ਮੁੰਬਈ, 6 ਦਸੰਬਰ – ਭਾਰਤ ਨੇ ਜੈਅੰਤ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦੂਜੇ ਅਤੇ ਆਖ਼ਰੀ ਕ੍ਰਿਕਟ ਟੈੱਸਟ ਮੈਚ ਦੇ ਚੌਥੇ ਦਿਨ ਸਵੇਰੇ ਪਹਿਲੇ ਘੰਟੇ ਵਿੱਚ ਹੀ ਨਿਊਜ਼ੀਲੈਂਡ ਦੀਆਂ 5 ਵਿਕਟਾਂ ਝਟਕਾ ਕੇ 372 ਦੌੜਾਂ ਦੀ ਰਿਕਾਰਡ ਜਿੱਤ ਦਰਜ ਕੀਤੀ ਹੈ। ਮੇਜ਼ਬਾਨ ਭਾਰਤੀ ਟੀਮ ਨੇ ਇਸ ਦੇ ਨਾਲ ਹੀ 2 ਟੈੱਸਟ ਮੈਚਾਂ ਦੀ ਲੜੀ 1-0 ਨਾਲ ਆਪਣੇ ਨਾਮ ਕਰ ਲਈ। ਦਿਨ ਦੀ ਖੇਡ ਸ਼ੁਰੂ ਹੋਣ ਦੇ 45 ਮਿੰਟ ਦੇ ਅੰਦਰ ਹੀ ਭਾਰਤ ਵੱਲੋਂ ਮਿਲੇ 540 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਨਿਊਜ਼ੀਲੈਂਡ ਦੀ ਟੀਮ 56.3 ਓਵਰਾਂ ਵਿੱਚ 167 ਦੌੜਾਂ ‘ਤੇ ਆਊਟ ਹੋ ਗਈ। ਰਵੀਚੰਦਰਨ ਅਸ਼ਵਿਨ ਨੇ 34 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਸ ਨੇ ਭਾਰਤ ਲਈ ਆਪਣੀ 300ਵੀਂ ਟੈੱਸਟ ਵਿਕਟ ਲੈ ਕੇ ਨਿਊਜ਼ੀਲੈਂਡ ਦੀ ਪਾਰੀ ਦਾ ਅੰਤ ਕੀਤਾ।
ਭਾਰਤ ਦੀ ਆਪਣੀ ਸਰਜ਼ਮੀਨ ‘ਤੇ ਦੌੜਾਂ ਦੇ ਹਿਸਾਬ ਨਾਲ ਇਹ ਸਭ ਤੋਂ ਵੱਡੀ ਤੇ ਇਤਿਹਾਸਕ ਜਿੱਤ ਹੈ। ਇਸ ਤੋਂ ਪਹਿਲਾਂ ਦਾ ਰਿਕਾਰਡ 337ਦੌੜਾਂ ਦਾ ਸੀ, ਜੋ ਉਸ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ 2015 ਵਿੱਚ ਦਿੱਲੀ ਵਿਖੇ ਬਣਾਇਆ ਸੀ। ਕਾਨਪੁਰ ਵਿੱਚ ਆਪਣੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਟੈੱਸਟ ਮੈਚ ਡਰਾਅ ਕਰਵਾਉਣ ਵਾਲੀ ਨਿਊਜ਼ੀਲੈਂਡ ਦੀ ਟੀਮ ਮੁੰਬਈ ਵਿੱਚ ਸੰਘਰਸ਼ ਨਹੀਂ ਕਰ ਸਕੀ। ਨਿਊਜ਼ੀਲੈਂਡ ਦੇ ਭਾਰਤੀ ਮੂਲ ਦੇ ਸਪਿਨਰ ਐਜਾਜ਼ ਪਟੇਲ ਨੇ ਇੱਥੇ ਪਹਿਲੀ ਪਾਰੀ ਵਿੱਚ 10 ਵਿਕਟਾਂ ਲੈ ਕੇ ਇਤਿਹਾਸਕ ਕਾਰਨਾਮਾ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਪਟੇਲ ਨੇ ਨਿਊਜ਼ੀਲੈਂਡ ਵੱਲੋਂ ਦੋਵਾਂ ਪਾਰੀਆਂ ਵਿੱਚ 73.3 ਓਵਰ ਗੇਂਦਬਾਜ਼ੀ ਕੀਤੀ, ਜਦੋਂ ਕਿ ਉਨ੍ਹਾਂ ਦੀ ਟੀਮ ਦੋਵਾਂ ਪਾਰੀਆਂ ਵਿੱਚ 84.4 ਓਵਰਾਂ ਤੱਕ ਹੀ ਬੱਲੇਬਾਜ਼ੀ ਕਰ ਸਕੀ। ਨਿਊਜ਼ੀਲੈਂਡ ਨੇ ਸਵੇਰੇ 5 ਵਿਕਟਾਂ ਦੇ ਨੁਕਸਾਨ ‘ਤੇ 140 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਜੈਅੰਤ ਨੇ 49 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਹਾਰ
ਭਾਰਤ ਨੇ ਨਿਊਜ਼ੀਲੈਂਡ ਨੂੰ ਦੂਜੇ ਟੈੱਸਟ ਕ੍ਰਿਕਟ ਮੈਚ ਵਿੱਚ 372 ਦੌੜਾਂ ਨਾਲ ਹਰਾਇਆ ਹੈ, ਜੋ ਉਸ ਦੀ ਟੈੱਸਟ ਮੈਚਾਂ ਵਿੱਚ ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਜਿੱਤ ਅਤੇ ਕੀਵੀ ਟੀਮ ਦੀ ਸਭ ਤੋਂ ਵੱਡੀ ਹਾਰ ਹੈ। ਨਿਊਜ਼ੀਲੈਂਡ ਟੀਮ ਨੇ 1988 ਤੋਂ ਭਾਰਤ ਵਿੱਚ ਕੋਈ ਟੈੱਸਟ ਮੈਚ ਨਹੀਂ ਜਿੱਤਿਆ ਅਤੇ ਨਾ ਹੀ ਇੱਥੇ ਕੋਈ ਟੈੱਸਟ ਲੜੀ ਜਿੱਤ ਸਕੀ ਹੈ। ਭਾਰਤ ਨੇ ਇਸ ਤੋਂ ਪਹਿਲਾਂ ਸਾਲ 2015 ਦੌਰਾਨ ਨਵੀਂ ਦਿੱਲੀ ਵਿਖੇ ਦੱਖਣੀ ਅਫ਼ਰੀਕਾ ਨੂੰ 337 ਦੌੜਾਂ ਨਾਲ ਹਰਾਇਆ ਸੀ। ਨਿਊਜ਼ੀਲੈਂਡ ਖ਼ਿਲਾਫ਼ ਇਸ ਤੋਂ ਪਹਿਲਾਂ ਭਾਰਤ ਦਾ ਰਿਕਾਰਡ 321 ਦੌੜਾਂ ਨਾਲ ਜਿੱਤ ਦਾ ਸੀ, ਜੋ ਉਸ ਨੇ 2016 ਵਿੱਚ ਇੰਦੌਰ ਵਿੱਚ ਹਾਸਲ ਕੀਤਾ ਸੀ। ਨਿਊਜ਼ੀਲੈਂਡ ਦੀ ਇਹ ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਉਸ ਨੂੰ 2007 ਵਿੱਚ ਜੋਹਾਨੈੱਸਬਰਗ ਵਿਖੇ 358 ਦੌੜਾਂ ਨਾਲ ਹਰਾਇਆ ਸੀ।
Cricket ਭਾਰਤ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾ ਕੇ ਲੜੀ ‘ਤੇ 1-0...