ਭਾਰਤ ਨੇ ਸੜਕ ਨਿਰਮਾਣ ‘ਚ ਗਿੰਨੀਜ਼ ਵਰਲਡ ਰਿਕਾਰਡ ਬਣਾਇਆ, 105:33 ਘੰਟਿਆਂ ‘ਚ 75 ਕਿੱਲੋਮੀਟਰ ਸੜਕ ਬਣਾਈ

ਨਵੀਂ ਦਿੱਲੀ, 8 ਜੂਨ – ਭਾਰਤ ਦੀ ਕੌਮੀ ਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਮਹਾਰਾਸ਼ਟਰ ਵਿੱਚ ਅਮਰਾਵਤੀ ਅਤੇ ਅਕੋਲਾ ਜ਼ਿਲ੍ਹਿਆਂ ਵਿਚਾਲੇ ਕੌਮੀ ਮਾਰਗ ‘ਤੇ 105 ਘੰਟਿਆਂ ਤੇ 33 ਮਿੰਟਾਂ ‘ਚ ਲਗਾਤਾਰ ਕੰਮ ਕਰ ਕੇ 75 ਕਿੱਲੋਮੀਟਰ ਸੜਕ ਬਣਾ ਕੇ ਗਿੰਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ।
ਸੜਕੀ ਆਵਾਜਾਈ ਅਤੇ ਕੌਮੀ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 720 ਮਜ਼ਦੂਰਾਂ ਅਤੇ ਸਲਾਹਕਾਰਾਂ ਦੀ ਇਕ ਟੀਮ ਨੇ ਲਗਾਤਾਰ ਦਿਨ-ਰਾਤ ਕੰਮ ਕੀਤਾ ਸੀ। ਗਡਕਰੀ ਨੇ ਇਕ ਵੀਡੀਓ ਸੁਨੇਹੇ ਵਿੱਚ ਕਿਹਾ ਕਿ 75 ਕਿੱਲੋਮੀਟਰ ਦੀ ਸਿੰਗਲ ਲੇਨ ਸੜਕ ਦੀ ਕੁੱਲ ਲੰਬਾਈ 37.5 ਕਿੱਲੋਮੀਟਰ ਦੀ ਦੋ ਲੇਨ ਵਾਲੀ ਪੱਕੀ ਸੜਕ ਦੇ ਬਰਾਬਰ ਹੈ। ਇਸ ਨੂੰ ਬਣਾਉਣ ਦਾ ਕੰਮ 3 ਜੂਨ ਨੂੰ ਸਵੇਰੇ 7.27 ਵਜੇ ਸ਼ੁਰੂ ਕੀਤਾ ਗਿਆ ਸੀ ਤੇ ਇਹ 7 ਜੂਨ ਨੂੰ ਸ਼ਾਮ 5 ਵਜੇ ਬਣ ਕੇ ਤਿਆਰ ਹੋ ਗਈ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲਾ ਗਿੰਨੀਜ਼ ਵਰਲਡ ਰਿਕਾਰਡ 25.275 ਕਿੱਲੋਮੀਟਰ ਸੜਕ ਨਿਰਮਾਣ ਦਾ ਸੀ ਜੋ ਫਰਵਰੀ 2019 ਵਿੱਚ ਦੋਹਾ, ਕਤਰ ‘ਚ ਬਣਾਇਆ ਗਿਆ ਸੀ। ਉਹ ਕੰਮ 10 ਦਿਨਾਂ ਵਿੱਚ ਪੂਰਾ ਕੀਤਾ ਗਿਆ ਸੀ।
ਅਮਰਾਵਤੀ ਤੋਂ ਅਕੋਲਾ ਸੈਕਸ਼ਨ ਕੌਮੀ ਮਾਰਗ (ਐੱਨਐੱਚ) 53 ਦਾ ਹਿੱਸਾ ਹੈ। ਇਹ ਇਕ ਅਹਿਮ ਲਾਂਘਾ ਹੈ ਜੋ ਕੋਲਕਾਤਾ, ਰਾਏਪੁਰ, ਨਾਗਪੁਰ ਅਤੇ ਸੂਰਤ ਵਰਗੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਦਾ ਹੈ। ਸ੍ਰੀ ਗਡਕਰੀ ਅਨੁਸਾਰ, ਜੇਕਰ ਇਕ ਵਾਰ ਕੰਮ ਪੂਰਾ ਹੋ ਜਾਂਦਾ ਹੈ ਤਾਂ ਇਹ ਹਿੱਸਾ ਇਸ ਰੂਟ ‘ਤੇ ਟਰੈਫ਼ਿਕ ਅਤੇ ਢੋਆ-ਢੁਆਈ ਦੀ ਆਸਾਨ ਆਵਾਜਾਈ ਵਿੱਚ ਅਹਿਮ ਰੋਲ ਅਦਾ ਕਰੇਗਾ। ਉਨ੍ਹਾਂ ਇਸ ਪ੍ਰਾਪਤੀ ਲਈ ਐੱਨਐੱਚਏਆਈ ਦੇ ਸਾਰੇ ਇੰਜੀਨੀਅਰਾਂ, ਠੇਕੇਦਾਰਾਂ ਤੇ ਵਰਕਰਾਂ ਨੂੰ ਵਧਾਈ ਦਿੱਤੀ।