ਨਵੀਂ ਦਿੱਲੀ, 18 ਜੂਨ – ਪੂਰਬੀ ਲੱਦਾਖ਼ ‘ਚ ਪੈਂਦੀ ਗਲਵਾਨ ਘਾਟੀ ‘ਚ 15 ਜੂਨ ਦਿਨ ਸੋਮਵਾਰ ਰਾਤ ਨੂੰ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ‘ਚ ਭਾਰਤੀ ਫ਼ੌਜ ਦੇ 1 ਕਰਨਲ ਸਮੇਤ 20 ਫ਼ੌਜੀ ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਚੀਨ ਦੇ ਵੀ 43 ਫ਼ੌਜੀਆਂ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ।
ਸਰਹੱਦ ‘ਤੇ 5 ਹਫ਼ਤਿਆਂ ਤੋਂ ਚੱਲ ਰਹੇ ਤਾਜ਼ਾ ਤਣਾਅ ਵਿਚਾਲੇ 45 ਸਾਲ ਬਾਅਦ ਅਜਿਹੀ ਹਿੰਸਕ ਘਟਨਾ ਵਾਪਰੀ ਹੈ। ਪਹਿਲਾਂ ਇਕ ਅਧਿਕਾਰੀ ਸਮੇਤ 3 ਜਵਾਨ ਸ਼ਹੀਦ ਹੋ ਗਏ ਸਨ, ਪਰ ਬਾਅਦ ‘ਚ ਝੜਪਾਂ ‘ਚ ਗੰਭੀਰ ਜ਼ਖ਼ਮੀ ਹੋਏ 17 ਹੋਰ ਜਵਾਨਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜਿਸ ਨਾਲ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਗਿਣਤੀ 20 ਹੋ ਗਈ। ਚੀਨੀ ਮੀਡੀਆ ਨੇ ਦੱਸਿਆ ਕਿ ਇਸ ਦੌਰਾਨ ਕੋਈ ਗੋਲੀ ਨਹੀਂ ਚੱਲੀ, ਬਲ ਕਿ ਇਹ ਇਕ ਦੂਸਰੇ ‘ਤੇ ਹੱਥਾਂ ਦੁਆਰਾ ਕੀਤਾ ਗਿਆ ਹਮਲਾ ਸੀ। ਰਿਪੋਰਟ ‘ਚ ਦੱਸਿਆ ਕਿ ਇਹ ਘਟਨਾ ਚੀਨ-ਭਾਰਤੀ ਸਰਹੱਦ ‘ਤੇ ਅਸਲ ਕੰਟਰੋਲ ਰੇਖਾ ‘ਤੇ 15 ਜੂਨ ਨੂੰ ਵਾਪਰੀ। ਭਾਰਤੀ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਲ 1975 ਤੋਂ ਬਾਅਦ ਇਹ ਅਜਿਹੀ ਪਹਿਲੀ ਘਟਨਾ ਵਾਪਰੀ ਹੈ, ਜਿਸ ‘ਚ ਭਾਰਤੀ ਜਵਾਨ ਸ਼ਹੀਦ ਹੋ ਗਏ। 1975 ਨੂੰ ਅਰੁਣਾਚਲ ਪ੍ਰਦੇਸ਼ ਦੇ ਤੁਲੁੰਗ ਲਾ ‘ਚ ਭਾਰਤ-ਚੀਨੀ ਫ਼ੌਜੀਆਂ ‘ਚ ਝੜਪ ਹੋਈ ਸੀ, ਜਿਸ ‘ਚ 4 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ‘ਚ ਦੁਵੱਲੇ ਪਾਸਿਓ ਕੋਈ ਗੋਲੀਬਾਰੀ ਨਹੀਂ ਹੋਈ। ਦੱਸਿਆ ਜਾ ਰਿਹਾ ਕਿ ਇਹ ਹਿੰਸਕ ਝੜਪ ਉਸ ਸਮੇਂ ਵਾਪਰੀ ਜਦੋਂ ਗਲਵਾਨ ਘਾਟੀ ‘ਚ ਤਣਾਅ ਘਟਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ।
ਲੱਦਾਖ ਦੇ ਸ਼ਹੀਦਾਂ ‘ਚ ਪੰਜਾਬ ਦੇ 4 ਜਵਾਨ ਸ਼ਾਮਲ
ਭਾਰਤ-ਚੀਨ ਦੀ ਲੱਦਾਖ ਸਰਹੱਦ ‘ਤੇ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਭਾਰਤ ਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਪੰਜਾਬ ਦੇ 4 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਵਿੱਚ ਚੀਮਾ ਮੰਡੀ ਨੇੜਲੇ ਪਿੰਡ ਤੋਲਾਵਾਲ ਦਾ ਗੁਰਵਿੰਦਰ ਸਿੰਘ, ਪਟਿਆਲਾ ਨੇੜਲੇ ਪਿੰਡ ਸੀਲ ਦਾ ਮਨਦੀਪ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਜਰਾਜ ਦਾ ਸਤਨਾਮ ਸਿੰਘ ਅਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ ਸ਼ਾਮਲ ਹਨ। ਜਵਾਨਾਂ ਦੇ ਸ਼ਹੀਦ ਹੋਣ ਸਬੰਧੀ ਸੂਚਨਾ 17 ਜੂਨ ਨੂੰ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਮਗਰੋਂ ਪਿੰਡਾਂ ਵਿੱਚ ਮਾਤਮ ਛਾ ਗਿਆ।
Home Page ਭਾਰਤ-ਚੀਨੀ ਸੈਨਿਕਾਂ ਦੀ ਝੜਪਾਂ ਵਿੱਚ 20 ਫ਼ੌਜੀ ਜਵਾਨ ਸ਼ਹੀਦ, ਜਿਨ੍ਹਾਂ ‘ਚ ਪੰਜਾਬ...