‘ਭਾਰਤ ਜੋੜੋ ਯਾਤਰਾ’: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਤਿਰੰਗਾ ਝੰਡਾ ਫਹਿਰਾਇਆ

ਸ੍ਰੀਨਗਰ, 29 ਜਨਵਰੀ – ‘ਭਾਰਤ ਜੋੜੋ ਯਾਤਰਾ’ ਦੇ ਆਖਰੀ ਪੜਾਅ ਤਹਿਤ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸ੍ਰੀਨਗਰ ਦੇ ਇਤਿਹਾਸਕ ਲਾਲ ਚੌਕ ਵਿੱਚ ਤਿਰੰਗਾ ਝੰਡਾ ਫਹਿਰਾ ਦਿੱਤਾ ਹੈ। ਇਸ ਮੌਕੇ ਰਾਸ਼ਟਰ ਗਾਣ ਵੀ ਗਾਇਆ ਗਿਆ। ਰਾਹੁਲ ਵੱਲੋਂ ਤਿਰੰਗਾ ਫਹਿਰਾਏ ਜਾਣ ਮੌਕੇ ਲਾਲ ਚੌਕ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਇਸ ਮੌਕੇ ਰਾਹੁਲ ਦੇ ਨਾਲ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਤੇ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ। ਦੱਸ ਦੇਈਏ ਕਿ ਰਾਹੁਲ ਗਾਂਧੀ ਵੱਲੋਂ ਪਹਿਲਾਂ ਲਾਲ ਚੌਕ ਵਿੱਚ 30 ਜਨਵਰੀ ਨੂੰ ਤਿਰੰਗਾ ਝੰਡਾ ਫਹਿਰਾਉਣਾ ਸੀ, ਪਰ ਚਾਣਚੱਕ ਪਾਰਟੀ ਨੇ ਪ੍ਰੋਗਰਾਮ ਵਿੱਚ ਫੇਰਬਦਲ ਕਰ ਦਿੱਤਾ।
ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ‘ਭਾਰਤ ਜੋੜੋ’ ਯਾਤਰਾ ਹੁਣ ਭਲਕੇ 30 ਜਨਵਰੀ ਨੂੰ ਸੋਮਵਾਰ ਨੂੰ ਸ੍ਰੀਨਗਰ ਵਿੱਚ ਵੱਡੀ ਰੈਲੀ ਨਾਲ ਰਸਮੀ ਤੌਰ ’ਤੇ ਸਮਾਪਤ ਹੋਵੇਗੀ। ਇਸ ਰੈਲੀ ਵਿੱਚ ਵਿਰੋਧੀ ਧਿਰਾਂ ਦੇ 23 ਆਗੂਆਂ ਨੂੰ ਸੱਦਾ ਭੇਜਿਆ ਗਿਆ ਹੈ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ’ ਯਾਤਰਾ ਐਤਵਾਰ ਨੂੰ ਆਪਣੇ ਆਖਰੀ ਪੜਾਅ ਤਹਿਤ ਸ੍ਰੀਨਗਰ ਦੇ ਪੰਥਾਚੌਕ ਤੋਂ ਅੱਗੇ ਵਧੀ। ਸਫੇਦ ਟੀ-ਸ਼ਰਟ ਪਾਈ ਰਾਹੁਲ ਗਾਂਧੀ ਨੇ ਆਪਣੀ ਭੈਣ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧਖੀ ਨਾਲ 11 ਵਜੇ ਦੇ ਕਰੀਬ ਪੈਦਲ ਯਾਤਰਾ ਸ਼ੁਰੂ ਕੀਤੀ। ਇਸ ਦੌਰਾਨ ਕੌਮੀ ਝੰਡਾ ਤੇ ਕਾਂਗਰਸ ਦਾ ਝੰਡਾ ਫੜੀ ਕਾਂਗਰਸ ਦੇ ਹਜ਼ਾਰਾਂ ਸਮਰਥਕ ਵੀ ਉਨ੍ਹਾਂ ਦੇ ਨਾਲ ਚਲਦੇ ਨਜ਼ਰ ਆਏ। ਯਾਤਰਾ 7 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਸ੍ਰੀਨਗਰ ਦੇ ਸੋਨਵਾਰ ਇਲਾਕੇ ਵਿੱਚ ਪਹੁੰਚੀ, ਜਿੱਥੇ ਕੁਝ ਦੇਰ ਅਰਾਮ ਕਰਨ ਤੋਂ ਬਾਅਦ ਰਾਹੁਲ ਤੇ ਪ੍ਰਿਯੰਮਾ ਲਾਲ ਚੌਕ ਸਿਟੀ ਸੈਂਟਰ ਲਈ ਰਵਾਨਾ ਹੋ ਗਏ।
ਰਾਹੁਲ ਗਾਂਧੀ ਸੋਮਵਾਰ ਨੂੰ ਸ੍ਰੀਨਗਰ ਦੇ ਐੱਮਏ ਰੋਕ ਸਥਿਤ ਪਾਰਟੀ ਹੈੱਡਕੁਆਰਟਰ ’ਤੇ ਤਿਰੰਗਾ ਫਹਿਰਾਉਣਗੇ, ਜਿਸ ਮਗਰੋਂ ਐੱਸ.ਕੇ.ਸਟੇਡੀਅਮ ਵਿੱਚ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਵਿਰੋਧੀ ਪਾਰਟੀਆਂ ਦੇ 23 ਆਗੂਆਂ ਨੂੰ ਸੱਦਾ ਭੇਜਿਆ ਗਿਆ ਹੈ।