ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਲੇਖਕਾਂ ਦਾ ਸਨਮਾਨ, ਪੰਜਾਬੀ ਦੇ ਲੇਖਕ ਅਤੇ ਕਾਲਮਨਵੀਸ ਉਜਾਗਰ ਸਿੰਘ ਦਾ ਵੀ ਸਨਮਾਨ ਕੀਤਾ

ਉਜਾਗਰ ਸਿੰਘ ਨੂੰ ਸ਼੍ਰੀਮਤੀ ਵੀਰਪਾਲ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਦੀਪਕ ਮਨਮੋਹਨ ਸਿੰਘ ਸਨਮਾਨਿਤ ਕਰਦੇ ਹੋਏ, ਉਨ੍ਹਾਂ ਨਾਲ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਅਤੇ ਸਤਨਾਮ ਸਿੰਘ ਸਹਾਇਕ ਡਾਇਰੈਕਟਰ ਖੜ੍ਹੇ ਹਨ।
ਉਜਾਗਰ ਸਿੰਘ ਨੂੰ ਸ਼੍ਰੀਮਤੀ ਵੀਰਪਾਲ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਦੀਪਕ ਮਨਮੋਹਨ ਸਿੰਘ ਸਨਮਾਨਿਤ ਕਰਦੇ ਹੋਏ।

ਪਟਿਆਲਾ, 1 ਦਸੰਬਰ – ਭਾਸ਼ਾ ਵਿਭਾਗ ਪੰਜਾਬ ਵੱਲੋਂ ਨਵੰਬਰ ਦਾ ਮਹੀਨਾ ‘ਪੰਜਾਬੀ ਮਹੀਨਾ’ ਮਨਾਉਣ ਦੇ ਆਖ਼ਰੀ ਦਿਨ 30 ਨਵੰਬਰ ਨੂੰ ਪਟਿਆਲਾ ਵਿਖੇ ਭਾਸ਼ਾ ਵਿਭਾਗ ਦੇ ਵਿਹੜੇ ਵਿੱਚ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਪੰਜਾਬੀ ਦੇ ਇਕ ਦਰਜਨ ਲੇਖਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਮਾਂ ਬੋਲੀ ਦੀ ਝੋਲੀ ਵਿੱਚ ਪੁਸਤਕਾਂ ਲਿਖ ਕੇ ਆਪੋ ਆਪਣਾ ਯੋਗਦਾਨ ਪਾਇਆ। ਇਸ ਮੌਕੇ ‘ਤੇ ਪੰਜਾਬੀ ਦੇ ਲੇਖਕ ਅਤੇ ਕਾਲਮਨਵੀਸ ਉਜਾਗਰ ਸਿੰਘ ਅਤੇ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦਾ ਵੀ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਇੱਕ ਸ਼ਾਲ ਅਤੇ ਮਹਿੰਦਰ ਸਿੰਘ ਰੰਧਾਵਾ ਦੀ ਪੁਸਤਕ ‘ਪੰਜਾਬ’ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਵੀਰਪਾਲ ਕੌਰ ਅਤੇ ਦੀਪਕ ਮਨਮੋਹਨ ਸਿੰਘ ਸਾਬਕਾ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਭੇਂਟ ਕੀਤੀਆਂ।
ਉਜਾਗਰ ਸਿੰਘ ਨੇ ਪੰਜਾਬੀ ਬੋਲੀ ਦੀ ਝੋਲੀ ਵਿੱਚ 10 ਪੁਸਤਕਾਂ ਪਾਈਆਂ ਹਨ। ਹੁਣੇ ਜਿਹੇ ਉਨ੍ਹਾਂ ਦੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’ ਪ੍ਰਕਾਸ਼ਿਤ ਹੋਈ ਹੈ। ਜਿਹੜੀ ਬਹੁਤ ਚਰਚਿਤ ਹੈ। ਉਨ੍ਹਾਂ ਦੇ ਚਲੰਤ ਮਾਮਲਿਆਂ ਅਤੇ ਸਾਹਿਤਕ ਪੁਸਤਕ ਪੜਚੋਲ ਦੇ ਵਿਸ਼ਿਆਂ ‘ਤੇ ਲੇਖ ਪੰਜਾਬੀ ਦੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ।