ਨਵੀਂ ਦਿੱਲੀ, 24 ਸਤੰਬਰ – ਦਿੱਲੀ ਪੁਲੀਸ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਨਾਲ ਸਬੰਧਤ ਮਾਮਲੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਮਹਿਲਾ ਪਹਿਲਵਾਨਾਂ ਨੂੰ ਜਿਨਸੀ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਦਾ ਕਦੇ ਕੋਈ ਮੌਕਾ ਨਹੀਂ ਛੱਡਿਆ। ਕੋਰਟ ਨੇ ਹਾਲਾਂਕਿ ਬ੍ਰਿਜ ਭੂਸ਼ਨ ਨੂੰ ਇਸ ਕੇਸ ਵਿਚ ਪੇਸ਼ੀ ਤੋਂ ਇਕ ਦਿਨ ਦੀ ਛੋਟ ਦੇ ਦਿੱਤੀ ਹੈ। ਦਿੱਲੀ ਪੁਲੀਸ ਨੇ ਇਹ ਦਾਅਵਾ ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਦੀ ਰਾਊਜ਼ ਐਵੇਨਿਊ ਕੋਰਟ ਵਿੱਚ ਬੀਤੇ ਦਿਨ ਦਾਖਲ ਹਲਫ਼ਨਾਮੇ ਵਿੱਚ ਕੀਤਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਕੋਲ ਬ੍ਰਿਜ ਭੂਸ਼ਨ ਸਿੰਘ ਖਿਲਾਫ਼ ਕਾਫ਼ੀ ਸਬੂਤ ਮੌਜੂਦ ਹਨ। ਦਿੱਲੀ ਪੁਲੀਸ ਨੇ ਹਲਫ਼ਨਾਮੇ ਵਿੱਚ ਤਾਜਿਕਿਸਤਾਨ ਦੀਆਂ ਕੁਝ ਕਥਿਤ ਘਟਨਾਵਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਹ ਘਟਨਾਵਾਂ ਆਪਣੇ ਆਪ ਵਿਚ ਬੋਲਦੀਆਂ ਹਨ ਕਿ ਬ੍ਰਿਜ ਭੂਸ਼ਨ ਆਪਣੀਆਂ ਕੀਤੀਆਂ ਕਾਰਵਾਈਆਂ ਬਾਰੇ ਭਲੀਭਾਂਤ ਜਾਣੂ ਸੀ।
ਪੁਲੀਸ ਮੁਤਾਬਕ ਤਾਜ਼ਿਕਿਸਤਾਨ ਵਿੱਚ ਇਕ ਸਮਾਗਮ ਦੌਰਾਨ ਉਸ ਨੇ ਮਹਿਲਾ ਪਹਿਲਵਾਨ ਨੂੰ ਜਬਰੀ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮਗਰੋਂ ਆਪਣੀ ਇਸ ਕਾਰਵਾਈ ਨੂੰ ਇਹ ਕਹਿੰਦਿਆਂ ਤਰਕਸੰਗਤ ਦੱਸਿਆ ਕਿ ਉਹ ਤਾਂ ਮਹਿਲਾ ਪਹਿਲਵਾਨ ਦੇ ਪਿਤਾ ਵਾਂਗ ਹੈ। ਤਾਜ਼ਿਕਿਸਤਾਨ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਨਾਲ ਸਬੰਧਤ ਇਕ ਹੋਰ ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਕਿ ਬ੍ਰਿਜ ਭੂਸ਼ਨ ਨੇ ਮਹਿਲਾ ਪਹਿਲਵਾਨ ਦੀ ਪ੍ਰਵਾਨਗੀ ਤੋਂ ਬਗੈਰ ਉਸ ਨਾਲ ਛੇੜਛਾੜ ਕੀਤੀ। ਦਿੱਲੀ ਪੁਲੀਸ ਨੇ ਦਲੀਲ ਦਿੱਤੀ ਕਿ ਇਹ ਦੋਵੇਂ ਘਟਨਾਵਾਂ ਭਾਰਤ ਤੋਂ ਬਾਹਰ ਵਾਪਰੀਆਂ, ਪਰ ੲਿਸ ਕੇਸ ਲਈ ਪ੍ਰਸੰਗਿਕ ਹਨ। ਪੁਲੀਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗੱਲ ਇਹ ਨਹੀਂ ਹੈ ਕਿ ਪੀੜਤਾਂ ਨੇ ਘਟਨਾਵਾਂ ’ਤੇ ਪ੍ਰਤੀਕਿਰਿਆ ਦਿੱਤੀ ਜਾਂ ਨਹੀਂ ਬਲਕਿ ਗੱਲ ਇਹ ਹੈ ਕਿ ਉਨ੍ਹਾਂ ਨਾਲ ਗਲਤ ਹੋਇਆ ਹੈ। ਉਨ੍ਹਾਂ ਦਿੱਲੀ ਵਿੱਚ ਡਬਲਯੂਐੱਫਆਈ ਦੇ ਦਫ਼ਤਰ ’ਚ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਿਕਾਇਤਾਂ ਲਈ ਕੌਮੀ ਰਾਜਧਾਨੀ ਢੁੱਕਵਾਂ ਅਧਿਕਾਰ ਖੇਤਰ ਹੈ। ਕੇਸ ਦੀ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਕੇਸ ਦੀ ਪਿਛਲੀ ਸੁਣਵਾਈ ਦੌਰਾਨ ਪੁਲੀਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਬ੍ਰਿਜ ਭੂਸ਼ਨ ਖ਼ਿਲਾਫ਼ ਲਾਏ ਦੋਸ਼ਾਂ ਦੀ ਜਾਂਚ ਲਈ ਸਰਕਾਰ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਨੇ ਉਸ ਨੂੰ ਦੋਸ਼ ਮੁਕਤ ਕਰਾਰ ਨਹੀਂ ਦਿੱਤਾ ਸੀ।
Home Page ਭਾਰਤ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ...