ਫਾਈਨਲ 15 ਦਸੰਬਰ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ
ਬਠਿੰਡਾ/ਚੰਡੀਗੜ੍ਹ, 12 ਦਸੰਬਰ – ਬਠਿੰਡਾ ਦਾ ਮਲਟੀਪਰਪਜ਼ ਖੇਡ ਸਟੇਡੀਅਮ ਸਦੀ ਦੀ ਇਤਿਹਾਸ ਤਰੀਕ 12.12.12 ਨੂੰ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਪੁਰਸ਼ ਤੇ ਮਹਿਲਾ ਦੋਵੇਂ ਵਰਗਾਂ ਦੇ ਗਹਿਗੱਚ ਸੈਮੀ ਫਾਈਨਲ ਮੁਕਾਬਲਿਆਂ ਦਾ ਗਵਾਹ ਬਣਾਇਆ। ਪੁਰਸ਼ ਵਰਗ ਦੇ ਫਾਈਨਲ ਵਿੱਚ ਭਾਰਤ ਨੇ ਇਰਾਨ ਨੂੰ 72-23 ਤੇ ਪਾਕਿਸਤਾਨ ਨੇ ਕੈਨੇਡਾ ਨੂੰ 53-27 ਹਰਾਇਆ ਜਦੋਂ ਕਿ ਮਹਿਲਾ ਵਰਗ ਦੇ ਸੈਮੀ ਫਾਈਨਲਾਂ ਵਿੱਚ ਭਾਰਤ ਨੇ ਇੰਗਲੈਂਡ ਨੂੰ 56-7 ਤੇ ਮਲੇਸ਼ੀਆ ਨੇ ਡੈਨਮਾਰਕ ਨੂੰ 41-25 ਨਾਲ ਹਰਾਇਆ।
ਭਾਰਤੀ ਪੁਰਸ਼ ਟੀਮ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜੀ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਫਾਈਨਲ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 15 ਦਸੰਬਰ ਨੂੰ ਖੇਡਿਆ ਜਾਵੇਗਾ ਜਦੋਂ ਕਿ ਮਹਿਲਾ ਵਰਗ ਦਾ ਫਾਈਨਲ ਭਲਕੇ 13 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਭਾਰਤ ਤੇ ਮਲੇਸ਼ੀਆ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਇਸ ਤੋ ਇਲਾਵਾ ਪੁਰਸ਼ ਵਰਗ ਵਿੱਚ ਇਰਾਨ ਤੇ ਕੈਨੇਡਾ ਅਤੇ ਮਹਿਲਾ ਵਰਗ ਵਿੱਚ ਇੰਗਲੈਂਡ ਤੇ ਡੈਨਮਾਰਕ ਵਿਚਾਲੇ ਤੀਜੇ ਸਥਾਨ ਲਈ ਮੈਚ ਖੇਡਿਆ ਜਾਵੇਗਾ।
ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਇਰਾਨ ਦੇ ਖੇਡ ਮੰਤਰੀ ਡਾ. ਮੁਹੰਮਦ ਅੱਬਾਸੀ ਨੇ ਭਾਰਤ ਤੇ ਇਰਾਨ ਦੀਆਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਮੈਚ ਦੀ ਰਸਮੀ ਸ਼ੁਰੂਆਤ ਕੀਤੀ। ਸ. ਬਾਦਲ ਨੇ ਸੈਮੀ ਫਾਈਨਲ ਵਿੱਚ ਸਰਵੋਤਮ ਪ੍ਰਦਰਸ਼ਨ ਦਿਖਾਉਣ ਵਾਲੀ ਭਾਰਤੀ ਖਿਡਾਰਨ ਅਨੂ ਰਾਣੀ ਨੂੰ ੫੧ ਹਜ਼ਾਰ ਦਾ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ।
ਪੁਰਸ਼ ਵਰਗ
ਇਰਾਨ ਨੂੰ ਹਰਾ ਕੇ ਖਿਤਾਬੀ ਹੈਟ੍ਰਿਕ ਵੱਲ ਕਦਮ ਵਧਾਏ ਭਾਰਤ
ਪੁਰਸ਼ ਵਰਗ ਦੇ ਸਭ ਤੋਂ ਦਿਲ ਖਿੱਚਵੇਂ ਸੈਮੀ ਫਾਈਨਲ ਵਿੱਚ ਭਾਰਤ ਤੇ ਇਰਾਨ ਦੀ ਟੱਕਰ ਹੋਈ। ਪਹਿਲੀ ਵਾਰ ਸੈਮੀ ਫਾਈਨਲ ਵਿੱਚ ਪਹੁੰਚੇ ਇਰਾਨ ਦੀ ਫਾਈਨਲ ਵਿੱਚ ਪਹੁੰਚਣ ਦੀ ਸੱਧਰ ਨੂੰ ਸੈਮੀ ਫਾਈਨਲ ਵਿੱਚ ਹੀ ਤੋੜਦਿਆਂ ਪਿਛਲੇ ਦੋ ਵਾਰ ਦੇ ਚੈਂਪੀਅਨ ਭਾਰਤ ਨੇ 72-23 ਨਾਲ ਹਰਾ ਕੇ ਖਿਤਾਬੀ ਹੈਟ੍ਰਿਕ ਵੱਲ ਕਦਮ ਵਧਾਏ। ਭਾਰਤੀ ਟੀਮ ਅੱਧੇ ਸਮੇਂ ਤੱਕ 88-8 ਨਾਲ ਅੱਗੇ ਸੀ। ਭਾਰਤ ਦੇ ਰੇਡਰਾਂ ਵਿੱਚੋਂ ਮਨਮਿੰਦਰ ਸਰਾਵਾਂ ਨੇ 11, ਸੁਖਦੇਵ ਸਿੰਘ ਨੇ 7 ਅਤੇ ਸੁਖਬੀਰ ਸਿੰਘ ਸਰਾਵਾਂ ਨੇ 6 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਏਕਮ ਹਠੂਰ ਨੇ 5 ਅਤੇ ਨਰਿੰਦਰ ਰਾਮ ਬਿੱਟੂ ਦੁਗਾਲ, ਬਲਬੀਰ ਪਾਲਾ ਤੇ ਗੁਰਜੀਤ ਗੋਗੋ ਨੇ 4-4 ਅਤੇ ਗੁਰਪੀਤ ਗੋਪੀ ਮਾਣਕੀ ਨੇ 3 ਜੱਫੇ ਲਾਏ।
ਪਾਕਿਸਤਾਨ ਨੇ ਕੈਨੇਡਾ ਨੂੰ ਦਰੜਿਆ
ਦੂਜੇ ਸੈਮੀ ਫਾਈਨਲ ਵਿੱਚ ਪਾਕਿਸਤਾਨ ਨੇ ਕੈਨੇਡਾ ਤੋਂ ਪਿਛਲੇ ਸਾਲ ਬਠਿੰਡਾ ਵਿਖੇ ਹੀ ਸੈਮੀ ਫਾਈਨਲ ਵਿੱਚ ਹੋਈ ਹਾਰ ਦਾ ਬਦਲਾ ਲੈਂਦਿਆ 53-27 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਇਸ ਜਿੱਤ ਦੇ ਨਾਲ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਫਾਈਨਲ ਮੁਕਾਬਲਾ ਤੈਅ ਹੋ ਗਿਆ। ਪਾਕਿਸਤਾਨ ਦੀ ਟੀਮ ਅੱਧੇ ਸਮੇ ਤੱਕ 29-13 ਨਾਲ ਅੱਗੇ ਸੀ। ਪਾਕਿਸਤਾਨ ਦੇ ਰੇਡਰਾਂ ਵਿੱਚੋਂ ਲਾਲਾ ਓਬੈਦਉੱਲਾ ਨੇ 11, ਸ਼ਹਿਜ਼ਾਦ ਗੁੱਜਰ ਨੇ 9, ਮੁਹੰਮਦ ਇਰਫਾਨ ਨੇ 7 ਤੇ ਵੱਕਾਸ ਬੱਟੇ ਨੇ 5 ਅੰਕ ਬਟੋਰੇ ਅਤੇ ਜਾਫੀਆਂ ਵਿੱਚੋਂ ਸ਼ਹਿਜ਼ਾਦ ਗੁੱਜਰ ਨੇ 7, ਮੁਸ਼ਰਫ ਜੰਜੂਆ ਨੇ 6 ਤੇ ਮਨਸ਼ਾ ਨੇ 2 ਜੱਫੇ ਲਾਏ। ਕੈਨੇਡਾ ਵੱਲੋਂ ਰੇਡਰ ਉਕਾਰ ਸਿੰਘ ਨੇ 12 ਤੇ ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰੀਆ ਨੇ 7 ਅੰਕ ਲਏ ਜਦੋਂ ਕਿ ਜਾਫੀ ਹਰਦੀਪ ਤਾਊ ਨੇ 2 ਜੱਫੇ ਲਾਏ।
ਮਹਿਲਾ ਵਰਗ
ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਮਹਿਲਾ ਵਰਗ ਦੇ ਪਹਿਲੇ ਸੈਮੀ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 56-7 ਹਰਾ ਕੇ ਲਗਾਤਾਰ ਦੂਜੀ ਵਾਰ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖਲਾ ਪਾਇਆ। ਭਾਰਤੀ ਟੀਮ ਅੱਧੇ ਸਮੇਂ ਤੱਕ 29-4 ਨਾਲ ਅੱਗੇ ਸੀ। ਭਾਰਤ ਦੀਆਂ ਰੇਡਰਾਂ ਵਿੱਚੋਂ ਪ੍ਰਿਅੰਕਾ ਦੇਵੀ ਨੇ 9, ਪ੍ਰਿਅੰਕਾ ਪਿਲਾਨੀ ਨੇ 8 ਤੇ ਸੁਖਵਿੰਦਰ ਕੌਰ ਨੇ 7 ਅੰਕ ਬਟੋਰੇ ਜਦੋਂ ਕਿ ਜਾਫੀ ਜਤਿੰਦਰ ਕੌਰ ਤੇ ਅਨੂ ਰਾਣੀ ਨੇ 7-7 ਜੱਫੇ ਲਾਏ।
ਡੈਨਮਾਰਕ ਨੂੰ ਹਰਾ ਕੇ ਪਹਿਲੇ ਹੀ ਸਾਲ ਮਲੇਸ਼ੀਆ ਨੇ ਫਾਈਨਲ ਦੀ ਟਿਕਟ ਕਟਾਈ
ਮਹਿਲਾ ਵਰਗ ਦੇ ਦੂਜੇ ਸੈਮੀ ਫਾਈਨਲ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਈਆਂ ਮਲੇਸ਼ੀਆ ਤੇ ਡੈਨਮਾਰਕ ਦੀਆਂ ਟੀਮਾਂ ਵਿਚਾਲੇ ਟੱਕਰ ਹੋਈ। ਮਲੇਸ਼ੀਆ ਨੇ ਡੈਨਮਾਰਕ ਨੂੰ 41-25 ਨਾਲ ਹਰਾਇਆ। ਅੱਧੇ ਸਮੇਂ ਤੱਕ ਮਲੇਸ਼ੀਆ ਦੀ ਟੀਮ 23-8 ਨਾਲ ਅੱਗੇ ਸੀ। ਮਲੇਸ਼ੀਆ ਦੀਆਂ ਰੇਡਰਾਂ ਵਿੱਚੋਂ ਮਨਪ੍ਰੀਤ ਕੌਰ ਨੇ 11 ਤੇ ਪਰਮਜੀਤ ਕੌਰ ਨੇ 9 ਅੰਕ ਲਏ ਜਦੋਂ ਕਿ ਜਾਫੀ ਮਨਦੀਪ ਕੌਰ ਨੇ 8 ਤੇ ਰੇਖਾ ਨੇ 7 ਜੱਫੇ ਲਾਏ। ਡੈਨਮਾਰਕ ਵੱਲੋਂ ਰੇਡਰ ਮੈਰੀ ਨੇ 8 ਤੇ ਟਰੇਸਾ ਨੇ 7 ਜੱਫੇ ਲਾਏ।
Sports ਭਾਰਤ ਤੇ ਪਾਕਿਸਤਾਨ ਪੁਰਸ਼ ਵਰਗ ਦੇ ਫਾਈਨਲ ਵਿੱਚ ਭਿੜਨਗੇ