ਮਨਜਿੰਦਰ ਸਿੰਘ ਸਿਰਸਾ ਭਾਜਪਾ ‘ਚ ਸ਼ਾਮਲ ਹੋਏ

ਨਵੀਂ ਦਿੱਲੀ, 1 ਦਸੰਬਰ – ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਅਤੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਨਿੱਜੀ ਕਾਰਣਾਂ ਦੇ ਕਰਕੇ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਹੈ।
ਭਾਜਪਾ ‘ਚ ਸ਼ਾਮਿਲ ਹੋਣ ਦੇ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਸਿੱਖਾਂ ਦੇ ਜਿੰਨੇ ਵੀ ਮੁੱਦੇ ਹਨ ਕਿ ਉਹ ਹੱਲ ਹੋਣੇ ਚਾਹੀਦੇ ਹਨ ਪਰ ਉਹ ਰਾਜਨੀਤੀ ਦੇ ਭੇਂਟ ਚੜ੍ਹ ਗਏ ਹਨ। ਇਸ ਲਈ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ‘ਚ ਸ਼ਾਮਿਲ ਹੋਇਆ ਹਾਂ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਛੱਡਣ ਦੇ ਐਲਾਨ ਤੋਂ ਕੁੱਝ ਮਿੰਟਾਂ ਬਾਅਦ ਹੀ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ਨੇ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਵੀਡੀਓ ਟਵੀਟ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬੁੱਧਵਾਰ ਨੂੰ ਕੇਂਦਰੀ ਮੰਤਰੀਆਂ ਧਰਮਿੰਦਰ ਪ੍ਰਧਾਨ ਅਤੇ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਭਾਜਪਾ ‘ਚ ਸ਼ਾਮਲ ਹੋਏ। ਸ਼ੇਖਾਵਤ ਜੋ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਇੰਚਾਰਜ ਹਨ, ਨੇ ਕਿਹਾ ਕਿ ਸਿਰਸਾ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਯਕੀਨੀ ਤੌਰ ‘ਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਦਦਗਾਰ ਸਾਬਿਤ ਹੋਵੇਗਾ। ਸਿਰਸਾ ਕੌਮੀ ਰਾਜਧਾਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪ੍ਰਮੁੱਖ ਚਿਹਰਾ ਰਹੇ ਹਨ ਅਤੇ ਸਿਰਸਾ ਨੇ ਭਾਜਪਾ ਦੀ ਟਿਕਟ ‘ਤੇ ਰਾਜੌਰੀ ਗਾਰਡਨ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤੇ ਜਿੱਤੀਆਂ ਸਨ।