੀ ਜਿਸ ਦਾ ਨਾਂਅ ਨਾਨਾਈਆ ਮਾਹੁਟਾ ਹੈ ਅਤੇ 1996 ਤੋਂ ਉਹ ਮੈਂਬਰ ਪਾਰਲੀਮੈਂਟ ਚੱਲੀ ਆ ਰਹੀ ਹੈ। ਇਹ ਪਹਿਲੀ ਮਹਿਲਾ ਸਾਂਸਦ ਹੈ ਜਿਸ ਦੇ ਚਿਹਰੇ ਉੱਤੇ ਮਾਓਰੀ ਸਭਿਆਚਾਰ ਦਾ ਪ੍ਰਤੀਕ ਪੱਕੀ ਸਿਆਹੀ ਵਾਲਾ ਟੈਟੂ ਬਣਿਆ ਹੈ।
ਪ੍ਰਧਾਨ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਕਿ ਜਿਹੜਾ ਵੀ ਮੰਤਰੀ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਾਲ ਨਹੀਂ ਨਿਭਾਏਗਾ, ਉਸ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਅਗਲੇ ਤਿੰਨ ਸਾਲ ਜਿੱਥੇ ਕੋਵਿਡ-19 ਦੇ ਨਾਲ ਲੜਿਆ ਜਾਵੇਗਾ ਉੱਥੇ ਦੂਜੇ ਦੇਸ਼ਾਂ ਨਾਲ ਵਪਾਰਕ ਸਬੰਧ ਮਜ਼ਬੂਤ ਕੀਤੇ ਜਾਣਗੇ।
Home Page ਭਾਰਤੀ ਮੂਲ ਦੀ ਸਾਂਸਦ ਪ੍ਰਿਅੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਸਰਕਾਰ ਦੇ ਸੰਭਾਵੀ ਮੰਤਰੀਆਂ ਦੀ...