ਨਵੀਂ ਦਿੱਲੀ, 10 ਨਵੰਬਰ – ਅੱਜ ਇੱਥੇ ਭਾਰਤ ਤੇ ਅਮਰੀਕਾ ਨੇ ਰੱਖਿਆ ਉਤਪਾਦਨ, ਅਹਿਮ ਖਣਜਿਾਂ ਤੇ ਉੱਚ ਤਕਨੀਕੀ ਖੇਤਰਾਂ ’ਚ ਸਹਿਯੋਗ ਵਧਾ ਕੇ ਆਪਣੀ ਆਲਮੀ ਰਣਨੀਤਕ ਭਾਈਵਾਲੀ ਦਾ ਵਿਸਤਾਰ ਕਰਨ ਲਈ ਵਿਆਪਕ ਚਰਚਾ ਕੀਤੀ ਜਿਸ ਵਿੱਚ ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਪੈਦਾ ਹੋ ਰਹੀ ਸਥਤਿੀ ਤੇ ਹਿੰਦ-ਪ੍ਰਸ਼ਾਂਤ ’ਚ ਚੀਨ ਦੇ ਜੰਗੀ ਸ਼ਕਤੀ ਪ੍ਰਦਰਸ਼ਨ ’ਤੇ ਧਿਆਨ ਕੇਂਦਰਤਿ ਕੀਤਾ ਗਿਆ। ਭਾਰਤ-ਅਮਰੀਕਾ ‘2+2’ ਵਿਦੇਸ਼ ਤੇ ਰੱਖਿਆ ਮੰਤਰੀ ਪੱਧਰੀ ਵਾਰਤਾ ਰੂਸ-ਯੂਕਰੇਨ ਜੰਗ ਤੇ ਪੱਛਮੀ ਏਸ਼ੀਆ ’ਚ ਹਮਾਸ ਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਵਧ ਰਹੀ ਭੂ-ਸਿਆਸੀ ਉਥਲ-ਪੁਥਲ ਵਿਚਾਲੇ ਹੋਈ ਹੈ। ਇਸ ਵਾਰਤਾ ’ਚ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕਾ ਦੇ ਵਿਦੇਸ਼ ਮਤਰੀ ਐਂਟਨੀ ਬਲਿੰਕਨ ਤੇ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕੀਤੀ ਜਦਕਿ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ।
ਜੈਸ਼ੰਕਰ ਨੇ ਟੈਲੀਵਜਿ਼ਨ ’ਤੇ ਪ੍ਰਸਾਰਤਿ ਟਿੱਪਣੀ ’ਚ ਕਿਹਾ ਕਿ ਇਹ ਗੱਲਬਾਤ ਇੱਕ ਭਵਿੱਖਮੁਖੀ ਭਾਈਵਾਲੀ ਅਤੇ ਇੱਕ ਸਾਂਝਾ ਆਲਮੀ ਏਜੰਡਾ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਨਜ਼ਰੀਏ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗੀ। ਬਲਿੰਕਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਵਿਚਾਲੇ ਮਜ਼ਬੂਤ ਭਾਈਵਾਲੀ ਹੈ ਅਤੇ ਦੋਵੇਂ ਧਿਰਾਂ ਭਵਿੱਖ ਵਿੱਚ ਪ੍ਰਭਾਵਸ਼ਾਲੀ ਹੋਣ ਵਾਲੇ ਮਾਮਲਿਆਂ ’ਤੇ ਵਿਚਾਰ-ਚਰਚਾ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਅਸੀਂ ਕੌਮਾਂਤਰੀ ਅਮਨ ਤੇ ਸੁਰੱਖਿਆ ਖੇਤਰ ’ਚ ਭਾਈਵਾਲੀ ਮਜ਼ਬੂਤ ਕਰ ਰਹੇ ਹਾਂ ਅਤੇ ਵਿਸ਼ੇਸ਼ ਤੌਰ ’ਤੇ ਨਿਯਮ ਆਧਾਰਤਿ ਪ੍ਰਬੰਧ ਨੂੰ ਉਤਸ਼ਾਹਤਿ ਕਰਨ, ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਆਜ਼ਾਦੀ ਦੇ ਸਿਧਾਂਤ ਬਣਾਏ ਰੱਖਣ ਲਈ ਕੰਮ ਕਰ ਰਹੇ ਹਾਂ। ਰੱਖਿਆ ਖੇਤਰ ’ਚ ਸਾਡਾ ਸਹਿਯੋਗ ਇਸ ਕੰਮ ਦਾ ਅਹਿਮ ਥੰਮ੍ਹ ਹੈ।’ ਬਲਿੰਕਨ ਨੇ ਕਿਹਾ, ‘ਅਸੀਂ ਜਪਾਨ ਤੇ ਆਸਟਰੇਲੀਆ ਨਾਲ ਕੁਆਡ ਰਾਹੀਂ ਆਪਣੀ ਭਾਈਵਾਲੀ ਮਜ਼ਬੂਤ ਕਰਨ ਸਮੇਤ ਕਈ ਕਦਮ ਚੁੱਕ ਕੇ ਇੱਕ ਆਜ਼ਾਦ ਤੇ ਖੁੱਲ੍ਹੇ, ਖੁਸ਼ਹਾਲ, ਸੁਰੱਖਿਆ ਤੇ ਲਚਕਦਾਰ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਤਿ ਕਰ ਰਹੇ ਹਾਂ।’
ਵਾਰਤਾ ਮਗਰੋਂ ਸਾਂਝੇ ਬਿਆਨ ਵਿੱਚ ਪਾਕਿਸਤਾਨ ਨੂੰ ਇੱਕ ਅਸਿੱਧਾ ਸੁਨੇਹਾ ਦਿੰਦਿਆਂ ਭਾਰਤ ਤੇ ਅਮਰੀਕਾ ਨੇ 26/11 ਦੇ ਮੁੰਬਈ ਹਮਲੇ ਅਤੇ ਪਠਾਨਕੋਟ ਹਮਲੇ ਦੀ ਨਿੰਦਾ ਦੁਹਰਾਈ ਤੇ ਅਪਰਾਧੀਆਂ ਨੂੰ ਨਿਆਂ ਦੇ ਘੇਰੇ ਅਧੀਨ ਲਿਆਉਣ ਦਾ ਸੱਦਾ ਦਿੱਤਾ। ਦੋਵਾਂ ਧਿਰਾਂ ਨੇ ਸਪੱਸ਼ਟ ਤੌਰ ’ਤੇ ਅਤਿਵਾਦ, ਅਤਿਵਾਦੀ ਸਮੂਹਾਂ ਦੀ ਵਰਤੋਂ ਤੇ ਅਤਿਵਾਦੀ ਸਮੂਹਾਂ ਨੂੰ ਫੌਜੀ ਤੇ ਵਿੱਤੀ ਮਦਦ ਦੀ ਨਿੰਦਾ ਕੀਤੀ। ਦੋਵਾਂ ਧਿਰਾਂ ਨੇ ਅਫਗਾਨਿਸਤਾਨ ਦੀ ਸਥਤਿੀ ’ਤੇ ਵਿਚਾਰ ਚਰਚਾ ਕੀਤੀ ਤੇ ਤਾਲਿਬਾਨ ਨੂੰ ਕਿਸੇ ਵੀ ਸਮੂਹ ਜਾਂ ਵਿਅਕਤੀ ਨੂੰ ਕਿਸੇ ਵੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਲਈ ਅਫਗਾਨਿਸਤਾਨ ਦੇ ਖੇਤਰ ਦੀ ਵਰਤੋਂ ਕਰਨ ਤੋਂ ਰੋਕਣ ਦੀ ਆਪਣੀ ਪ੍ਰਤੀਬੱਧਤਾ ਦਾ ਪਾਲਣ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਧਿਰਾਂ ਅਹਿਮ ਤਕਨੀਕੀ ਤੇ ਅਹਿਮ ਖਣਜਿਾਂ ਜਿਹੇ ਨਵੇਂ ਖੇਤਰਾਂ ’ਚ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਰਹੀਆਂ ਹਨ ਅਤੇ ਸਥਾਪਤ ਖੇਤਰਾਂ ’ਚ ਆਪਣਾ ਸਹਿਯੋਗ ਵਧਾ ਰਹੇ ਹਨ। ਉਨ੍ਹਾਂ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੇ ਸਤੰਬਰ ਮਹੀਨੇ ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਭਾਰਤ ਆਉਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੀ-20 ਸਿਖਰ ਸੰਮੇਲਨ ਦੇ ਉਸਾਰੂ ਨਤੀਜੇ ਯਕੀਨੀ ਬਣਾਉਣ ਵਿੱਚ ਰਾਸ਼ਟਰਪਤੀ ਬਾਇਡਨ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ, ‘ਅੱਜ ਦੀ ਗੱਲਬਾਤ ਸਾਡੇ ਆਗੂਆਂ ਦੇ ਨਜ਼ਰੀਏ ਨੂੰ ਅੱਗੇ ਵਧਾਉਣ ਦਾ ਮੌਕਾ ਦੇਵੇਗੀ। ਇਹ ਅਜਿਹੇ ਸਮੇਂ ਦੂਰਦਰਸ਼ੀ ਭਾਈਵਾਲੀ ਬਣਾਉਣ ਵਿੱਚ ਮਦਦ ਕਰੇਗੀ ਜਦੋਂ ਅਸੀਂ ਸਾਂਝਾ ਆਲਮੀ ਏਜੰਡਾ ਬਣਾ ਰਹੇ ਹਾਂ।’
Home Page ਭਾਰਤ-ਅਮਰੀਕਾ ‘2+2’ ਵਿਦੇਸ਼ ਤੇ ਰੱਖਿਆ ਮੰਤਰੀ ਪੱਧਰੀ ਵਾਰਤਾ ‘ਚ ਕੂਟਨੀਤਕ ਸਬੰਧਾਂ ਤੇ...