ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 24 ਜੁਲਾਈ – 22 ਜੁਲਾਈ ਨੂੰ ਇੱਥੋਂ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਭਾਰਤ ਦੇ ਅਤਿ-ਮਹੱਤਵਪੂਰਨ ਚੰਦਰਮਾ ਮਿਸ਼ਨ ‘ਚੰਦਰਯਾਨ-2’ ਨੂੰ ‘ਬਾਹੂਬਲੀ ਰਾਕੇਟ’ ਰਾਹੀਂ ਸਫਲਤਾਪੂਰਵਕ ਦਾਗ਼ ਦਿੱਤਾ ਗਿਆ ਹੈ। ਦਾਗੇ ਜਾਣ ਦੇ 16 ਮਿੰਟ ਬਾਅਦ ਹੀ ‘ਚੰਦਰਯਾਨ-੨’ ਧਰਤੀ ਦੇ ਆਰਬਿਟ ‘ਚ ਪਹੁੰਚ ਗਿਆ ਹੈ। 978 ਕਰੋੜ ਰੁਪਏ ਦੇ ਮਿਸ਼ਨ ‘ਚੰਦਰਯਾਨ-2’ ਨੂੰ ਲੈ ਕੇ ਜਾਣ ਵਾਲੇ 43.43 ਮੀਟਰ ਲੰਬੇ ਤੇ 3850 ਕਿੱਲੋ ਵਜ਼ਨੀ ਜੀ.ਐੱਸ.ਐਲ.ਵੀ.-ਐਮ.ਕੇ.3-ਐਮ1 ਰਾਕੇਟ ‘ਬਾਹੂਬਲੀ’ ਨੂੰ ਅੱਜ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2.43 ਵਜੇ ਦਾਗਿਆ ਗਿਆ। ਬਾਹੂਬਲੀ ਰਾਕੇਟ ਦੀ ਤਾਕਤ ਤੇ ਸਮਰੱਥਾ ਕਾਰਨ ਹੀ ਇਸ ਦਾ ਨਾਂਅ ਬਾਲੀਵੁੱਡ ਦੀ ਉੱਘੀ ਫਿਲਮ ‘ਬਾਹੂਬਲੀ’ ਦੇ ਨਾਂਅ ‘ਤੇ ਰੱਖਿਆ ਗਿਆ ਹੈ। ‘ਚੰਦਰਯਾਨ-2’ 3.84 ਲੱਖ ਕਿੱਲੋਮੀਟਰ ਦਾ ਸਫਰ ਤੈਅ ਕਰਦਾ ਹੋਇਆ 48 ਦਿਨ ਬਾਅਦ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚੇਗਾ।
ਦੱਸ ਦੇਈਏ ਕਿ ਇਸ ਦੇ ਸਫ਼ਲ ਪ੍ਰੀਖਣ ‘ਤੇ ਇਸਰੋ ਦੇ ਵਿਗਿਆਨੀਆਂ ਨੇ ਰਾਹਤ ਦੀ ਸਾਹ ਲਈ ਹੈ ਕਿਉਂਕਿ ਪਿਛਲੇ ਹਫ਼ਤੇ 15 ਜੁਲਾਈ ਨੂੰ ਇਸ ਦੇ ਰਾਕੇਟ ‘ਚ ਕੁੱਝ ਤਕਨੀਕੀ ਖ਼ਰਾਬੀ ਆਉਣ ਕਾਰਨ ਇਸ ਨੂੰ ਦਾਗ਼ਣ ਤੋਂ ਕਰੀਬ 1 ਘੰਟਾ ਪਹਿਲਾਂ ਰੋਕ ਦਿੱਤਾ ਗਿਆ ਸੀ। ਸਮਾਂ ਰਹਿੰਦਿਆਂ ਖ਼ਰਾਬੀ ਦਾ ਪਤਾ ਲਗਾਉਣ ‘ਤੇ ਇਸਰੋ ਦੀ ਸ਼ਲਾਘਾ ਹੋਈ ਸੀ। ‘ਚੰਦਰਯਾਨ-2’ ਦੇ ਸਫਲਤਾਪੂਰਵਕ ਪ੍ਰੀਖਣ ਨਾਲ ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਉੱਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਉਪਲਬਧੀ ਰੂਸ, ਅਮਰੀਕਾ ਤੇ ਚੀਨ ਹਾਸਲ ਕਰ ਚੁੱਕੇ ਹਨ। 2008 ‘ਚ ਚੰਦਰਮਾ ਵੱਲ ਭਾਰਤ ਦੇ ਪਹਿਲੇ ਸਫਲ ਮਿਸ਼ਨ ‘ਚੰਦਰਯਾਨ-1’, ਜਿਸ ਨੇ ਚੰਦਰਮਾ ਦੁਆਲੇ 3400 ਤੋਂ ਵੀ ਵੱਧ ਘੇਰੇ ਬਣਾ ਕੇ ਇਤਿਹਾਸ ਰਚਿਆ ਸੀ, ਦਾਗ਼ਣ ਦੇ 11 ਸਾਲ ਬਾਅਦ ਇਸਰੋ ਨੇ ਅੱਜ ਇਹ ਸਫਲਤਾ ਹਾਸਲ ਕੀਤੀ। ‘ਚੰਦਰਯਾਨ-1’ ਦਾ ਵਜ਼ਨ ਮੌਜੂਦਾ ਮਿਸ਼ਨ ਨਾਲੋਂ ਤਿੰਨ ਗੁਣਾ ਹਲਕਾ 1380 ਕਿੱਲੋ ਸੀ। ‘ਚੰਦਰਯਾਨ-2’ ਚੰਦਰਮਾ ਦੇ ਦੱਖਣੀ ਧਰੁਵ ਖੇਤਰ ‘ਚ ਉੱਤਰੇਗਾ, ਜਿੱਥੇ ਹੁਣ ਤੱਕ ਕੋਈ ਦੇਸ਼ ਨਹੀਂ ਪਹੁੰਚ ਸਕਿਆ। ਇਸ ਨਾਲ ਚੰਦਰਮਾ ਦੇ ਅਣਸੁਲਝੇ ਰਹੱਸ ਜਾਣਨ ‘ਚ ਮਦਦ ਮਿਲੇਗੀ, ਜਿਸ ਨਾਲ ਅਜਿਹੀਆਂ ਨਵੀਆਂ ਖੋਜਾਂ ਹੋਣਗੀਆਂ, ਜੋ ਭਾਰਤ ਤੇ ਪੂਰੀ ਮਾਨਵਤਾ ਲਈ ਲਾਭਕਾਰੀ ਹੋਣਗੀਆਂ। ਸਵਦੇਸ਼ੀ ਤਕਨੀਕ ਨਾਲ ਬਣੇ ‘ਚੰਦਰਯਾਨ-2’ ‘ਚ ਕੁੱਲ 13 ਪੇਲੋਡ ਹਨ, ਜਿਨ੍ਹਾਂ ‘ਚੋਂ 8 ਆਰਬਿਟਰ ‘ਚ, 3 ਲੈਂਡਰ ਵਿਕਰਮ ‘ਚ ਤੇ 2 ਪੇਲੋਡ ਰੋਵਰ ‘ਪ੍ਰਗਿਆਨ’ ‘ਚ ਹਨ। ਲੈਂਡਰ ‘ਵਿਕਰਮ’ ਦਾ ਨਾਂਅ ਭਾਰਤੀ ਪੁਲਾੜ ਖੋਜ ਪ੍ਰੋਗਰਾਮ ਦੇ ਜਨਮਦਾਤੇ ਡਾ. ਵਿਕਰਮ ਏ ਸਾਰਾਭਾਈ ਦੇ ਨਾਂਅ ‘ਤੇ ਰੱਖਿਆ ਗਿਆ ਹੈ ਜਦੋਂ ਕਿ 27 ਕਿੱਲੋ ਭਾਰੇ ਰੋਵਰ ‘ਪ੍ਰਗਿਆਨ’ ਦਾ ਮਤਲਬ ਸੰਸਕ੍ਰਿਤ ‘ਚ ‘ਸਿਆਣਪ’ ਹੈ।
‘ਚੰਦਰਯਾਨ-2’ ਨੇ ਇਸਰੋ ਦੇ ਚੰਦ ਵੱਲ ਪਹਿਲੇ ਸਫ਼ਲ ਮਿਸ਼ਨ ‘ਚੰਦਰਯਾਨ-1’ ਤੋਂ ਗਿਆਰਾਂ ਸਾਲਾਂ ਮਗਰੋਂ ਉਡਾਣ ਭਰੀ ਹੈ। ‘ਚੰਦਰਯਾਨ-1’ ਨੇ ਚੰਦਰਮਾ ਦੁਆਲੇ 3400 ਤੋਂ ਵੱਧ ਚੱਕਰ ਪੂਰੇ ਕੀਤੇ ਸਨ ਤੇ ਇਹ 29 ਅਗਸਤ 2009 ਤੱਕ 312 ਦਿਨਾਂ ਲਈ ਸਰਗਰਮ ਰਿਹਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਚੰਦਰਯਾਨ-2’ ਦੇ ਦਾਗੇ ਜਾਣ ਦਾ ਸਿੱਧਾ ਪ੍ਰਸਾਰਨ ਵੇਖਿਆ। ਮੋਦੀ ਨੇ ਆਡੀਓ ਸੰਦੇਸ਼ ਜਾਰੀ ਕਰ ਕੇ ਇਸਰੋ ਮੁਖੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਵੀ ਦਿੱਤੀ। ਮੋਦੀ ਨੇ ਟਵਿੱਟਰ ‘ਤੇ ਪਾਏ ਸੰਦੇਸ਼ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ‘ਚ ਉਹ ਖੜ੍ਹੇ ਹੋ ਕੇ ਲਾਂਚ ਪ੍ਰੋਗਰਾਮ ਵੇਖਦੇ ਨਜ਼ਰ ਆ ਰਹੇ ਹਨ। ਮੋਦੀ ਨੇ ਟਵਿੱਟਰ ‘ਤੇ ਪਾਏ ਸੰਦੇਸ਼ ‘ਚ ਇਹ ਕਿਹਾ ਕਿ ਭਾਰਤ ਨੇ ਆਪਣੇ ਫ਼ਖਰ ਭਰੇ ਇਤਿਹਾਸ ‘ਚ ਕੁੱਝ ਹੋਰ ਸ਼ਾਨਦਾਰ ਪਲ ਜੋੜੇ ਹਨ। ਉਨ੍ਹਾਂ ਇਸ ਮਿਸ਼ਨ ਨੂੰ ਸਾਇੰਸਦਾਨਾਂ ਦੀ ਤਾਕਤ ਅਤੇ 130 ਕਰੋੜ ਭਾਰਤੀਆਂ ਦੇ ਅਟੱਲ ਵਿਸ਼ਵਾਸ ਦਾ ਪ੍ਰਤੀਕ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਚੰਦਰਯਾਨ-2’ ਮਿਸ਼ਨ ਬਾਕੀ ਮਿਸ਼ਨਾਂ ਤੋਂ ਇਸ ਲਈ ਵੱਖ ਹੈ ਕਿ ਕਿਉਂਕਿ ਇਹ ਚੰਦਰਮਾ ਦੇ ਦੱਖਣੀ ਧਰੁਵ ਵਾਲੇ ਹਿੱਸੇ ‘ਚ ਜਾ ਰਿਹਾ ਹੈ ਜਿੱਥੇ ਹਾਲੇ ਤੱਕ ਕੋਈ ਨਹੀਂ ਗਿਆ। ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਬਿੰਦ, ਰੱਖਿਆ ਮੰਤਰੀ ਰਾਜਨਾਥ ਸਿੰਘ, ਸਿਹਤ ਮੰਤਰੀ ਹਰਸ਼ਵਰਧਨ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਵਿਰੋਧੀ ਕਾਂਗਰਸ ਪਾਰਟੀ ਨੇ ਵੀ ਇਸ ਮਿਸ਼ਨ ਲਈ ਇਸਰੋ ਦੇ ਸਾਇੰਸਦਾਨਾਂ ਨੂੰ ਵਧਾਈ ਦਿੱਤੀ। ਸੰਸਦ ਦੇ ਦੋਵਾਂ ਸਦਨਾਂ ‘ਚ ਵੀ ਭਾਰਤ ਦੀ ਪੁਲਾੜ ‘ਚ ਪੁੱਟੀ ਵੱਡੀ ਪੁਲਾਂਘ ਲਈ ਵਧਾਈ ਦਿੱਤੀ ਗਈ। ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ। ‘ਚੰਦਰਯਾਨ-2’ ਦੀ ਉਡਾਣ ਦਾ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੇ ਦਰਸ਼ਕ ਗੈਲਰੀ, ਜੋ ਕਿ ਲਾਂਚਪੈਡ ਤੋਂ ਕੁੱਝ ਕਿੱਲੋਮੀਟਰ ਦੀ ਦੂਰੀ ‘ਤੇ ਸੀ, ਤੋਂ ਨਜ਼ਾਰਾ ਵੇਖਿਆ।
Home Page ਭਾਰਤ ਨੇ ਚੰਦਰਮਾ ਵੱਲ ‘ਚੰਦਰਯਾਨ-2’ ਸਫਲਤਾਪੂਰਵਕ ਰਵਾਨਾ ਕੀਤਾ