ਡੌਂਗੇ ਸਿਟੀ (ਕੋਰੀਆ), 24 ਮਈ – ਇੱਥੇ 20 ਮਈ ਨੂੰ ੫ਵੀਂ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਦੱਖਣੀ ਕੋਰੀਆ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ 1-0 ਨਾਲ ਹਰਾ ਕੇ ਟਰਾਫ਼ੀ ਆਪਣੇ ਨਾਂਅ ਕੀਤੀ। ਭਾਰਤੀ ਮਹਿਲਾ ਹਾਕੀ ਟੀਮ ਆਪਣੇ ਖ਼ਿਤਾਬ ਦਾ ਬਚਾਅ ਕਰਨ ਵਿੱਚ ਅਸਫਲ ਰਹੀ। ਦੱਖਣੀ ਕੋਰੀਆ ਲਈ ਇਕਲੌਤਾ ਫ਼ੈਸਲਾਕੁਨ ਜੇਤੂ ਗੋਲ ਯੌਂਗਸਿਲ ਲੀ ਨੇ 24ਵੇਂ ਮਿੰਟ ਵਿੱਚ ਕੀਤਾ।
ਦੱਖਣੀ ਕੋਰੀਆ ਨੇ ਤੀਜੀ ਵਾਰ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਜਿੱਤੀ ਹੈ। ਇਸ ਤੋਂ ਪਹਿਲਾਂ ਉਸ ਨੇ 2010 ਅਤੇ 2011 ਵਿੱਚ ਖ਼ਿਤਾਬ ਜਿੱਤਿਆ ਸੀ। ਭਾਰਤ ਦੂਜੀ ਵਾਰ ਉਪ ਜੇਤੂ ਰਿਹਾ। ਉਹ 2013 ਦੇ ਫਾਈਨਲ ਵਿੱਚ ਜਾਪਾਨ ਤੋਂ ਹਾਰ ਗਿਆ ਸੀ। ਭਾਰਤੀ ਫਾਰਵਰਡ ਵੰਦਨਾ ਕਟਾਰੀਆ ਨੂੰ ‘ਪਲੇਅਰ ਆਫ਼ ਦਿ ਟੂਰਨਾਮੈਂਟ’ ਚੁਣਿਆ ਗਿਆ, ਜਦੋਂ ਕਿ ਮੁਟਿਆਰ ਲਾਲਰੇਮਸਿਆਮੀ ਨੂੰ ‘ਅਪਕਮਿੰਗ ਪਲੇਅਰ ਆਫ਼ ਦਿ ਟੂਰਨਾਮੈਂਟ’ ਐਲਾਨਿਆ ਗਿਆ। ਫਾਰਵਰਡ ਨਵਨੀਤ ਕੌਰ ਅਤੇ ਵੰਦਨਾ ਕਟਾਰੀਆ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਕਾਰਨ ‘ਸਕੋਰਰ ਆਫ਼ ਦਿ ਟੂਰਨਾਮੈਂਟ’ ਬਣੀਆਂ। ਇਨ੍ਹਾਂ ਤੋਂ ਇਲਾਵਾ ਇਹ ਐਵਾਰਡ ਚੀਨ ਦੀ ਝਿਯੋਮਿੰਗ ਸੋਂਗ ਨੂੰ ਵੀ ਦਿੱਤਾ ਗਿਆ।
Hockey ਭਾਰਤ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ‘ਚ ਹਾਰਿਆ