ਨਵੀਂ ਦਿੱਲੀ, 21 ਮਈ – ਕੇਂਦਰ ਸਰਕਾਰ ਨੇ ਅੱਜ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ-ਡੀਜ਼ਲ ਤੋਂ ਐਕਸਾਈਜ਼ ਡਿਊਟੀ (ਆਬਕਾਰੀ ਡਿਊਟੀ) ਘਟਾ ਦਿੱਤੀ ਹੈ। ਇਸ ਨਾਲ ਪੈਟਰੋਲ ਹੁਣ 9.5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 7 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਬਾਰੇ ਟਵੀਟ ਕਰਦਿਆਂ ਕਿਹਾ ਕਿ ਪੈਟਰੋਲ ‘ਤੇ ਕੇਂਦਰੀ ਐਕਸਾਈਜ਼ ਡਿਊਟੀ 8 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਉੱਤੇ 6 ਰੁਪਏ ਪ੍ਰਤੀ ਲੀਟਰ ਘਟਾਈ ਜਾ ਰਹੀ ਹੈ। ਸੀਤਾਰਾਮਨ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਪ੍ਰਤੀ ਸਾਲ ਕਰੀਬ ਇਕ ਲੱਖ ਕਰੋੜ ਰੁਪਏ ਦਾ ਮਾਲੀ ਘਾਟਾ ਸਹਿਣਾ ਪਵੇਗਾ। ਕੇਂਦਰੀ ਮੰਤਰੀ ਨੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸੇ ਤਰ੍ਹਾਂ ਦੀ ਛੋਟ ਲੋਕਾਂ ਨੂੰ ਦੇਣ, ਖ਼ਾਸ ਤੌਰ ‘ਤੇ ਜਿਨ੍ਹਾਂ ਪਿਛਲੇ ਗੇੜ (ਨਵੰਬਰ 2021) ਵਿੱਚ ਅਜਿਹਾ ਕੱਟ ਨਹੀਂ ਲਾਇਆ ਸੀ, ਉਹ ਹੁਣ ਲਾਉਣ। ਦੱਸਣਯੋਗ ਹੈ ਕਿ ਨਵੰਬਰ 2021 ਤੋਂ ਬਾਅਦ ਕਰੀਬ 25 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵੈਟ ਘਟਾਇਆ ਸੀ। ਇਸ ਤੋਂ ਬਾਅਦ ਰਿਕਾਰਡ 137 ਦਿਨਾਂ ਤੱਕ ਸਰਕਾਰੀ ਤੇਲ ਕੰਪਨੀਆਂ ਨੇ ਤੇਲ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ। ਇਸ ਤੋਂ ਬਾਅਦ 22 ਮਾਰਚ ਤੋਂ ਕੀਮਤਾਂ ਲਗਾਤਾਰ 16 ਦਿਨ ਤੱਕ ਵਧਦੀਆਂ ਰਹੀਆਂ। ਦਿੱਲੀ ਵਿੱਚ ਹੁਣ ਭਲਕ ਤੋਂ ਪੈਟਰੋਲ 95.91 ਰੁਪਏ ਪ੍ਰਤੀ ਲੀਟਰ ਮਿਲੇਗਾ ਜਦੋਂ ਕਿ ਅੱਜ ਇਹ 105.41 ਰੁਪਏ ਪ੍ਰਤੀ ਲੀਟਰ ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 89.67 ਰੁਪਏ ਪ੍ਰਤੀ ਲੀਟਰ ਹੋਵੇਗੀ ਜੋ ਕਿ ਅੱਜ ਤੱਕ 96.67 ਰੁਪਏ ਪ੍ਰਤੀ ਲੀਟਰ ਸੀ। ਵਿੱਤ ਮੰਤਰੀ ਨੇ ਨਾਲ ਹੀ ਕਿਹਾ ਕਿ ਇਸ ਸਾਲ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 200 ਰੁਪਏ ਪ੍ਰਤੀ ਗੈੱਸ ਸਿਲੰਡਰ (12 ਸਿਲੰਡਰਾਂ ਤੱਕ) ਦੀ ਸਬਸਿਡੀ ਦੇਵੇਗੀ। ਦੱਸਣਯੋਗ ਹੈ ਕਿ ਦਿੱਲੀ ਵਿੱਚ ਇਸ ਵੇਲੇ 14.2 ਕਿੱਲੋਗ੍ਰਾਮ ਦਾ ਐਲਪੀਜੀ ਸਿਲੰਡਰ 1003 ਰੁਪਏ ਦਾ ਮਿਲ ਰਿਹਾ ਹੈ। ਉੱਜਵਲਾ ਯੋਜਨਾ ਤਹਿਤ ਜਿਨ੍ਹਾਂ ਮਹਿਲਾ ਲਾਭਪਾਤਰੀਆਂ ਨੂੰ ਮੁਫ਼ਤ ਕੁਨੈਕਸ਼ਨ ਮਿਲਦਾ ਹੈ, ਉਨ੍ਹਾਂ ਨੂੰ ਹੁਣ ਬੈਂਕ ਖਾਤੇ ਵਿੱਚ 200 ਰੁਪਏ ਦੀ ਸਬਸਿਡੀ ਮਿਲੇਗੀ ਤੇ ਸਿਲੰਡਰ 803 ਰੁਪਏ ਵਿੱਚ ਪਏਗਾ। ਮੰਤਰੀ ਨੇ ਕਿਹਾ ਕਿ ਸਰਕਾਰ ਕੱਚੇ ਮਾਲ ਤੇ ਪਲਾਸਟਿਕ ਉਤਪਾਦਾਂ ਨਾਲ ਸਬੰਧਿਤ ਕਸਟਮ ਡਿਊਟੀ ਉੱਤੇ ਵੀ ਰਾਹਤ ਦੇਣ ਜਾ ਰਹੀ ਹੈ। ਸਟੀਲ ਨਾਲ ਜੁੜੇ ਕੱਚੇ ਮਾਲ ਉੱਤੇ ਵੀ ਰਾਹਤ ਦਿੱਤੀ ਜਾਵੇਗੀ ਤੇ ਦਰਾਮਦ ਡਿਊਟੀ ਘਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੀਮਿੰਟ ਦੀ ਕੀਮਤ ਘਟਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ।
ਉੱਧਰ ਕਾਂਗਰਸ ਨੇ ਪੈਟਰੋਲ ਤੇ ਡੀਜ਼ਲ ਉੱਤੇ ਆਬਕਾਰੀ ਡਿਊਟੀ ਵਿੱਚ ਕਟੌਤੀ ਦੇ ਐਲਾਨ ਤੋਂ ਬਾਅਦ ਅੱਜ ਕਿਹਾ ਕਿ ‘ਸਰਕਾਰ ਅੰਕੜਿਆਂ ਵਿੱਚ ਹੇਰ-ਫੇਰ’ ਕਰਕੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਨੂੰ ‘ਅੰਕੜਿਆਂ ਦੀ ਬਾਜ਼ੀਗਰੀ’ ਕਰਨ ਦੀ ਬਜਾਏ ਪੈਟਰੋਲ ਤੇ ਡੀਜ਼ਲ ਉੱਤੇ ਐਕਸਾਈਜ਼ ਡਿਊਟੀ ਨੂੰ ਯੂਪੀਏ ਸਰਕਾਰ ਦੇ ਸਮੇਂ ਦੇ ਪੱਧਰ ਉੱਤੇ ਲਿਆਉਣਾ ਚਾਹੀਦਾ ਹੈ। ਸੁਰਜੇਵਾਲਾ ਨੇ ਕਿਹਾ ਕਿ ਵਿੱਤ ਮੰਤਰੀ ਲੋਕਾਂ ਨੂੰ ਬੇਵਕੂਫ਼ ਨਾ ਬਣਾਉਣ।
Home Page ਭਾਰਤ ‘ਚ ਪੈਟਰੋਲ ਅਤੇ ਡੀਜ਼ਲ ਹੋਏ ਸਸਤੇ, ਕੇਂਦਰ ਨੇ ਐਕਸਾਈਜ਼ ਡਿਊਟੀ ਘਟਾਈ