ਅਮਰੀਕਾ ਚੁਰਾਹੇ ‘ਤੇ ਖੜ੍ਹਾ ਹੈ – ਸਿਹਤ ਮਾਹਿਰ
ਵਾਸ਼ਿੰਗਟਨ 26 ਜੂਨ (ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਬੁੱਧਵਾਰ ਨੂੰ ਕੋਰੋਨਾਵਾਇਰਸ ਨਾਲ ਪੀੜਤ ਆਏ ਰਿਕਾਰਡ 38115 ਮਾਮਲਿਆਂ ਤੋਂ ਬਾਅਦ ਇਸ ਤੋਂ ਅਗਲੇ ਦਿਨ ਵੀਰਵਾਰ ਨੂੰ 39327 ਨਵੇਂ ਮਰੀਜ਼ ਆਉਣ ਨਾਲ ਅਮਰੀਕਾ ਦੀ ਚਿੰਤਾ ਵਧ ਗਈ ਹੈ। 2 ਦਿਨਾਂ ਵਿੱਚ ਰਿਕਾਰਡ 77442 ਨਵੇਂ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਏ ਹਨ। ਜ਼ਿਆਦਾ ਨਵੇਂ ਮਰੀਜ਼ ਟੈਕਸਸ, ਅਲਬਾਮਾ, ਮਿਸੂਰੀ, ਉਹੀਓ ਤੇ ਨਵਾਡਾ ਵਿੱਚ ਆਏ ਹਨ। ਟੈਕਸਸ ਵਿੱਚ ਵੀਰਵਾਰ ਨੂੰ 5996 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਬੁੱਧਵਾਰ ਨੂੰ ਇੱਥੇ 5551 ਮਾਮਲੇ ਦਰਜ ਹੋਏ ਸਨ। ਉਹੀਓ ਵਿੱਚ ਬੁੱਧਵਾਰ ਨੂੰ 632 ਨਵੇਂ ਮਾਮਲੇ ਆਏ ਸਨ ਜਦ ਕਿ ਵੀਰਵਾਰ ਨੂੰ 892 ਨਵੇਂ ਮਰੀਜ਼ ਆਏ। ਹੁਣ ਤੱਕ ਅਮਰੀਕਾ ਵਿੱਚ ਮੌਤਾਂ ਦੀ ਗਿਣਤੀ 1,26,780 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 25,04,588 ਹੋ ਗਈ ਹੈ। ਇਨ੍ਹਾਂ ਵਿਚੋਂ 10,52,293 ਮਰੀਜ਼ ਠੀਕ ਹੋਏ ਹਨ। ਇਸ ਦਰਮਿਆਨ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵਿੱਚ ਤਾਇਨਾਤ ਲਾਗ ਦੀਆਂ ਬਿਮਾਰੀਆਂ ਸਬੰਧੀ ਚੋਟੀ ਦੇ ਮਾਹਿਰ ਡਾ. ਐਨਥਨੀ ਫੌਕੀ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਦੋ ਹਫ਼ਤੇ ਸਾਡੇ ਲਈ ਬਹੁਤ ਅਹਿਮ ਹਨ। ਇਸ ਵਕਤ ਅਸੀਂ ਚੌਰਾਹੇ ‘ਤੇ ਖੜ੍ਹੇ ਹਾਂ। ਦੋ ਹਫ਼ਤਿਆਂ ਬਾਅਦ ਪਤਾ ਲੱਗੇਗਾ ਕਿ ਸਥਿਤੀ ਕਿਧਰ ਨੂੰ ਮੋੜ ਕੱਟੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਅੱਧਾ ਅਮਰੀਕਾ ਕੋਵਿਡ-19 ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਜੱਦੋਜਹਿਦ ਕਰ ਰਿਹਾ ਹੈ।
Home Page 2 ਦਿਨਾਂ ਵਿੱਚ ਆਏ ਰਿਕਾਰਡ 77442 ਨਵੇਂ ਮਰੀਜ਼ਾਂ ਨੇ ਅਮਰੀਕਾ ਦੀ ਚਿੰਤਾ...