ਮਾਲੱਕਾ – ਇੱਥੇ ਹੋ ਰਹੇ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ‘ਚ ਪਿਛਲੇ ਦੋ ਵਾਰ ਦੀ ਜੇਤੂ ਭਾਰਤੀ ਜੂਨੀਅਰ ਹਾਕੀ ਟੀਮ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੇਜ਼ਬਾਨ ਮਲੇਸ਼ੀਆ ਨੇ 2-0 ਨਾਲ ਹਰਾ ਕੇ ਖ਼ਿਤਾਬ ਦੀ ਦੌੜ ਤੋਂ ਬਾਹਰ ਕਰ ਦਿੱਤਾ ਹੈ। ਮੈਚ ਦੇ ਪਹਿਲੇ ਅੱਧ ਵਿੱਚ ਅੱਧੇ ਸਕੋਰ ਜ਼ੀਰੋ-ਜ਼ੀਰੋ ਸੀ ਪਰ ਦੂਕੇ ਅੱਧ ਵਿੱਚ ਮੇਜ਼ਬਾਨ ਮਲੇਸ਼ੀਆ ਨੇ 2 ਗੋਲ ਕਰਕੇ ਭਾਰਤ ਦਾ ਇਸ ਵਾਰ ਵੀ ਫਾਈਨਲ ਖੇਡਣ ਦੇ ਨਾਲ ਤਿਜੀ ਵਾਰ ਏਸ਼ੀਆ ਕੱਪ ਜਿੱਤਣ ਦਾ ਸੁਪਨਾ ਚੂਰ-ਚੂਰ ਕਰ ਦਿੱਤਾ। ਭਾਰਤੀ ਜੂਨੀਅਰ ਹਾਕੀ ਟੀਮ ਮਿਲੇ ਮੌਕਿਆਂ ਦਾ ਸਮੇਂ ਸਿਰ ਲਾਭ ਨਹੀਂ ਚੁੱਕ ਸਕੀ। ਜ਼ਿਕਰਯੋਗ ਹੈ ਕਿ ਮਲੇਸ਼ੀਆ ਨੇ 1992 ਤੋਂ ਬਾਅਦ ਪਹਿਲੀ ਵਾਰ ਫਾਈਨਲ ‘ਚ ਥਾਂ ਬਣਾਈ ਹੈ। ਮੇਜ਼ਬਾਨ ਮਲੇਸ਼ੀਆ ਦੀ ਜੂਨੀਅਰ ਹਾਕੀ ਟੀਮ ਨੇ 1992 ਦੇ ਸੈਮੀਫਾਈਨਲ ‘ਚ ਭਾਰਤ ਨੂੰ ਹਰਾਇਆ ਸੀ।
ਦੱਸਣਾ ਬਣਦਾ ਹੈ ਕਿ ਭਾਰਤੀ ਹਾਕੀ ਟੀਮ ਦੇ ਸਿਤਾਰੇ ਅੱਜ ਕੱਲ ਢਿੱਲੇ ਹੀ ਚੱਲ ਰਹੇ ਹਨ ਕਿਉਂਕਿ ਉਲੰਪਿਕਸ ਲਈ ਕੁਆਲੀਫਾਈ ਕਰਨ ਤੋਂ ਬਾਅਦ ਇੰਗਲੈਂਡ ਵਿੱਚ ਹੋਏ 4 ਦੇਸ਼ਾਂ ਦੇ ਟੂਰਨਾਮੈਂਟ ਵਿੱਚ ਪੁਰਸ਼ਾ ਦੀ ਸੀਨਿਅਰ ਹਾਕੀ ਟੀਮ ਚੌਥੇਂ ਨੰਬਰ ਉਪਰ ਹੀ ਰਹੀ ਉਹ ਮੇਜ਼ਬਾਨ ਇੰਗਲੈਡ, ਆਸਟਰੇਲੀਆ ਤੇ ਜਰਮਨੀ ਤੋਂ ਹਾਰੀ ਤੇ ਹੁਣ ਪੁਰਸ਼ਾ ਦੀ ਜੂਨੀਅਰ ਹਾਕੀ ਟੀਮ ਸੈਮੀਫਾਈਨਲ ਵਿੱਚ ਮੇਜ਼ਬਾਨ ਮਲੇਸ਼ੀਆ ਤੋਂ ਹਾਰ ਗਈ। ਇਹ ਹੀ ਨਹੀਂ ਮਹਿਲਾ ਹਾਕੀ ਟੀਮ ਦੇ ਵੀ ਦਿਨ ਮਾੜੇ ਚੱਲ ਰਹੇ ਹਨ ਪਹਿਲਾਂ ਆਪਣੇ ਹੀ ਦੇਸ਼ ਵਿੱਚ ਹੋਏ ਉਲੰਪਿਕਸ ਕੁਆਲੀਫਾਈ ਟੂਰਨਾਮੈਂਟ ਦੇ ਫਾਈਨ ਵਿੱਚ ਹਾਰ ਗਈ ਅਤੇ ਉਲੰਪਿਕਸ ਲਈ ਕੁਆਲੀਫਾਈ ਕਰਨ ਤੋਂ ਬਾਂਝੀ ਰਹਿ ਗਈ ਤੇ ਪਿਛਲੇ ਮਹੀਨੇ ਨਿਉਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਹੋਏ 4 ਦੇਸ਼ਾਂ ਦੇ ਦੋਹਰੇ ਗੇੜ ਦੇ ਟੂਰਨਾਮੈਂਟ ਵਿੱਚ ਪਹਿਲੇ ਗੇੜ ਵਿੱਚ ਆਖਰੀ ਚੌਥੇ ਤੇ ਦੂਜੇ ਗੇੜ ਵਿੱਚ ਤਿਜੇ ਸਥਾਨ ‘ਤੇ ਰਹੀ। ਇਸ ਤਰ੍ਹਾਂ ਭਾਰਤੀ ਹਾਕੀ ਦੇ ਮਾੜੇ ਦਿਨ ਹਾਲੇ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੇ। ਬਾਕੀ ਆਸਾਂ ਹੁਣ 27 ਜੁਲਾਈ ਤੋਂ ਲੰਡਨ ਵਿਖੇ ਹੋਣ ਵਾਲੀਆਂ ਉਲੰਪਿਕਸ ਖੇਡਾਂ ‘ਤੇ ਟਿਕੀਆਂ ਹਨ ਹੋ ਸਕਦਾ ਉਸ ਵਿੱਚ ਭਾਰਤੀ ਟੀਮ ਕੁੱਝ ਵੱਖਰਾ ਹੀ ਕਰ ਵਿਖਾਵੇ।