ਨਵੀਂ ਦਿੱਲੀ, 28 ਅਗਸਤ – ਇੱਥੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 64 ਸਾਲਾ ਜਸਟਿਸ ਦੀਪਕ ਮਿਸ਼ਰਾ ਨੂੰ ਦੇਸ਼ ਦੇ 45ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਾਈ। ਜਸਟਿਸ ਮਿਸ਼ਰਾ ਨੇ ਬੀਤੇ ਦਿਨ ਸੇਵਾ ਮੁਕਤ ਹੋਏ ਜਸਟਿਸ ਜੇ.ਐੱਸ.ਖੇਹਰ ਦੀ ਥਾਂ ਲਈ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਅਗਲੇ 13 ਮਹੀਨਿਆਂ ਤੱਕ ਯਾਨੀ ਕੇ ਉਹ 2 ਅਕਤੂਬਰ 2018 ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਸਥਾਪਤ ਰਵਾਇਤ ਮੁਤਾਬਿਕ ਜਸਟਿਸ ਖੇਹਰ ਨੇ ਹੀ ਪਿਛਲੇ ਮਹੀਨੇ ਅਗਲੇ ਚੀਫ਼ ਜਸਟਿਸ ਵਜੋਂ ਮਿਸ਼ਰਾ ਦੇ ਨਾਂ ਦੀ ਸਿਫ਼ਾਰਿਸ਼ ਕੀਤੀ ਸੀ। ਇਸ ਮੌਕੇ ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਕੈਬਨਿਟ ਦੇ ਹੋਰਨਾਂ ਮੰਤਰੀਆਂ ਸਮੇਤ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਵੀ ਮੌਜੂਦ ਸਨ।
Indian News ਭਾਰਤ ਦੇ ਨਵੇਂ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਸਹੁੰ ਚੁੱਕੀ