ਵਾਸ਼ਿੰਗਟਨ, 24 ਸਤੰਬਰ – ਇੱਥੇ ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਲਈ ਵਚਨਬੱਧ ਹਨ। ਉੱਧਰ ਸ੍ਰੀ ਮੋਦੀ ਨੇ ਇਸ ਦਹਾਕੇ ਨੂੰ ਦੋਵਾਂ ਮੁਲਕਾਂ ਲਈ ਅਹਿਮ ਦੱਸਦਿਆਂ ਅਮਰੀਕੀ ਰਾਸ਼ਟਰਪਤੀ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਨਦਾਇਕ ਦੱਸਿਆ। ਇਸ ਦੌਰਾਨ ਦੋਵਾਂ ਆਗੂਆਂ ਨੇ ਵੱਖ ਵੱਖ ਖੇਤਰਾਂ ਨਾਲ ਜੁੜੇ ਤਰਜੀਹੀ ਮੁੱਦਿਆਂ ‘ਤੇ ਚਰਚਾ ਕੀਤੀ, ਜਿਸ ਵਿੱਚ ਕੋਵਿਡ -19 ਦੇ ਟਾਕਰੇ, ਵਾਤਾਵਰਨ ਤਬਦੀਲੀ ਤੇ ਆਰਥਿਕ ਸਹਿਯੋਗ ਵੀ ਸ਼ਾਮਲ ਸਨ। ਸੰਵਾਦ ਦੌਰਾਨ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ‘ਤੇ ਵੀ ਨਜ਼ਰਸਾਨੀ ਕੀਤੀ ਗਈ। ਬਾਇਡਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਵ੍ਹਾਈਟ ਹਾਊਸ ਆਉਣ ‘ਤੇ ਖ਼ੁਸ਼ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ, ਜੋ ਵਿਸ਼ਵ ਦੀਆਂ ਦੋ ਸਭ ਤੋਂ ਵੱਡੀਆਂ ਜਮਹੂਰੀਅਤਾਂ ਹਨ, ਦੇ ਰਿਸ਼ਤਿਆਂ ਦਾ ਮਜ਼ਬੂਤ ਹੋਣਾ ਤੇ ਦੋਵਾਂ ਮੁਲਕਾਂ ਦਾ ਹੋਰ ਨੇੜੇ ਆਉਣਾ ਕਿਸਮਤ ਦੀ ਹੋਣੀ ਹੈ।
ਸ੍ਰੀ ਮੋਦੀ ਨੇ ਅਮਰੀਕੀ ਸਦਰ ਨੂੰ ਕਿਹਾ, ”ਤੁਹਾਡੀ ਲੀਡਰਸ਼ਿਪ ਯਕੀਨੀ ਤੌਰ ‘ਤੇ ਇਸ ਦਹਾਕੇ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਭਾਰਤ ਤੇ ਅਮਰੀਕਾ ਵਿਚਾਲੇ ਮਜ਼ਬੂਤ ਦੋਸਤੀ ਲਈ ਬੀਜ ਬੀਜੇ ਜਾ ਚੁੱਕੇ ਹਨ।” ਸ੍ਰੀ ਮੋਦੀ ਨੇ ਕਿਹਾ ਕਿ ਪ੍ਰਤਿਭਾ ਅਤੇ ਲੋਕਾਂ ਦੇ ਇਕ ਦੂਜੇ ਨਾਲ ਮੇਲ-ਜੋਲ ਨਾਲ ਇਸ ਦਹਾਕੇ ਨੂੰ ਆਕਾਰ ਮਿਲੇਗਾ। ਉਨ੍ਹਾਂ ਕਿਹਾ, ‘ਮੈਨੂੰ ਖ਼ੁਸ਼ੀ ਹੈ ਕਿ ਭਾਰਤੀ ਭਾਈਚਾਰੇ ਵੱਲੋਂ ਅਮਰੀਕਾ ਦੀ ਤਰੱਕੀ ਵਿੱਚ ਸਰਗਰਮ ਯੋਗਦਾਨ ਪਾਇਆ ਜਾ ਰਿਹਾ ਹੈ।” ਉਨ੍ਹਾਂ ਕਿਹਾ ਕਿ ਤਕਨਾਲੋਜੀ ਅੱਗੇ ਵਧਣ ਦੀ ਤਾਕਤ ਬਣਦੀ ਜਾ ਰਹੀ ਹੈ ਤੇ ‘ਸਾਨੂੰ ਆਪਣੀ ਪ੍ਰਤਿਭਾ ਦੀ ਇਸ ਵਾਸਤੇ ਵਰਤੋਂ ਕਰਨੀ ਹੋਵੇਗੀ।’ ਉਨ੍ਹਾਂ ਕਿਹਾ ਕਿ ਮੌਜੂਦਾ ਦਹਾਕੇ ਵਿੱਚ ਵਣਜ ਭਾਰਤ-ਅਮਰੀਕਾ ਸਬੰਧਾਂ ਲਈ ਅਹਿਮ ਕਾਰਕ ਹੋਵੇਗਾ। ਬਾਇਡਨ ਵੱਲੋਂ ਮੁਲਕ ਦੇ 46ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਦੋਵਾਂ ਆਲਮੀ ਆਗੂਆਂ ਦਰਮਿਆਨ ਇਹ ਪਲੇਠੀ ਆਹਮੋ-ਸਾਹਮਣੀ ਮੀਟਿੰਗ ਸੀ। ਉਂਜ ਇਸ ਤੋਂ ਪਹਿਲਾਂ ਦੋਵਾਂ ਆਗੂਆਂ ਵਿਚਾਲੇ ਫ਼ੋਨ ‘ਤੇ ਕਈ ਵਾਰ ਗੱਲ ਹੋਈ ਤੇ ‘ਕੁਐਡ’ ਸਮੇਤ ਕੁੱਝ ਵਰਚੂਅਲ ਵਾਰਤਾਵਾਂ ਮੌਕੇ ਵੀ ਦੋਵੇਂ ਆਗੂ ਇਕ ਦੂਜੇ ਨੂੰ ਮਿਲੇ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਜਮਹੂਰੀ ਕਦਰਾਂ ਕੀਮਤਾਂ ਨੂੰ ਲੈ ਕੇ ਦੋਵਾਂ ਮੁਲਕਾਂ ਵਿੱਚ ਕਾਫ਼ੀ ਸਮਾਨਤਾ ਹੈ। ਦੋਵਾਂ ਮੁਲਕਾਂ ਵਿੱਚ ਤਕਨੀਕੀ ਖੇਤਰ ਵਿੱਚ ਸਹਿਯੋਗ ਅਹਿਮ ਹੈ। ਦੋਵੇਂ ਮੁਲਕ ਵਪਾਰ ਵਿੱਚ ਇਕ ਦੂਜੇ ਦੇ ਪੂਰਕ ਹੋ ਸਕਦੇ ਹਨ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਅੱਜ ਦੀ ਚਰਚਾ ਪੂਰੀ ਤਰ੍ਹਾਂ ਸਾਰਥਿਕ ਰਹੇਗੀ। ਸ੍ਰੀ ਮੋਦੀ ਨੇ ਗਰਮਜੋਸ਼ੀ ਨਾਲ ਕੀਤੇ ਸਵਾਗਤ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਧੰਨਵਾਦ ਕੀਤਾ।
ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਦੀ ਸਾਲ 2014 ਵਿੱਚ ਪ੍ਰਧਾਨ ਮੰਤਰੀ ਬਣਨ ਮਗਰੋਂ ਅਮਰੀਕਾ ਦੀ ਇਹ 7ਵੀਂ ਫੇਰੀ ਹੈ, ਨੇ ਲੰਘੇ ਦਿਨ ਕਿਹਾ ਸੀ ਕਿ ਉਨ੍ਹਾਂ ਦਾ ਇਹ ਦੌਰਾ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਤੇ ਸਾਂਝੇ ਹਿੱਤਾਂ ਵਾਲੇ ਖੇਤਰੀ ਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦੇ ਤਬਾਦਲੇ ਦਾ ਮੌਕਾ ਹੋਵੇਗਾ।
Home Page ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ...