ਭਾਰਤ ਕੌਮਾਂਤਰੀ ਭੁੱਖ ਸੂਚਕਾਂਕ 2022 ’ਚ 107ਵੇਂ ਸਥਾਨ ’ਤੇ

ਨਵੀਂ ਦਿੱਲੀ, 15 ਅਕਤੂਬਰ – ਕੌਮਾਂਤਰੀ ਭੁੱਖ ਸੂਚਕਾਂਕ 2022 ਵਿੱਚ ਭਾਰਤ ਦੀ ਸਥਿਤੀ ਹੋਰ ਖ਼ਰਾਬ ਹੋਈ ਹੈ ਅਤੇ ਉਹ 121 ਦੇਸ਼ਾਂ ਵਿੱਚੋਂ 107ਵੇਂ ਸਥਾਨ ਉੱਤੇ ਹੈ। 29.1 ਅੰਕਾਂ ਨਾਲ ਭਾਰਤ ਵਿੱਚ ਭੁੱਖ ਦਾ ਪੱਧਰ ‘ਗੰਭੀਰ’ ਹੈ। ਏਸ਼ੀਆ ’ਚ ਭਾਰਤ ਤੋਂ ਪਿੱਛੇ ਸਿਰਫ਼ ਅਫ਼ਗਾਨਿਸਤਾਨ ਹੈ ਅਤੇ ਉਹ 109ਵੇਂ ਸਥਾਨ ’ਤੇ ਹੈ।
ਗੁਆਂਢੀ ਦੇਸ਼ ਪਾਕਿਸਤਾਨ (99), ਬੰਗਲਾਦੇਸ਼ (84), ਨੇਪਾਲ (81) ਅਤੇ ਸ੍ਰੀਲੰਕਾ (64) ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹਨ। ਸਾਲ 2021 ਵਿੱਚ ਭਾਰਤ 116 ਦੇਸ਼ਾਂ ਵਿੱਚੋਂ 101ਵੇਂ, ਜਦਕਿ 2020 ਵਿੱਚ 94ਵੇਂ ਸਥਾਨ ’ਤੇ ਸੀ। ਦੂਜੇ ਪਾਸੇ ਭਾਰਤ ਦਾ ‘ਚਾਈਲਡ ਵੇਸਟਿੰਗ ਰੇਟ’ (ਕੱਦ ਮੁਤਾਬਕ ਘੱਟ ਭਾਰ) 19.3 ਫੀਸਦੀ ਹੈ, ਜੋ ਦੁਨੀਆ ਵਿੱਚ ਕਿਸੇ ਵੀ ਮੁਲਕ ’ਚ ਸਭ ਤੋਂ ਵੱਧ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਭੁੱਖ ਪ੍ਰਭਾਵਿਤ ਖੇਤਰ, ਦੱਖਣੀ ਏਸ਼ੀਆ ਵਿੱਚ ਬੱਚਿਆਂ ਦਾ ਕੱਦ ਛੋਟਾ ਹੋਣ ਦੀ ਦਰ (ਚਾਈਲਡ ਸਟੰਟਿੰਗ) ਸਭ ਤੋਂ ਵੱਧ ਹੈ। ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਬੱਚਿਆਂ ਦੀ ਸਟੰਟਿੰਗ ਦਰ 35 ਤੋਂ 38 ਪ੍ਰਤੀਸ਼ਤ ਵਿਚਾਲੇ ਹੈ। ਅਫਗਾਨਿਸਤਾਨ ਵਿੱਚ ਇਹ ਦਰ ਖੇਤਰ ’ਚ ਸਭ ਤੋਂ ਵੱਧ ਹੈ। ਭਾਰਤ ਵਿੱਚ ਕੁਪੋਸ਼ਣ ਦੀ ਦਰ 2018-2020 ਦੇ 14.6 ਫੀਸਦੀ ਦੇ ਮੁਕਾਬਲੇ ਵਧ ਕੇ 2019-2021 ਵਿੱਚ 16.3 ਫੀਸਦੀ ਹੋ ਗਈ ਹੈ। ਇਸਦਾ ਅਰਥ ਹੈ ਕਿ ਵਿਸ਼ਵ ਪੱਧਰ ‘ਤੇ ਕੁੱਲ 828 ਮਿਲੀਅਨ ਲੋਕਾਂ ਵਿੱਚੋਂ ਭਾਰਤ ਵਿੱਚ 224.3 ਮਿਲੀਅਨ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ।