ਬੈਂਕਾਕ, 15 ਮਈ – ਇੱਥੇ ਖੇਡੇ ਗਏ ਥੌਮਸ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ ਨੇ ਇੱਕਤਰਫ਼ਾ ਮੁਕਾਬਲੇ ਵਿੱਚ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਪਲੇਠਾ ਥੌਮਸ ਕੱਪ ਖ਼ਿਤਾਬ ਜਿੱਤ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਦਰਜ ਕਰ ਲਿਆ ਹੈ। ਭਾਰਤੀ ਟੀਮ ਨੇ ਟੂਰਨਾਮੈਂਟ ਦੇ ਇਤਿਹਾਸ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਲਈ ਵਰਲਡ ਚੈਂਪੀਅਨਸ਼ਿਪ ਦੇ ਤਗਮਾ ਜੇਤੂਆਂ ਲਕਸ਼ੈ ਸੇਨ ਤੇ ਕਿਦਾਂਬੀ ਸ੍ਰੀਕਾਂਤ ਤੋਂ ਇਲਾਵਾ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਵਰਲਡ ਦੀ 8ਵੇਂ ਨੰਬਰ ਦੀ ਜੋੜੀ ਨੇ ਯਾਦਗਾਰੀ ਜਿੱਤ ਦਰਜ ਕੀਤੀ। ਭਾਰਤ, ਮਲੇਸ਼ੀਆ ਤੇ ਡੈਨਮਾਰਕ ਖ਼ਿਲਾਫ਼ ਜਿੱਤ ਦਰਜ ਕਰਕੇ ਫਾਈਨਲ ਵਿੱਚ ਪੁੱਜਾ ਸੀ।
ਨਾਕਆਊਟ ਗੇੜ ਵਿੱਚ ਲਕਸ਼ੈ ਨੇ ਸਭ ਤੋਂ ਅਹਿਮ ਮੁਕਾਬਲੇ ਵਿੱਚ ਆਸ ਮੁਤਾਬਿਕ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਸਿੰਗਲਜ਼ ਮੁਕਾਬਲੇ ਵਿੱਚ ਪੱਛੜਨ ਮਗਰੋਂ ਵਾਪਸੀ ਕਰਦੇ ਹੋਏ ਵਰਲਡ ਦੇ 5ਵੇਂ ਨੰਬਰ ਦੇ ਖਿਡਾਰੀ ਐਂਥਨੀ ਸਿਨਿਸੁਕਾ ਗਿਨਟਿੰਗ ਨੂੰ 8-21, 21-17, 21-16 ਨਾਲ ਹਰਾ ਕੇ ਭਾਰਤ ਨੂੰ 1-0 ਦੀ ਲੀਡ ਦਿਵਾਈ। ਸਾਤਵਿਕ ਤੇ ਚਿਰਾਗ ਦੀ ਦੇਸ਼ ਦੀ ਸਿਖਰਲੀ ਪੁਰਸ਼ ਡਬਲਜ਼ ਜੋੜੀ ਨੇ ਇਸ ਮਗਰੋਂ ਉਲਟ ਹਾਲਾਤ ਦੇ ਬਾਵਜੂਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੀ ਗੇਮ ਵਿੱਚ ਚਾਰ ਮੈਚ ਪੁਆਇੰਟ ਬਚਾਏ ਅਤੇ ਮੁਹੰਮਦ ਅਹਿਸਨ ਤੇ ਕੇਵਿਨ ਸੰਜੈ ਸੁਕਾਮੁਲਜੋ ਦੀ ਜੋੜੀ ਨੂੰ 18-21, 23-21, 21-19 ਨਾਲ ਮਾਤ ਦਿੰਦਿਆਂ ਭਾਰਤ ਦੀ ਲੀਡ ਨੂੰ 2-0 ਕਰ ਦਿੱਤਾ। ਦੂਜੇ ਸਿੰਗਲਜ਼ ਵਿੱਚ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਜੋਨਾਥਨ ਕ੍ਰਿਸਟੀ ਨੂੰ ਸਿੱਧੇ ਗੇਮਾਂ ਵਿੱਚ 48 ਮਿੰਟਾਂ ਵਿੱਚ 21-15, 23-21 ਨਾਲ ਹਰਾ ਕੇ ਭਾਰਤ ਨੂੰ 3-0 ਦੀ ਜੇਤੂ ਲੀਡ ਦਿਵਾਈ।
Home Page ਭਾਰਤ ਦਾ ਥੌਮਸ ਕੱਪ ਖ਼ਿਤਾਬ ‘ਤੇ ਇਤਿਹਾਸਕ ਜਿੱਤ ਨਾਲ ਪਹਿਲੀ ਵਾਰ ਕਬਜ਼ਾ,...