ਕਾਨਪੁਰ, 29 ਅਕਤੂਬਰ – ਮੇਜ਼ਬਾਨ ਭਾਰਤ ਨੇ ਮਹਿਮਾਨ ਟੀਮ ਨਿਊਜ਼ੀਲੈਂਡ ਨੂੰ ਤੀਸਰਾ ਤੇ ਫ਼ੈਸਲਾਕੁਨ ਮੈਚ 6 ਦੌੜਾਂ ਨਾਲ ਹਾਰ ਕੇ ਤਿੰਨ ਮੈਚਾਂ ਦੀ ਵੰਨ-ਡੇ ਲੜੀ 2-1 ਨਾਲ ਆਪਣੇ ਨਾਂ ਕਰ ਲਈ ਅਤੇ ਭਾਰਤੀ ਟੀਮ ਨੇ ਲਗਾਤਾਰ 7ਵੀਂ ਲੜੀ ‘ਚ ਜਿੱਤ ਦਰਜ ਕੀਤੀ ਹੈ। ਮਹਿਮਾਨ ਟੀਮ ਨਿਊਜ਼ੀਲੈਂਡ ਦਾ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਮੇਜ਼ਬਾਨ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 337 ਦੌੜਾਂ ਬਣਾਈਆਂ। ਜਿਸ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (147) ਤੇ ਕਪਤਾਨ ਵਿਰਾਟ ਕੋਹਲੀ (113) ਦੇ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਦੂਜੇ ਵਿਕਟ ਲਈ 230 ਦੀ ਰਿਕਾਰਡ ਸੈਂਕੜੇ ਵਾਲੀ ਭਾਈਵਾਲੀ ਰਹੀ। ਜੋ ਵੰਨ-ਡੇ ਕ੍ਰਿਕਟ ‘ਚ ਚਾਰ ਦੋਹਰੇ ਸੈਂਕੜੇ ਵਾਲੀ ਭਾਈਵਾਲੀ ਕਰਨ ਵਾਲੀ ਦੁਨੀਆ ਦੀ ਪਹਿਲੀ ਜੋੜੀ ਬਣ ਗਈ। ਰੋਹਿਤ ਨੇ 138 ਗੇਂਦਾਂ ‘ਚ 18 ਚੌਕੇ ਤੇ 2 ਛੱਕੇ ਜੜੇ ਜਦੋਂ ਕਿ ਕੋਹਲੀ ਨੇ 106 ਗੇਂਦਾਂ ਖੇਡਦਿਆਂ 9 ਚੌਕੇ ਤੇ 1 ਛੱਕਾ ਲਗਾਇਆ। ਰੋਹਿਤ ਨੇ 106 ਗੇਂਦਾਂ ‘ਚ ਸਾਲ ਦਾ 5ਵਾਂ ਤੇ ਕੈਰੀਅਰ ਦਾ 15ਵਾਂ ਸੈਂਕੜਾ ਪੂਰਾ ਕੀਤਾ ਅਤੇ ਕੋਹਲੀ ਨੇ ਆਪਣਾ 32ਵਾਂ ਸੈਂਕੜਾ ਪੂਰਾ ਕੀਤਾ। ਭਾਰਤ ਵੱਲੋਂ ਹੋਰਨਾਂ ਬੱਲੇਬਾਜ਼ਾਂ ‘ਚ ਸ਼ਿਖਰ ਧਵਨ ਨੇ 14, ਹਾਰਦਿਕ ਪੰਡਿਆ ਨੇ 8, ਮਹਿੰਦਰ ਸਿੰਘ ਧੋਨੀ ਨੇ 25 ਅਤੇ ਕੇਦਾਰ ਜਾਧਵ ਨੇ 18 ਦੌੜਾਂ ਬਣਾਈਆਂ। ਨਿਊਜ਼ੀਲੈਂਡ ਗੇਂਦਬਾਜ਼ਾਂ ‘ਚੋਂ ਮਸ਼ੇਲ ਸੇਂਟਨਰ, ਐਡਮ ਮਿਲਨੇ ਅਤੇ ਟਿਮ ਸਾਊਦੀ ਨੇ 2-2 ਵਿਕਟ ਲਏ।
ਭਾਰਤ ਵੱਲੋਂ ਜਿੱਤ ਲਈ ਮਿਲੇ 338 ਦੌੜਾਂ ਦਾ ਟੀਚਾ ਸਰ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਨੇ ਇਕ ਵਾਰ ਤਾਂ ਭਾਰਤੀ ਟੀਮ ਨੂੰ ਬਖ਼ਤ ਪਾ ਦਿੱਤਾ ਸੀ ਪਰ ਕੀਵੀ ਟੀਮ ਆਖ਼ਰੀ ਮੈਚ ਤੇ ਲੜੀ ਜਿੱਤਣ ‘ਚ ਨਾਕਾਮ ਰਹੀ। ਕੀਵੀ ਟੀਮ ਨੇ 7 ਵਿਕਟਾਂ ‘ਤੇ 331 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਨੇ 7 ਚੌਕਿਆਂ ਤੇ 3 ਛੱਕਿਆਂ ਮਦਦ ਨਾਲ 75 ਦੌੜਾਂ ਬਣਾਈਆਂ, ਕਪਤਾਨ ਕੇਨ ਵਿਲੀਅਮਸਨ ਨੇ 64, ਰੋਸ ਟੇਲਰ ਨੇ 39, ਹੈਨਰੀ ਨਿਕੋਲਸ ਨੇ 37, ਟੌਮ ਲੇਧਮ ਨੇ 65, ਮਿਸ਼ੇਲ ਸੇਂਟਨਰ ਨੇ 9 ਜਦੋਂ ਕਿ ਕੋਲਿਨ ਡੀਗਰੈਂਡਹੋਮ 8 ਤੇ ਟਿਮ ਸਾਊਦੀ 4 ਦੌੜਾਂ ਨਾਲ ਨਾਬਾਦ ਰਹੇ। ਭਾਰਤੀ ਗੇਂਦਬਾਜ਼ਾਂ ‘ਚੋਂ ਬਮਰਾਹ ਨੇ 3, ਯੁਜ਼ਵੇਂਦਰ ਚਹਿਲ ਨੇ 2 ਅਤੇ ਭੁਵਨੇਸ਼ਵਰ ਕੁਮਾਰ ਨੇ 1 ਵਿਕਟ ਲਿਆ।
ਇਸ ਆਖ਼ਰੀ ਮੈਚ ਵਿੱਚ ਮਿਲੀ ਜਿੱਤ ਦੇ ਲਈ ਰੋਹਿਤ ਸ਼ਰਮਾ ਨੂੰ ‘ਮੈਨ ਆਫ਼ ਦਾ ਮੈਚ’ ਅਤੇ ਕਪਤਾਨ ਕੋਹਲੀ ਨੂੰ ‘ਮੈਨ ਆਫ਼ ਦਾ ਸੀਰੀਜ਼’ ਐਲਾਨਿਆ ਗਿਆ।
Cricket ਭਾਰਤ ਨੇ ਨਿਊਜ਼ੀਲੈਂਡ ਤੋਂ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤੀ