ਭਾਰਤ ਨੇ ਨਿਊਜ਼ੀਲੈਂਡ ਨੂੰ ‘ਹਾਈ ਰਿਸਕ’ ਵਾਲੇ ਦੇਸ਼ਾਂ ਦੀ ਸੂਚੀ ‘ਚ ਪਾਇਆ, ਭਾਰਤ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ਾਂ

ਆਕਲੈਂਡ, 30 ਨਵੰਬਰ – ਦੁਨੀਆ ਭਰ ਵਿੱਚ ਓਮਿਕਰੋਨ (Omicron) ਦੇ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਨੇ ਆਪਣੀ ‘ਹਾਈ ਰਿਸਕ’ ਵਾਲੀ ਸੂਚੀ ਵਿੱਚ ਹੋਰਨਾਂ ਦੇਸ਼ਾਂ ਦੇ ਨਾਲ ਨਿਊਜ਼ੀਲੈਂਡ ਨੂੰ ਵੀ ਸ਼ਾਮਲ ਕੀਤਾ ਹੈ। ਜਦੋਂ ਆਸਟਰੇਲੀਆ ਵਿੱਚ ਓਮਿਕਰੋਨ (Omicron) ਦੇ 2 ਕੇਸ ਆਉਣ ਦੇ ਬਾਵਜੂਦ ‘ਹਾਈ ਰਿਸਕ’ ਵਾਲੀ ਸੂਚੀ ਵਿੱਚੋਂ ਬਾਹਰ ਰੱਖਿਆ ਹੈ।
ਹੁਣ 1 ਦਸੰਬਰ ਤੋਂ ਨਿਊਜ਼ੀਲੈਂਡ ਤੋਂ ਭਾਰਤ ਪਹੁੰਚਣ ਵਾਲੇ ਹਰ ਯਾਤਰੀਆਂ ਨੂੰ ਕੋਰੋਨਾਵਾਇਰਸ ਦਾ ਟੈੱਸਟ ਵੀ ਕਰਵਾਉਣਾ ਦੇ ਨਾਲ 14 ਦਿਨਾਂ ਲਈ ਹੋਮ ਆਈਸੋਲੇਸ਼ਨ ਵਿੱਚ ਰਹਿਣਾ ਪਵੇਗਾ। ਹੋਮ ਆਈਸੋਲੇਸ਼ਨ ਦੌਰਾਨ 7ਵੇਂ ਦਿਨ ਕੋਰੋਨਾ ਟੈੱਸਟ ਕਰਵਾਉਣਾ ਪਵੇਗਾ। ਪਰ ਟੈੱਸਟ ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਹਰੇਕ ਵਿਅਕਤੀ ਨੂੰ 7 ਦਿਨਾਂ ਲਈ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ। ਨਿਊਜ਼ੀਲੈਂਡ ਤੋਂ ਭਾਰਤ ਪਹੁੰਚਣ ਵਾਲੇ ਕਿਸੇ ਵੀ ਯਾਤਰੀ ਨੂੰ ਜੇ ਕੋਰੋਨਾਵਾਇਰਸ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਨੂੰ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਏਗਾ ਅਤੇ ਕੁਆਰੰਟੀਨ ਸਹੂਲਤ ਵਿੱਚ ਭੇਜ ਦਿੱਤਾ ਜਾਏਗਾ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨਾਲ ਜੋਖ਼ਮ ਵਾਲੇ ਦੇਸ਼ਾਂ ਵਿੱਚ ਦੱਖਣੀ ਅਫ਼ਰੀਕਾ, ਚੀਨ, ਬਰਤਾਨੀਆ, ਯੂਰਪੀ ਦੇਸ਼, ਬੰਗਲਾਦੇਸ਼, ਬ੍ਰਾਜ਼ੀਲ, ਬੋਤਸਵਾਨਾ, ਮੌਰੀਸ਼ਿਸ, ਜ਼ਿੰਬਾਬਵੇ, ਹਾਂਗਕਾਂਗ, ਸਿੰਗਾਪੁਰ ਅਤੇ ਇਜ਼ਰਾਈਲ ਸ਼ਾਮਲ ਹਨ। ਇਨ੍ਹਾਂ ਦੇ ਯਾਤਰੀਆਂ ਖ਼ਾਸ ਤੌਰ ‘ਤੇ ਪਰਖਿਆ ਜਾਏਗਾ।
ਭਾਰਤੀ ਸਿਹਤ ਮੰਤਰਾਲੇ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ 1 ਦਸੰਬਰ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਸਾਰੇ ਕੌਮਾਂਤਰੀ ਯਾਤਰੀਆਂ ਤੇ ਲਾਗੂ ਹੋਣਗੇ। ਇਨ੍ਹਾਂ ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਦੇ ‘ਏਅਰ ਸੁਵਿਧਾ ਆਨਲਾਈਨ ਪੋਰਟਲ’ ਉੱਤੇ ਆਪਣੇ ਸਵੈ-ਘੋਸ਼ਣਾ ਪੱਤਰ ਵਿੱਚ ਪਿਛਲੇ 14 ਦਿਨਾਂ ਦੀ ਯਾਤਰਾ ਦਾ ਵੇਰਵਾ ਹਵਾਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਰ ਯਾਤਰੀ ਨੂੰ ਰਵਾਨਗੀ ਤੋਂ 72 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ -19 ਸਬੰਧੀ ਟੈੱਸਟ ਦੀ ਨੈਗੇਟਿਵ ਰਿਪੋਰਟ ਵੀ ਅੱਪਲੋਡ ਕਰਨ ਲਈ ਕਿਹਾ ਗਿਆ ਹੈ। ਜੋਖ਼ਮ ਵਾਲੇ ਦੇਸ਼ਾਂ ਦੇ ਯਾਤਰੀਆਂ ਲਈ ਟੀਕਾਕਰਣ ਕਰਵਾਉਣ ਦੇ ਬਾਵਜੂਦ ਭਾਰਤ ਪਹੁੰਚਣ ਸਮੇਂ ਹਵਾਈ ਅੱਡੇ ‘ਤੇ ਕੋਵਿਡ -19 ਦੀ ਜਾਂਚ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਉਨ੍ਹਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ ਲਈ ਸੈਲਫ਼-ਆਈਸੋਲੇਸ਼ਨ ਕਰਨ ਦੀ ਸਲਾਹ ਦਿੱਤੀ ਗਈ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੈੱਸਟ ਤੋਂ ਛੋਟ ਹੈ।
ਥਰਮਲ ਸਕਰੀਨਿੰਗ ਤੋਂ ਬਾਅਦ ਹੀ ਤੰਦਰੁਸਤ ਯਾਤਰੀਆਂ ਨੂੰ ਜਹਾਜ਼ ਵਿੱਚ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਾਰੇ ਯਾਤਰੀਆਂ ਨੂੰ ਆਪੋ-ਆਪਣੇ ਮੋਬਾਈਲ ਫੋਨਾਂ ਉੱਤੇ ‘ਅਰੋਗਿਆ ਸੇਤੂ’ ਐਪ ਡਾਊਨਲੋਡ ਕਰਨਾ ਹੋਵੇਗਾ। ਨਵੇਂ ਨਿਯਮਾਂ ਅਨੁਸਾਰ ਘਰੇਲੂ ਇਕਾਂਤਵਾਸ ਦੌਰਾਨ ਪਾਜ਼ੇਟਿਵ ਪਾਏ ਜਾਣ ਵਾਲੇ ਯਾਤਰੀਆਂ ਦੇ ਸਾਰੇ ਸੰਪਰਕਾਂ ਨੂੰ ਵੀ 14 ਦਿਨਾਂ ਲਈ ਵੱਖ ਰੱਖਿਆ ਜਾਵੇਗਾ ਅਤੇ ਇਹ ਟੈੱਸਟ ਆਈਸੀਐੱਮਆਰ ਨੇਮਾਂ ਅਨੁਸਾਰ ਕੀਤਾ ਜਾਵੇਗਾ। ਟੈੱਸਟ ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਹਰੇਕ ਵਿਅਕਤੀ ਨੂੰ 7 ਦਿਨਾਂ ਲਈ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ। 8ਵੇਂ ਦਿਨ ਇੱਕ ਫਾਲੋਅਪ ਟੈੱਸਟ ਕੀਤਾ ਜਾਵੇਗਾ ਅਤੇ ਵਿਅਕਤੀ ਅਗਲੇ 7 ਦਿਨਾਂ ਲਈ ਆਪਣੀ ਸਿਹਤ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ।