ਭਾਰਤ ਦੀ ਆਰਥਿਕ ਵਿਕਾਸ ਦਰ 2022 ਵਿੱਚ 8.2 ਫੀਸਦੀ ਰਹਿਣ ਦਾ ਅਨੁਮਾਨ – ਆਈਐੱਮਐੱਫ

ਵਾਸ਼ਿੰਗਟਨ, 19 ਅਪ੍ਰੈਲ – ਇੰਟਰਨੈਸ਼ਨਲ ਮੋਨੀਟਰਿੰਗ ਫ਼ੰਡ (ਆਈਐੱਮਐੱਫ) ਨੇ ਮੰਗਲਵਾਰ ਨੂੰ 2022 ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ 8.2 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਇਸ ਤਹਿਤ ਭਾਰਤ ਤੇਜ਼ੀ ਨਾਲ ਵਧਣ ਵਾਲਾ ਵੱਡਾ ਅਰਥਚਾਰਾ ਹੋਵੇਗਾ। ਭਾਰਤ ਦੀ ਵਿਕਾਸ ਦਰ ਚੀਨ ਦੀ 4.4 ਫੀਸਦੀ ਦੇ ਵਾਧੇ ਦੀ ਤੁਲਨਾ ਵਿੱਚ ਲਗਭਗ ਦੁੱਗਣੀ ਹੋਵੇਗੀ। ਹਾਲਾਂਕਿ ਆਈਐੱਮਐੱਫ ਦਾ ਇਹ ਅਨੁਮਾਨ ਬੀਤੇ ਵਰ੍ਹੇ ਕਿਆਸੀ ਗਈ ਵਿਕਾਸ ਦਰ ਤੋਂ 0.8 ਫੀਸਦੀ ਘੱਟ ਹੈ। ਮੁਦਰਾ ਕੋਸ਼ ਨੇ ਇੱਥੇ ਸਾਲਾਨਾ ਵਿਸ਼ਵ ਆਰਥਿਕ ਪਰਿਪੇਖ਼ ਰਿਪੋਰਟ ਵਿੱਚ ਕਿਹਾ ਹੈ ਕਿ ਦੁਨਿਆਵੀ ਵਿਕਾਸ ਦਰ ਚਾਲੂ ਵਰ੍ਹੇ ਵਿੱਚ 3.6 ਫੀਸਦੀ ਰਹਿਣ ਦਾ ਅਨੁਮਾਨ ਹੈ। ਇਹ 2021 ਦੇ 6.1 ਫੀਸਦੀ ਦੇ ਮੁਕਾਬਲੇ ਕਾਫ਼ੀ ਘੱਟ ਹੈ। ਰਿਪੋਰਟ ਅਨੁਸਾਰ ਭਾਰਤ ਦੀ ਆਰਥਿਕ ਵਿਕਾਸ ਦਰ 2021 ਵਿੱਚ 8.9 ਫੀਸਦੀ ਸੀ, ਜਦੋਂ ਕਿ 2023 ਵਿੱਚ ਇਸ ਦੇ 6.9 ਫੀਸਦੀ ਰਹਿਣ ਦੀ ਸੰਭਾਵਨਾ ਹੈ। ਸਾਲ 2023 ਦੀ ਆਰਥਿਕ ਵਿਕਾਸ ਦਰ ਘੱਟ ਰਹਿਣ ਦੇ ਅਨੁਮਾਨ ਦਾ ਮੁੱਖ ਕਾਰਣ ਯੂਕਰੇਨ ਜੰਗ ਹੈ। ਇਸ ਕਾਰਨ ਤੇਲ ਅਤੇ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧੀਆਂ ਹਨ ਅਤੇ ਵਿਕਾਸ ਦੀ ਗਤੀ ਧੀਮੀ ਹੋਈ ਹੈ।