ਨਵੀਂ ਦਿੱਲੀ, 18 ਮਈ – 17 ਮਈ ਨੂੰ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੇ ਸਮੁੱਚੇ ਦੇਸ਼ ਵਿੱਚ ਲੌਕਡਾਊਨ 31 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਅਥਾਰਿਟੀ ਨੇ ਹੁਕਮ ਵਿੱਚ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਠੱਲ੍ਹਣ ਲਈ ਲੌਕਡਾਊਨ ਮਾਪਦੰਡ ਦੇਸ਼ ਭਰ ਵਿੱਚ ਅਗਲੇ 14 ਦਿਨਾਂ ਲਈ ਜਾਰੀ ਰਹਿਣਗੇ। 25 ਮਾਰਚ ਮਗਰੋਂ ਇਹ ਲੌਕਡਾਊਨ ਵਿੱਚ ਚੌਥਾ ਵਾਧਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ 4.0 ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਵੀਂਆਂ ਸੇਧਾਂ ਮੁਤਾਬਕ 65 ਸਾਲ ਤੋਂ ਉੱਪਰ ਦੇ ਬਜ਼ਰੁਗ, ਬਿਮਾਰ, ਗਰਭਵਤੀ ਔਰਤਾਂ ਤੇ ਦਸ ਸਾਲ ਤੋਂ ਘੱਟ ਉਮਰ ਦੇ ਬੱਚੇ ਘਰਾਂ ਵਿੱਚ ਹੀ ਰਹਿਣਗੇ। ਉਨ੍ਹਾਂ ਨੂੰ ਜ਼ਰੂਰੀ ਕੰਮ ਤੇ ਸਿਹਤ ਨਾਸਾਜ਼ ਹੋਣ ਦੀ ਸੂਰਤ ਵਿੱਚ ਹੀ ਬਾਹਰ ਆਉਣ ਦੀ ਇਜਾਜ਼ਤ ਹੋਵੇਗੀ। ਸੇਧਾਂ ਮੁਤਾਬਿਕ ਮੁਕਾਮੀ ਅਥਾਰਿਟੀਜ਼ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ। ਇਸ ਦੌਰਾਨ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਲੋਕਾਂ ਦੀ ਆਵਾਜਾਈ ’ਤੇ ਮੁਕੰਮਲ ਪਾਬੰਦੀ ਰਹੇਗੀ।
ਨੌਂ ਸਫ਼ਿਆਂ ਵਾਲੀਆਂ ਇਨ੍ਹਾਂ ਸੇਧਾਂ ਮੁਤਾਬਿਕ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਾਲ, ਸੰਤਰੀ ਤੇ ਹਰੇ ਜ਼ੋਨਾਂ ਦੀ ਹੱਦਬੰਦੀ ਸਬੰਧੀ ਫੈਸਲਾ ਖੁ਼ਦ ਕਰਨਗੇ। ਇਸ ਦੇ ਨਾਲ ਹੀ ਅੰਤਰਰਾਜੀ ਵਾਹਨਾਂ ਤੇ ਬੱਸਾਂ ਦੀ ਆਮਦੋ-ਰਫ਼ਤ ਸਬੰਧੀ ਫੈਸਲਾ ਸਬੰਧਤ ਰਾਜ ਆਪਸੀ ਸਹਿਮਤੀ ਨਾਲ ਲੈਣਗੇ। ਮੈਟਰੋ ਰੇਲ ਸੇਵਾਵਾਂ, ਸਕੂਲ-ਕਾਲਜ, ਸਿਖਲਾਈ ਤੇ ਕੋਚਿੰਗ ਸੰਸਥਾਵਾਂ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲਜ਼, ਸਵਿਮਿੰਗ ਪੂਲ ਤੇ ਜਿੰਮ ਪਹਿਲਾਂ ਵਾਂਗ 31 ਮਈ ਤਕ ਬੰਦ ਰਹਿਣਗੇ। ਆਨਲਾਈਨ ਦੂਰਵਰਤੀ ਸਿੱਖਿਆ ਦੀ ਖੁੱਲ੍ਹ ਜਾਰੀ ਰਹੇਗੀ। ਘਰੇਲੂ ਹਵਾਈ ਐਂਬੂਲੈਂਸ ਸੇਵਾ ਨੂੰ ਛੱਡ ਕੇ ਸਾਰੀਆਂ ਘਰੇਲੂ ਤੇ ਕੌਮਾਂਤਰੀ ਹਵਾਈ ਮੁਸਾਫ਼ਰ ਉਡਾਣਾਂ ਵੀ ਬੰਦ ਰਹਿਣਗੀਆਂ। ਕਿਸੇ ਤਰ੍ਹਾਂ ਦੇ ਸਮਾਜਿਕ, ਸਿਆਸੀ ਤੇ ਧਾਰਮਿਕ ਸਮਾਗਮ ’ਤੇ ਪੂਰਨ ਪਾਬੰਦੀ ਰਹੇਗੀ। ਧਾਰਮਿਕ ਅਸਥਾਨ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਕੰਟੇਨਮੈਂਟ ਜ਼ੋਨ ਤੋਂ ਬਾਹਰਲੀਆਂ ਸਾਰੀਆਂ ਦੁਕਾਨਾਂ ਭਲਕ ਤੋਂ ਵੱਖੋ-ਵੱਖ ਸਮਿਆਂ ’ਤੇ ਖੁੱਲ੍ਹਣਗੀਆਂ।
ਮੰਤਰਾਲੇ ਮੁਤਾਬਕ ਰਾਜਾਂ ਤੇ ਯੂਟੀਜ਼ ਵੱਲੌਂ ਕੀਤੇ ਫੈਸਲੇ ਮੁਤਾਬਿਕ ਜ਼ੋਨ ਇਕ ਜ਼ਿਲ੍ਹਾ, ਮਿਉਂਸਿਪਲ ਕਾਰਪੋਰੇਸ਼ਨ/ ਮਿਉਂਸਿਪੈਲਿਟੀ ਜਾਂ ਇਸ ਤੋਂ ਵੀ ਛੋਟਾ ਪ੍ਰਸ਼ਾਸਨਿਕ ਯੂਨਿਟ ਜਿਵੇਂ ਸਬ-ਡਿਵੀਜ਼ਨ ਵੀ ਹੋ ਸਕਦਾ ਹੈ। ਲਾਲ ਤੇ ਸੰਤਰੀ ਜ਼ੋਨਾਂ ਅੰਦਰਲੀਆਂ ਕੰਟੇਨਜ਼ੋਨਮੈਂਟ ਤੇ ਬਫ਼ਰ ਜ਼ੋਨਾਂ ਬਾਰੇ ਫੈਸਲਾ ਜ਼ਿਲ੍ਹਾ ਅਥਾਰਿਟੀਆਂ ਲੈਣਗੀਆਂ। ਕੰਟੇਨਮੈਂਟ ਜ਼ੋਨ ਵਿੱਚ ਸਿਰਫ਼ ਜ਼ਰੂਰੀ ਸਰਗਰਮੀਆਂ ਤੇ ਮੈਡੀਕਲ ਐਮਰਜੈਂਸੀ ਦੀ ਹੀ ਖੁੱਲ੍ਹ ਹੋਵੇਗੀ। ਗ੍ਰਹਿ ਮੰਤਰਾਲੇ ਨੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਵਿੱਚ ਖੇਡ ਕੰਪਲੈਕਸਾਂ ਤੇ ਸਟੇਡੀਅਮਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਮੰਤਰਾਲੇ ਨੇ ਸਾਫ਼ ਕਰ ਦਿੱਤਾ ਕਿ ਖੇਡ ਕੰਪਲੈਕਸ ਤੇ ਸਟੇਡੀਅਮ ਖੁੱਲ੍ਹਣਗੇ, ਪਰ ਦਰਸ਼ਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਭਲਕ ਤੋਂ ਕੰਟੇਨਮੈਂਟ ਜ਼ੋਨ ਤੋਂ ਬਾਹਰਲੀਆਂ ਨਾਈ ਦੀਆਂ ਦੁਕਾਨਾਂ, ਪਾਰਲਰ, ਸੈਲੂਨ ਤੇ ਸਪਾ ਆਮ ਵਾਂਗ ਖੁੱਲ੍ਹਣਗੇ। ਈ-ਕਮਰਸ ਵੈੱਬਸਾਈਟਾਂ ਗੈਰ-ਜ਼ਰੂਰੀ ਵਸਤਾਂ ਦੀ ਡਲਿਵਰੀ ਕਰ ਸਕਣਗੀਆਂ।
Home Page ਭਾਰਤ ਵਿੱਚ ਲੌਕਡਾਊਨ 31 ਮਈ ਤੱਕ ਵਧਾਇਆ ਗਿਆ