ਚੰਡੀਗੜ੍ਹ, 9 ਅਗਸਤ (ਏਜੰਸੀ) – ਭਾਰਤ ਸਰਕਾਰ ਵਲੋਂ ਦੇਸ਼ ਦੇ ਸਾਰੇ ਸੂਬਿਆਂ ਨੂੰ 26 ਜਨਵਰੀ 2013 ਗਣਤੰਤਰ ਦਿਵਸ ਮੌਕੇ ਪਦਮਾ ਵਿਭੂਸ਼ਨ, ਪਦਮਾ ਭੂਸ਼ਨ ਅਤੇ ਪਦਮਾ ਸ੍ਰੀ ਐਵਾਰਡ ਦੇਣ ਲਈ ਮੰਗੀਆਂ ਸਿਫਾਰਸ਼ਾਂ ਬਾਰੇ ਪੱਤਰ ਜਾਰੀ ਕੀਤੇ ਹਨ। ਇਸ ਸਬੰਧੀ ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਵਿਭਾਗਾਂ ਨੂੰ ਮਿਥੇ ਸਮੇਂ ਅੰਦਰ ਸਿਫਾਰਸ਼ਾਂ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਪੰਜਾਬ ਸਰਕਾਰ ਦੇ ਆਮ ਸੂਬਾ ਪ੍ਰਬੰਧ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਸਮੂਹ…….. ਡਵੀਜ਼ਨਾਂ ਦੇ ਕਮਿਸ਼ਨਰਾਂ, ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ-ਕੋਰਟ, ਚੰਡੀਗੜ੍ਹ, ਸਕੱਤਰ ਪੰਜਾਬ ਵਿਧਾਨ ਸਭਾ, ਚੰਡੀਗੜ੍ਹ, ਰਾਜ ਦੇ ਸਮੂਹ ਡਿਪਟੀ ਕਮਿਸ਼ਨਰਜ਼ ਅਤੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਭਾਰਤ ਸਰਕਾਰ ਵਲੋਂ ਨਿਰਧਾਰਤ ਕੀਤੀ ਮਿਤੀ ਅਨੁਸਾਰ ਰਾਜ ਸਰਕਾਰ ਵਲੋਂ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਐਵਾਰਡ ਦੇਣ ਲਈ ਸਿਫਾਰਸ਼ਾਂ ਭੇਜਣ ਲਈ ਲਿਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿਫਾਰਸ਼ਾਂ ਭੇਜਣ ਮੌਕੇ ਸਬੰਧਿਤ ਵਿਅਕਤੀ ਦੇ ਵੇਰਵੇ (ਸਾਈਟੇਸ਼ਨ ਪ੍ਰੋਫਾਰਮੇ ਵਿੱਚ) ਦੀਆਂ 10-10 ਕਾਪੀਆਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭੇਜੀਆਂ ਜਾਣ। ਉਨ੍ਹਾਂ ਦੱਸਿਆ ਕਿ ਸਿਫਾਰਸ਼ ਕੀਤੇ ਗਏ ਵਿਅਕਤੀ ਬਾਰੇ ਸਾਈਟੇਸ਼ਨ ਭੇਜਣ ਸਮੇਂ ਪੂਰੀ ਤਸੱਲੀ ਕਰ ਲਈ ਜਾਵੇ ਅਤੇ ਵਿਅਕਤੀ ਐਵਾਰਡ ਲਈ ਪੂਰੀ ਤਰ੍ਹਾਂ ਯੋਗ ਹੋਵੇ। ਉਨ੍ਹਾਂ ਦੱਸਿਆ ਕਿ ਭੇਜੀਆਂ ਸਿਫਾਰਸ਼ਾਂ ‘ਚ ਕੋਈ ਗ਼ਲਤੀ ਨਹੀਂ ਹੋਣੀ ਚਾਹੀਦੀ ਅਤੇ ਸਿਫਾਰਸ਼ਾਂ ਪੂਰੀ ਘੋਖ ਉਪਰੰਤ ਹੀ ਭੇਜੀਆਂ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਬਾਰੇ ਸਿਫਾਰਸ਼ਾਂ ਸਬੰਧਿਤ ਮੰਤਰੀ ਸਾਹਿਬਾਨ ਰਾਹੀਂ, ਸਮੂਹ ਵਿਭਾਗਾਂ ਦੇ ਮੁਖੀਆਂ ਦੀਆਂ ਸਿਫਾਰਸ਼ਾਂ ਸਬੰਧਿਤ ਪ੍ਰਬੰਧਕੀ ਸਕੱਤਰਾਂ ਰਾਹੀਂ ਅਤੇ ਆਈ.ਏ.ਐਸ./ਆਈ.ਪੀ.ਐਸ. ਅਫਸਰਾਂ ਬਾਰੇ ਸਿਫਾਰਸ਼ਾਂ ਮੁੱਖ ਸਕੱਤਰ-ਪ੍ਰਸੋਨਲ ਰਾਹੀਂ ਭੇਜਣੀਆਂ ਯਕੀਨੀ ਬਣਾਈਆਂ ਜਾਣ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਿਫਾਰਸ਼ਾਂ ਹਰ ਹਾਲਤ ਵਿੱਚ ਮਿਥੇ ਸਮੇਂ ਵਿੱਚ ਭੇਜ ਦਿੱਤੀਆਂ ਜਾਣ ਅਤੇ ਦੇਰੀ ਨਾਲ ਆਈਆਂ ਸਿਫਾਰਸ਼ਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।
Indian News ਭਾਰਤ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਐਵਾਰਡ ਦੇਣ ਲਈ ਸਿਫਾਰਸ਼ਾਂ ਮੰਗੀਆਂ