
ਪ੍ਰੇਮ ਅਵਤਾਰ ਰੈਣਾ ਜੋ ਇਸ ਫ਼ਾਨੀ ਸੰਸਾਰ ਤੋਂ 22 ਨਵੰਬਰ 2023 ਤੋਂ ਕੂਚ ਕਰ ਗਏ, ਅੰਮ੍ਰਿਤਸਰ ਦੀਆਂ ਹਰਮਨ ਪਿਆਰੀਆਂ ਸ਼ਖ਼ਸੀਅਤਾਂ ਵਿਚੋਂ ਇਕ ਸਨ ।ਉਨ੍ਹਾਂ ਨੇ ਕੁਝ ਸਮਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਵਿਚ ਬਤੌਰ ਲੈਕਚਰਾਰ ਨੌਕਰੀ ਕੀਤੀ ਪਰ ਕੁਝ ਸਮੇਂ ਬਾਦ ਇਹ ਨੌਕਰੀ ਛੱਡ ਦਿੱਤੀ। ਅੰਮ੍ਰਿਤਸਰ ਦੇ ਪੁਤਲੀਘਰ ਚੌਂਕ ਵਿਚ ਉਨ੍ਹਾਂ ਦਾ ਘਰ ਸੀ, ਜਿੱਥੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਿਦਿਆਰਥੀ ਅਕਸਰ ਆਉਂਦੇ ਜਾਂਦੇ ਰਹਿੰਦੇ ,ਜਿਨ੍ਹਾਂ ਦੀ ਟਹਿਲ ਸੇਵਾ ਉਨ੍ਹਾਂ ਦੀ ਸੁਪਤਨੀ ਕੰਵਲਜੀਤ ਕੌਰ ਜੋ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਵਿਚ ਰਸਾਇਣਿਕ ਵਿਗਿਆਨ ਦੀ ਲੈਕਚਰਾਰ ਸੀ, ਕਰਦੀ, ਜੋ ਬਾਦ ਵਿਚ ਪਦ-ਉੱਨਤੀ ਹੋਣ ‘ਤੇ ਉਨ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਕਨਾ ਖ਼ੁਰਦ ਜ਼ਿਲ੍ਹਾ ਅੰਮ੍ਰਿਤਸਰ ਵਿਚ ਬਤੌਰ ਪ੍ਰਿੰਸੀਪਲ ਸੇਵਾ ਕੀਤੀ ਤੇ ਉੱਥੋਂ ੩੧ ਜਨਵਰੀ 2005 ਨੂੰ ਸੇਵਾ ਮੁਕਤ ਹੋਏ।
ਪ੍ਰੇਮ ਅਵਤਾਰ ਰੈਣਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਚਾਚਾ ਜੀ ਦੇ ਨਾਂ ਨਾਲ ਜਾਂਦੇ ਸਨ।ਉਹ ਲੋੜਵੰਦ ਵਿਦਿਆਰਥੀਆਂ ਦੀ ਮਾਇਕ ਸਹਾਇਤਾ ਵੀ ਕਰਦੇ ਸਨ। ਵਿਦਿਆਰਥੀਆਂ ਨੇ ਵਿਭਾਗ ਦੀ ਕੋਈ ਫ਼ੀਸ ਭਰਨੀ ਹੋਵੇ, ਮੈੱਸ ਦਾ ਬਕਾਇਆ ਦੇਣਾ ਹੋਵੇ ਜਾਂ ਕੋਈ ਆਰਟ ਮੂਵੀ ਵੇਖਣੀ ਹੋਵੇ ਤਾਂ ਉਹ ਉਨ੍ਹਾਂ ਨੂੰ ਘੇਰ ਲੈਂਦੇ। ਉਨ੍ਹਾਂ ਇਸ ਸ਼ਰਤ ‘ਤੇ ਪੈਸੇ ਦੇਣੇ ਕਿ ਇਨ੍ਹਾਂ ਪੈਸਿਆਂ ਦੀ ਦਾਰੂ ਨਹੀਂ ਪੀਣੀ।
ਉਹ ਬਹੁਤ ਉੱਚ ਪਾਏ ਦੇ ਅਨੁਵਾਦਕ ਸਨ । ਉਨ੍ਹਾਂ ਬਹੁਤ ਸਾਰੀਆਂ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ, ਜਿਨ੍ਹਾਂ ਵਿਚ ਅੱਧੀ ਰਾਤ ਵੇਲੇ (ਪਰਲ ਬੁੱਕ), ਆਧੁਨਿਕ ਸੌਂਦਰਯ-ਬੋਧ ਦੀਆਂ ਸਮੱਸਿਆਵਾਂ (ਅਨਾਤੋਲੀ ਦਰੇਮੋਵ), ਚੜ੍ਹਦੇ ਸੂਰਜ ਨੂੰ ਸਲਾਮ (ਐਤਨ ਚੈਖ਼ੋਵ) , ਹਵੇਲੀ ਵਾਲੀ ਰਾਣੀ ਸਾਹਿਬਾ (ਐਤਨ ਚੈਖ਼ੋਵ), ਬਾਬਰ (ਪਿਰਿਮਕੁਲ ਕਾਦਿਰੋਵ), ਮੇਰੀ ਕਹਾਣੀ (ਫਲੇਵੀਆ) ,ਮੰਟੋ ਦੇ ਖ਼ਤ: ਅੰਕਲ ਸੈਮ ਦੇ ਨਾਂ(ਸਆਦਤ ਹਸਨ ਮੰਟੋ), ਮਹਾਰਾਜਾ ਰਣਜੀਤ ਸਿੰਘ: ਰਾਜ ਵਿਵਸਥਾ, ਅਰਥਚਾਰਾ ਅਤੇ ਸਮਾਜ (ਡਾ. ਜੇ. ਐਸ.ਗਰੇਵਾਲ), ਆਦਿ ਸ਼ਾਮਿਲ ਹਨ। ਉਨ੍ਹਾਂ ਰੂਸੀ ਲੋਕ ਕਹਾਣੀਆਂ ਤੇ ਹੋਰ ਅੱਧੀ ਦਰਜਨ ਬਾਲ-ਪੁਸਤਕਾਂ ਨੂੰ ਪੰਜਾਬੀ ‘ਚ ਉਲਥਾਇਆ । ਉਨ੍ਹਾਂ ਨੇ ਪਰਵੀਨ ਸ਼ਾਕਿਰ ਦੀ ਚੋਣਵੀਂ ਕਵਿਤਾ ਨੂੰ ਵੀ ਬਾਕਮਾਲ ਲਿੱਪੀਅੰਤਰ ਕੀਤਾ।’ਆਧੁਨਿਕ ਸੌਂਦਰਯ-ਬੋਧ ਦੀਆਂ ਸਮਸਿਆਵਾਂ’ ਕਿਤਾਬ ਤਾਂ ਤਤਕਾਲੀ ਖੋਜਾਰਥੀਆਂ ਨੇ ਪੜ੍ਹ ਪੜ੍ਹ ਕੇ ਘੱਸਾ ਦਿੱਤੀ ਸੀ। ‘ਬਾਬਰ’ ਨਾਵਲ ਅਕਾਦਮਿਕ ਹਲਕਿਆਂ ਵਿੱਚ ਬਹੁਤ ਮਕਬੂਲ ਰਿਹਾ ਹੈ। ਰੂਸੀ ਲਿਖਤਾਂ ਨੂੰ ਰੈਣਾ ਜੀ ਨੇ ਰੀਝ ਨਾਲ ਉਲਥਾਇਆ ।
ਅੰਮ੍ਰਿਤਸਰ ਵਿਚ ਨਿਵਾਸ ਕਰਨ ਵਾਲੀ ਇਹ ਜੋੜੀ ਅੱਜਕੱਲ੍ਹ ਆਪਣੇ ਬੇਟੇ ਡਾ. ਨਵਪ੍ਰੇਮ ਸਿੰਘ ਰੈਣਾ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਫਲ ਵਿਭਾਗ ਵਿਚ ਪ੍ਰੋਫ਼ੈਸਰ ਹਨ ,ਪਾਸ ਲੁਧਿਆਣਾ ਰਹਿ ਰਹੀ ਸੀ।ਰੈਣਾ ਜੀ ਦੇ ਅਕਾਲ ਚਲਾਣੇ ਤੋਂ ਕੁਝ ਦਿਨ ਬਾਅਦ 26 ਨਵੰਬਰ 2023 ਨੂੰ ਕੰਵਲਜੀਤ ਕੌਰ ਰੈਣਾ ਵੀ ਅਕਾਲ ਚਲਾਣਾ ਕਰ ਗਏ।
ਉਹ ਆਪਣੇ ਪਿੱਛੇ ਸਪੁੱਤਰ ਤੋਂ ਇਲਾਵਾ ਨੂੰ ਨੂੰਹ ਡਾ. ਮਨਪ੍ਰੀਤ ਕੌਰ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਕੈਮਿਸਟਰੀ ਵਿਭਾਗ ਵਿਚ ਪ੍ਰੋਫ਼ੈਸਰ ਹਨ ਤੋਂ ਇਲਾਵਾ ਬੇਟੀ ਪ੍ਰੇਮ ਅਰਚਨਾ ਤੇ ਜਵਾਈ ਹਰਵਿੰਦਰ ਸਿੰਘ ਜੋ ਕਿ ਸਿਡਨੀ (ਅਸਟਰੇਲੀਆ) ਰਹਿੰਦੇ ਹਨ, ਛੱਡ ਗਏ ਹਨ ।
ਇਹ ਜੋੜੀ ਭਾਵੇਂ ਅੱਜ ਸਾਡੇ ਵਿਚ ਨਹੀਂ ਰਹੀ ਪਰ ਪ੍ਰੇਮ ਅਵਤਾਰ ਸਿੰਘ ਰੈਣਾ ਨੂੰ ਸਾਹਿਤਕ ਕਾਰਜਾਂ ਕਰਕੇ ਅਤੇ ਕੰਵਲਜੀਤ ਕੌਰ ਨੂੰ ਵਿੱਦਿਅਕ ਖੇਤਰ ਵਿਚ ਪਾਏ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਪਹਿਲੀ ਦਸੰਬਰ 2023 ਨੂੰ ਦੁਪਹਿਰ 12.30 ਤੋਂ 1.30 ਤੀਕ ਗੁਰਦੁਆਰਾ ਮਾਈ ਬਿਸ਼ਨ ਕੌਰ, ਪ੍ਰੋਫ਼ੈਸਰ ਕਾਲੋਨੀ, ਬਾੜੇਵਾਲ ਰੋਡ, ਲੁਧਿਆਣਾ ਵਿਖੇ ਹੋਵੇਗੀ।