ਨਵੀਂ ਦਿੱਲੀ/ਇਸਲਾਮਾਬਾਦ, 8 ਸਤੰਬਰ – ਪਾਕਿਸਤਾਨ ਛੇਤੀ ਹੀ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ ਬਹੁਤ ਤੋਹਫ਼ਾ ਦੇਣ ਜਾ ਰਿਹਾ ਹੈ। ਉਹ ਭਾਰਤੀ ਸਰਹੱਦ ਨਾਲ ਲੱਗੇ ਕਰਤਾਰਪੁਰ ਬਾਰਡਰ ਕਰਾਸਿੰਗ ਨੂੰ ਖੋਲ੍ਹਣ ਜਾ ਰਿਹਾ ਹੈ। 7 ਸਤੰਬਰ ਨੂੰ ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਐਲਾਨ ਕੀਤਾ ਹੈ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਗੁਰਪੁਰਬ ਮੌਕੇ ਇਤਿਹਾਸਿਕ ਗੁਰਦਵਾਰੇ ਵਿੱਚ ਦਰਸ਼ਨ ਲਈ ਆਣਵਾਲੇ ਭਾਰਤੀ ਸਿੱਖਾਂ ਨੂੰ ਵੀਜ਼ਾ ਵੀ ਨਹੀਂ ਲੈਣਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਪੰਜਾਬ ਦੇ ਸੱਭਿਆਚਾਰਕ ਮਾਮਲੇ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਇਸਲਾਮਾਬਾਦ ਯਾਤਰਾ ਦੇ ਦੌਰਾਨ ਵੀ ਕਰਤਾਰਪੁਰ ਬਾਰਡਰ ਦਾ ਮਾਮਲਾ ਸੁਰਖ਼ੀਆਂ ਵਿੱਚ ਛਾਇਆ ਹੋਇਆ ਸੀ ।
ਪਿਛਲੇ ਮਹੀਨੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਵਿੱਚ ਪੁੱਜੇ ਨਵਜੋਤ ਸਿੱਧੂ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਨਾਲ ਗਲਵੱਕੜੀ ਪਾ ਕੇ ਮਿਲੇ ਸਨ, ਜਿਸ ਉੱਤੇ ਭਾਰਤ ਵਿੱਚ ਕਾਫ਼ੀ ਆਲੋਚਨਾ ਹੋਈ ਸੀ। ਤਦ ਸਿੱਧੂ ਨੇ ਕਿਹਾ ਸੀ ਕਿ ਪਾਕਿ ਆਰਮੀ ਚੀਫ਼ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤੀ ਸਿੱਖਾਂ ਲਈ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਕਰਤਾਰਪੁਰ ਦਾ ਰਸਤਾ ਖੋਲ੍ਹਣ ਜਾ ਰਹੇ ਹੈ। ਹੁਣ ਪਾਕਿ ਮੰਤਰੀ ਨੇ ਵੀ ਕਹਿ ਦਿੱਤਾ ਹੈ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਯਾਤਰਾ ਕਰਨ ਵਾਲੇ ਸਿੱਖਾਂ ਲਈ ਇੱਕ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਸ ਉੱਤੇ ਅੱਗੇ ਕਦਮ ਵਧਾਇਆ ਜਾਵੇਗਾ।
ਬੀਬੀਸੀ ਉਰਦੂ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕਰਤਾਰਪੁਰ ਰਸਤਾ ਖੋਲ੍ਹਣ ਦੀ ਗੱਲ ਕਹੀ। ਤੁਹਾਨੂੰ ਦੱਸ ਦੇਈਏ ਕਿ ਕਰਤਾਰਪੁਰ ਗੁਰਦੁਆਰਾ ਭਾਰਤੀ ਸਰਹੱਦ ਦੇ ਲਾਗੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਧਾਰਮਿਕ ਸਥਾਨ ਸਿੱਖਾਂ ਲਈ ਕਾਫ਼ੀ ਮਹੱਤਵਪੂਰਣ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਨੇ ਇਸ ਥਾਂ ਉੱਤੇ ਅੰਤਿਮ ਸਮਾਂ ਗੁਜ਼ਾਰਿਆ ਸੀ। ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਤੋਂ ਆ ਕੇ ਆਪਣੇ ਜੀਵਨ ਦਾ ਅੰਤਿਮ ਲਗਭਗ ਡੇਢ ਦਹਾਕਾ ਕਰਤਾਰਪੁਰ ਸਾਹਿਬ ਖੇਤੀ ਕਰਕੇ ਲੋਕਾਈ ਨੂੰ ਹੱਥੀਂ ਸੁੱਚੀ ਕਿਰਤ ਕਰਨ ਦਾ ਸੁਨੇਹਾ ਦਿੱਤਾ ਸੀ। ਦੁਨੀਆ ਭਰ ਦੇ ਸਿੱਖ ਇਸ ਸਥਾਨ ਤੇ ਨਤਮਸਤਕ ਹੋਣ ਦੇ ਖ਼ਾਹਿਸ਼ਮੰਦ ਹਨ।
ਇੰਟਰਵਿਊ ਵਿੱਚ ਭਾਰਤ ਉੱਤੇ ਨਿਸ਼ਾਨਾ ਲਾਉਂਦੇ ਹੋਏ ਚੌਧਰੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਨਾਲ ਸ਼ਾਂਤੀ ਗੱਲ ਬਾਤ ਨੂੰ ਲੈ ਕੇ ਪਾਕਿਸਤਾਨ ਆਰਮੀ ਅਤੇ ਸਰਕਾਰ ਦੀ ਰਾਏ ਇੱਕ ਸਮਾਨ ਹੈ ਪਰ ਭਾਰਤ ਸਰਕਾਰ ਨੇ ਹੀ ਇਸ ਮਸਲੇ ਉੱਤੇ ਕੋਈ ਸਕਾਰਾਤਮਿਕ ਸੰਕੇਤ ਨਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੋਣ ਜਿੱਤਣ ਦੇ ਬਾਅਦ ਸਾਬਕਾ ਭਾਰਤੀ ਕ੍ਰਿਕਟਰਾਂ ਨੂੰ ਸਹੁੰ ਚੁੱਕ ਸਮਾਰੋਹ ਵਿੱਚ ਸਦਕੇ ਅਤੇ ਆਪਣੇ ਪਹਿਲੇ ਸੰਬੋਧਨ ਵਿੱਚ ਗੱਲਬਾਤ ਦਾ ਪ੍ਰਸਤਾਵ ਦੇ ਕੇ ਭਾਰਤ ਦੇ ਪ੍ਰਤੀ ਸਕਾਰਾਤਮਿਕ ਸੰਕੇਤ ਦਿੱਤਾ ਸੀ।
ਗੌਰਤਲਬ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦੀ ਮੰਗ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 16 ਨਵੰਬਰ 2010 ਨੂੰ ਮਤਾ ਪਾਸ ਕੀਤਾ ਸੀ। ਪੰਜਾਬ ਵਿਧਾਨ ਸਭਾ ਨੇ 27 ਅਗਸਤ 2018 ਨੂੰ ਪਾਏ ਮਤੇ ਤੋਂ ਪਹਿਲਾਂ ਵੀ 5 ਅਕਤੂਬਰ 2010 ਨੂੰ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਲਾਂਘਾ ਖੋਲ੍ਹਣ ਦਾ ਮੁੱਦਾ ਪਾਕਿਸਤਾਨ ਸਰਕਾਰ ਨਾਲ ਉਠਾਉਣ ਦੀ ਅਪੀਲ ਕੀਤੀ ਸੀ।
Home Page ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹੇਗਾ ਪਾਕਿਸਤਾਨ, ਵੀਜ਼ਾ ਜ਼ਰੂਰੀ ਨਹੀਂ :...