ਲੰਡਨ, 13 ਅਗਸਤ – 12 ਅਗਸਤ ਨੂੰ ਨੋਬੇਲ ਐਵਾਰਡ ਜੇਤੂ ਲੇਖਕ ਵੀ.ਐੱਸ. ਨਾਇਪਾਲ ਦਾ 85 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸਮਕਾਲੀ ਦੌਰ ਵਿੱਚ ਮਹਾਨ ਨਾਵਲਕਾਰਾਂ ਵਿੱਚ ਸ਼ੁਮਾਰ ਸਰ ਵਿੱਦਿਆਧਰ ਸੂਰਜਪ੍ਰਸਾਦ ਨਾਇਪਾਲ ਨੇ ਆਪਣੇ ਹਮਦਰਦਾਂ ਵਿਚਾਲੇ ਆਪਣੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਜ਼ਿੰਦਗੀ ਹੌਸਲੇ ਤੇ ਰਚਨਾਤਮਿਕਤਾ ਨਾਲ ਭਰੀ ਹੋਈ ਸੀ। ਪ੍ਰਸੰਸਕਾਂ ਵਿੱਚ ‘ਸਰ ਵਿੱਦਿਆ’ ਦੇ ਨਾਮ ਨਾਲ ਜਾਣੇ ਜਾਂਦੇ ਨਾਇਪਾਲ ਉਪਨਿਵੇਸ਼ਵਾਦ, ਧਰਮ, ਅਤੇ ਸਿਆਸਤ ਵਰਗੇ ਵਿਸ਼ਿਆਂ ਉੱਤੇ ਅੱਗੇ ਹੋ ਕੇ ਲਿਖਿਆ।
ਸਰ ਵਿੱਦਿਆਧਰ ਸੂਰਜਪ੍ਰਸਾਦ ਨਾਇਪਾਲ ਦਾ ਜਨਮ ਭਾਰਤੀ ਸਿਵਲ ਅਧਿਕਾਰੀ ਦੇ ਘਰ ਟ੍ਰਿਨੀਡਾਡ ‘ਚ ਹੋਇਆ ਤੇ ਉਨ੍ਹਾਂ ਆਕਸਫੋਰਡ ਯੂਨੀਵਰਸਿਟੀ ‘ਚ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ। ਉਨ੍ਹਾਂ ਨੂੰ ਸਾਲ 2001 ਵਿੱਚ ਸਾਹਿਤ ਦੇ ਖੇਤਰ ‘ਚ ਪਾਏ ਯੋਗਦਾਨ ਬਦਲੇ ‘ਨੋਬੇਲ ਐਵਾਰਡ’ ਨਾਲ ਸਨਮਾਨਿਆ ਗਿਆ। ਉਨ੍ਹਾਂ ਆਪਣੇ ਜੀਵਨ ‘ਚ 30 ਤੋਂ ਵੱਧ ਕਿਤਾਬਾਂ ਲਿਖੀਆਂ। 1961 ‘ਚ ਛਪੀ ਉਨ੍ਹਾਂ ਦੀ ਕਿਤਾਬ ‘ਏ ਹਾਊਸ ਆਫ਼ ਮਿਸਟਰ ਬਿਸਵਾਸ’ ਉਨ੍ਹਾਂ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ। ਇਸ ਨਾਵਲ ਨਾਲ ਮਹਿਜ਼ ੩੧ ਸਾਲ ਦੀ ਉਮਰ ਵਿੱਚ ਨਾਇਪਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਏ, ਉਨ੍ਹਾਂ ਨੂੰ ‘ਮਾਸਟਰ ਆਫ਼ ਇੰਗਲਿਸ਼’ ਵੀ ਕਿਹਾ ਜਾਂਦਾ ਸੀ। ਨਾਇਪਾਲ ਨੂੰ 1971 ‘ਚ ‘ਬੁੱਕਰ ਐਵਾਰਡ’ ਤੇ 1990 ‘ਚ ‘ਨਾਈਟਹੁੱਡ’ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਪਹਿਲਾ ਨਾਵਲ ‘ਦ ਮਿਸਟਿਕ ਮੈਸੂਰ’ ਸੀ, ਇਸ ਦਾ ਪ੍ਰਕਾਸ਼ਨ 1955 ਵਿੱਚ ਹੋਇਆ ਸੀ।
Home Page ਭਾਰਤੀ ਮੂਲ ਦੇ ਨੋਬੇਲ ਐਵਾਰਡ ਜੇਤੂ ਲੇਖਕ ਵੀ.ਐੱਸ. ਨਾਇਪਾਲ ਨਹੀਂ ਰਹੇ