ਆਕਲੈਂਡ, 9 ਅਗਸਤ (ਕੂਕ ਪੰਜਾਬੀ ਸਮਾਚਾਰ) – ਭਾਰਤੀ ਰਾਸ਼ਟਰਪਤੀ ਮਾਣਯੋਗ ਦਰੋਪਦੀ ਮੁਰਮੂ ਨੇ ਆਪਣੇ ਤਿੰਨ ਦਿਨਾਂ ਰਾਜਕੀ ਦੌਰੇ ਦੇ ਆਖ਼ਰੀ ਦਿਨ ਆਕਲੈਂਡ ਵਿਖੇ ‘ਕਮਿਊਨਿਟੀ ਰਿਸੈੱਪਸ਼ਨ’ ਸਮਾਗਮ ਦੇ ਵਿੱਚ ਭਾਰਤੀਆਂ ਦੇ ਲਗਭਗ 500 ਮੈਂਬਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਭਾਰਤੀ ਘੱਟ ਗਿਣਤੀ ਮੰਤਰਾਲੇ ਦੇ ਮੰਤਰੀ ਸ੍ਰੀ ਜਾਰਜ਼ ਕੁਰੀਅਨ ਅਤੇ ਦੋ ਹੋਰ ਸੰਸਦ ਮੈਂਬਰ ਸੁਮਿਤਰਾ ਖਾਨ ਅਤੇ ਯੁੱਗਲ ਕਿਸ਼ੋਰ ਸ਼ਰਮਾ ਹਾਜ਼ਰ ਸਨ।
‘ਕਮਿਊਨਿਟੀ ਰਿਸੈੱਪਸ਼ਨ’ ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਨ੍ਰਿਤ ਮੰਡਲੀਆਂ ਦੇ ਨਾਲ ਹੋਈ। ਰਾਸ਼ਟਰਪਤੀ ਦੇ ਪਹੁੰਚਣ ਦੇ ਬਾਅਦ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਦਾ ਸੰਗੀਤ ਵਜਾਇਆ ਗਿਆ। ਸਮਾਗਮ ਨੂੰ ਸਭ ਤੋਂ ਪਹਿਲਾਂ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਨੇ ਸੰਬੋਧਨ ਕੀਤਾ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਵਾਗਤ ਕਰਦੇ ਹੋਏ ਨਿਊਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ‘ਚ ਵੱਸਦੇ ਭਾਰਤੀ ਭਾਈਚਾਰੇ ਦੀਆਂ ਉਪਲਬਧੀਆਂ ਤੇ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਅੱਜ ਇੱਥੇ ਭਾਰਤੀ ਭਾਈਚਾਰੇ ਦੇ ਲੋਕ ਪੁੱਜੇ ਹਨ।
ਇਸ ਤੋਂ ਬਾਅਦ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ‘ਨਮਸਤੇ’ ਅਤੇ ‘ਕੀਆ ਓਰਾ’ ਨਾਲ ਹਾਜ਼ਰ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਲਈ ਬਹੁਤ ਖ਼ੁਸ਼ੀ ਅਤੇ ਸਨਮਾਨ ਵਾਲੀ ਗੱਲ ਹੈ ਕਿ ਮੈਂ ਨਿਊਜ਼ੀਲੈਂਡ ਵੱਸਦੇ ਭਾਈਚਾਰੇ ਦੇ ਵਿੱਚ ਅੱਜ ਖੜੀ ਹਾਂ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਵਿੱਚ ਭਾਰਤੀਆਂ ਦੇ ਸਾਹਸ ਅਤੇ ਉਪਲਬਧੀਆਂ ਦੇ ਲਈ ਬਹੁਤ ਖ਼ੁਸ਼ ਹਨ ਅਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀਆਂ ਨੇ ਨਿਊਜ਼ੀਲੈਂਡ ਦੇ ਹਰ ਖੇਤਰ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਕਿ ਵੈਲਿੰਗਟਨ ਵਿਖੇ ਨਿਊਜ਼ੀਲੈਂਡ ਇੰਟਰਨੈਸ਼ਨਲ ਐਜੂਕੇਸ਼ਨ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਜਿਸ ਵਿੱਚ ਭਾਰਤ ਕੰਟਰੀ ਆਫ਼ ਓਨਰ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿੱਚ ਦੁਵੱਲੇ ਸੰਬੰਧ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਨਿਊਜ਼ੀਲੈਂਡ ਦੇ ਸਾਬਕਾ ਗਵਰਨਰ ਜਨਰਲ ਅਨੰਦ ਸੱਤਿਆਨੰਦ ਦਾ ਜ਼ਿਕਰ ਕੀਤਾ ਅਤੇ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਭਾਰਤ ਸਰਕਾਰ ਵੱਲੋਂ ਮਰਨੋਂ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਨਿਊਜ਼ੀਲੈਂਡ ਦੇ ਐਡਮੰਡ ਹਿਲੈਰੀ ਨੂੰ ਵੀ ਯਾਦ ਕੀਤਾ। ਉਨ੍ਹਾਂ ਨਿਊਜ਼ੀਲੈਂਡ-ਭਾਰਤ ਦਰਮਿਆਨ ਸਿੱਖਿਆ ਅਤੇ ਵਪਾਰ ਦੀ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾ 1926 ਦੇ ਵਿੱਚ ਇੰਡੀਆ ਤੋਂ ਨਿਊਜ਼ੀਲੈਂਡ ਆਉਣ ਵਾਲੀ ਪਹਿਲੀ ਇੰਡੀਅਨ ਆਰਮੀ ਹਾਕੀ ਟੀਮ ਦਾ ਜ਼ਿਕਰ ਵੀ ਕੀਤਾ। ਇਸ ਟੀਮ ਦੇ ਵਿੱਚ ਸਟਾਰ ਪਲੇਅਰ ਧਿਆਨ ਚੰਦ ਵੀ ਸ਼ਾਮਿਲ ਸਨ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਲਾਨ ਕੀਤਾ ਕਿ ਆਕਲੈਂਡ ਵਿਖੇ ਭਾਰਤ ਦਾ ਦੂਜਾ ਸਫ਼ਾਰਤਖ਼ਾਨਾ (ਹਾਈ ਕਮਿਸ਼ਨ) ਜਲਦੀ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਣਨ ਵਾਲਾ ਹੈ। ਉਨ੍ਹਾਂ ਆਖ਼ਿਰ ਵਿੱਚ ਅਪੀਲ ਕੀਤੀ ਕਿ ਆਓ ਰਲ ਕੇ ਭਾਰਤ ਅਤੇ ਨਿਊਜ਼ੀਲੈਂਡ ਦੇ ਉੱਜਵਲ ਭਵਿੱਖ ਲਈ ਕੰਮ ਕਰੀਏ ਅਤੇ ਭਾਰਤ ਤੇ ਨਿਊਜ਼ੀਲੈਂਡ ਦਾ ਨਾਂਅ ਰੌਸ਼ਨ ਕਰੇ। ਪੂਰਾ ਸੰਸਾਰ ਭਾਰਤ ਤੇ ਨਿਊਜ਼ੀਲੈਂਡ ਵੱਲ ਵੇਖਦਾ ਰਹੇ ਆਸੀਂ ਕਿੱਥੇ ਪਹੁੰਚੇ ਹਾਂ।
Home Page ਭਾਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਕਲੈਂਡ ‘ਚ ਕਿਹਾ ਕਿ ਉਹ ਨਿਊਜ਼ੀਲੈਂਡ ‘ਚ...