ਭਾਰਤ ਬੰਦ ਦੌਰਾਨ ਵੱਖ-ਵੱਖ ਥਾਵਾਂ ‘ਤੇ ਹਿੰਸਾ ਤੇ ਅੱਗਜ਼ਨੀ

ਨਵੀਂ ਦਿੱਲੀ, 2 ਅਪ੍ਰੈਲ – ਦੇਸ਼ ਦੇ ਕਈ ਸੂਬਿਆਂ ਵਿੱਚ ਐੱਸਸੀ/ਐੱਸਟੀ (ਜ਼ੁਲਮ ਰੋਕੂ) ਐਕਟ ਨੂੰ ਕਥਿਤ ਕਮਜ਼ੋਰ ਕੀਤੇ ਜਾਣ ਖ਼ਿਲਾਫ਼ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਭਾਰੀ ਹਿੰਸਾ ਤੇ ਅੱਗਜ਼ਨੀ ਕਾਰਨ ਘੱਟੋ-ਘੱਟ 12 ਜਾਨਾਂ ਜਾਣ ਅਤੇ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਬੰਦ ਦੌਰਾਨ ਕਈ ਥਾਈਂ ਰੇਲਾਂ ਰੋਕੀਆਂ ਤੇ ਵਾਹਨਾਂ ਨੂੰ ਅੱਗਾਂ ਲਾ ਦਿੱਤੀਆਂ। ਇਸ ਕਾਰਨ ਕਈ ਸ਼ਹਿਰਾਂ ਵਿੱਚ ਕਰਫ਼ਿਊ ਲਾ ਦਿੱਤਾ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੰਗਾ-ਰੋਕੂ ਪੁਲੀਸ ਦੇ ਜਵਾਨ ਫ਼ੌਰੀ ਮੱਧ ਪ੍ਰਦੇਸ਼ ਤੇ ਯੂਪੀ ਭੇਜੇ ਅਤੇ ਸਾਰੀਆਂ ਸੂਬਾ ਸਰਕਾਰਾਂ ਨੂੰ ਅਮਨ-ਕਾਨੂੰਨ ਬਣਾਈ ਰੱਖਣ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕਣ ਦੀ ਹਦਾਇਤ ਕੀਤੀ।
ਸੁਪਰੀਮ ਕੋਰਟ ਨੇ ਇਕ ਲੋਕ ਹਿੱਤ ਪਟੀਸ਼ਨ ਦੇ ਆਧਾਰ ਉੱਤੇ ਬੀਤੀ 20 ਮਾਰਚ ਨੂੰ ਆਪਣੇ ਫ਼ੈਸਲੇ ਦੌਰਾਨ ‘ਇਮਾਨਦਾਰ’ ਅਫ਼ਸਰਾਂ ਨੂੰ ਐੱਸਸੀ/ਐੱਸਟੀ ਐਕਟ ਤਹਿਤ ‘ਝੂਠੇ’ ਕੇਸਾਂ ਤੋਂ ਬਚਾਉਣ ਲਈ ਐਕਟ ਤਹਿਤ ਕੇਸ ਦਰਜ ਹੋਣ ਉੱਤੇ ਉਨ੍ਹਾਂ ਦੀ ਫ਼ੌਰੀ ਗ੍ਰਿਫ਼ਤਾਰੀ ਉੱਤੇ ਰੋਕ ਲਾ ਦਿੱਤੀ ਸੀ। ਦਲਿਤ ਜਥੇਬੰਦੀਆਂ ਤੇ ਵਿਰੋਧੀ ਧਿਰ ਨੇ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਭਰ ਵਿੱਚ ਪਛੜੇ ਭਾਈਚਾਰਿਆਂ ਉੱਤੇ ਜ਼ੁਲਮ ਹੋਰ ਵਧਣਗੇ। ਬੰਦ ਕਾਰਨ ਕਈ ਸੂਬਿਆਂ ਵਿੱਚ ਟਰਾਂਸਪੋਰਟ, ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਉੱਤੇ ਮਾੜਾ ਅਸਰ ਪਿਆ ਅਤੇ 100 ਦੇ ਕਰੀਬ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ। ਕਈ ਗੱਡੀਆਂ ਨੂੰ ਰੱਦ ਕਰਨਾ ਪਿਆ। ਅੱਗਜ਼ਨੀ, ਫਾਇਰਿੰਗ ਤੇ ਤੋੜ-ਭੰਨ ਦੀਆਂ ਬਹੁਤੀਆਂ ਘਟਨਾਵਾਂ ਮੱਧ ਪ੍ਰਦੇਸ਼, ਯੂਪੀ, ਰਾਜਸਥਾਨ, ਬਿਹਾਰ, ਹਰਿਆਣਾ ਅਤੇ ਪੰਜਾਬ ਵਿੱਚ ਹੋਣ ਦੀਆਂ ਖ਼ਬਰਾਂ ਹਨ। ਮਹਾਰਾਸ਼ਟਰ ਤੇ ਉੜੀਸਾ ਆਦਿ ਵਿੱਚ ਵੀ ਬੰਦ ਕਾਰਨ ਜਨਜੀਵਨ ਉੱਤੇ ਮਾੜਾ ਅਸਰ ਪਿਆ।
ਸੋਮਵਾਰ ਨੂੰ ਦਲਿਤ ਸੰਗਠਨਾਂ ਦਾ ਭਾਰਤ ਬੰਦ ਕਈ ਥਾਵਾਂ ਉੱਤੇ ਉਗਰ ਹੋ ਗਿਆ। ਦਿੱਲੀ-ਐਨਸੀਆਰ ਤੋਂ ਲੈ ਕੇ ਰਾਜਸਥਾਨ,  ਮੱਧ ਪ੍ਰਦੇਸ਼, ਬਿਹਾਰ, ਯੂਪੀ ਅਤੇ ਗੁਜਰਾਤ ਤੱਕ ਤੋਂ ਹਿੰਸਕ ਝੜਪਾਂ ਅਤੇ ਗੱਡੀਆਂ ਨੂੰ ਫੂੰਕਣ ਦੀਆਂ ਖ਼ਬਰਾਂ ਦਿਨ ਭਰ ਮਿਲਦੀ ਰਹੀਆਂ। 10 ਸੂਬਿਆਂ ਵਿੱਚ ਹੋਈ ਇਸ ਹਿੰਸਾ ਦੇ ਚਲਦੇ ਕਾਨੂੰਨ-ਵਿਵਸਥਾ ਸਾਰੀਆਂ ਥਾਵਾਂ ਉੱਤੇ ਠੱਪ ਨਜ਼ਰ ਆਈ।
ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿੱਚ ਹਿੰਸਾ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਲਗਭਗ 2000 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸਭ ਤੋਂ ਜ਼ਿਆਦਾ 6 ਮੌਤਾਂ ਮੱਧ ਪ੍ਰਦੇਸ਼ ਵਿੱਚ ਹੋਈਆਂ ਹਨ। ੪ ਲੋਕਾਂ ਦੀ ਮੌਤ ਵੈਸਟ ਯੂਪੀ ਦੇ ਮੇਰਠ ਅਤੇ ਮੁਜ਼ੱਫ਼ਰਨਗਰ ਵਿੱਚ ਹੋਈਆਂ। ਬਿਹਾਰ ਦੇ ਵੈਸ਼ਾਲੀ ਵਿੱਚ ਐਂਬੂਲੈਂਸ ਦੇ ਫਸਣ ਨਾਲ ਇੱਕ ਨਵਜਾਤ ਬੱਚੇ ਦੀ ਮੌਤ ਹੋ ਗਈ। ਇੱਕ ਵਿਅਕਤੀ ਦੇ ਰਾਜਸਥਾਨ ਵਿੱਚ ਮਰਨ ਦੀ ਖ਼ਬਰ ਹੈ।