ਚੰਡੀਗੜ੍ਹ/ਮੋਰਿੰਡਾ, 3 ਸਤੰਬਰ (ਏਜੰਸੀ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਵੱਖ-ਵੱਖ ਵਿਰੋਧੀ ਪਾਰਟੀਆਂ ਨੂੰ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੀ ਲੋਕਮਾਰੂ ਨੀਤੀਆਂ ਵਿਰੁੱਧ ਇਕੱਠੇ ਹੋਣ ਦੀ ਅਪੀਲ ਸਿਰਫ ਇਕ ਵਿਸ਼ੇਸ਼ ਟੀਚੇ ਤੇ ਪ੍ਰੋਗਰਾਮ ਦੇ ਨਾਲ ਜੁੜੀ ਹੈ। ਹਾਲਾਂਕਿ ਉਹ ਭਵਿੱਖ ‘ਚ ਕਿਸੇ ਵੀ ਸਿਆਸੀ ਗਠਜੋੜ…….. ਤੋਂ ਇਨਕਾਰ ਵੀ ਨਹੀਂ ਕਰਦੇ ਹਨ।
ਇਥੇ ਮੋਰਿੰਡਾ ਦੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ‘ਚ ਸਥਾਨਕ ਐਮ. ਐਲ. ਏ. ਚਰਨਜੀਤ ਸਿੰਘ ਚੰਨੀ ਵੱਲੋਂ ਆਯੋਜਿਤ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਵਰਤਮਾਨ ਅਪੀਲ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਪਾਰਟੀਆਂ ਨੂੰ ੭ ਸਤੰਬਰ ਨੂੰ ਪੂਰੇ ਪੰਜਾਬ ਭਰ ‘ਚ ਪ੍ਰਗਟ ਕੀਤੇ ਜਾ ਰਹੇ ਵਿਰੋਧਾਂ ‘ਚ ਹਿੱਸਾ ਲੈਣ ਦੇ ਸਬੰਧ ‘ਚ ਹੈ।
ਹਾਲਾਂਕਿ ਸਿਆਸਤ ‘ਚ ਸੱਭ ਕੁਝ ਸੰਭਵ ਹੈ ਅਤੇ ਉਹ ਭਵਿੱਖ ‘ਚ ਕਿਸੇ ਵੀ ਤਰ੍ਹਾਂ ਦੇ ਵਿਆਪਕ ਸਿਆਸੀ ਗਠਜੋੜ ਤੋਂ ਇਨਕਾਰ ਨਹੀਂ ਕਰਦੇ ਹਨ। ਉਨ੍ਹਾਂ ਨੇ ਸਾਰੇ ਸਿਆਸੀ ਧੜਿਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ‘ਚ ਪੀਪਲਜ ਪਾਰਟੀ ਆਫ ਪੰਜਾਬ ਦੇ ਮਨਪ੍ਰੀਤ ਸਿੰਘ ਬਾਦਲ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਜੋਗਿੰਦਰ ਦਿਆਲ, ਬਹੁਜਨ ਸਮਾਜ ਪਾਰਟੀ ਦੇ ਅਵਤਾਰ ਸਿੰਘ ਕਰੀਮਪੁਰੀ ਤੇ ਹੋਰ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੇ ਆਮ ਆਦਮੀ ਦੇ ਦੁੱਖ ਦਰਦ ਦੇ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ, ਜਿਹੜਾ ਸੂਬਾ ਸਰਕਾਰ ਵਲੋਂ ਥੋਪੇ ਭਾਰੀ ਟੈਕਸਾਂ ਦੇ ਦਬਾਅ ਹੇਠ ਦੱਬ ਚੁੱਕਾ ਹੈ।
ਇਸ ਤੋਂ ਪਹਿਲਾਂ ਆਪਣੀ ਵਰਤਮਾਨ ਲੜੀ ਦੇ ਪ੍ਰੋਗਰਾਮਾਂ ਹੇਠ ਵਰਕਰਾਂ ਦੀ ਦੂਸਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਅਗਲੇ ਤਿੰਨ ਮਹੀਨਿਆਂ ਦੌਰਾਨ ਪੂਰੇ ਪੰਜਾਬ ਦਾ ਦੌਰਾ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦੌਰਾਨ ਨੇ ਉਨ੍ਹਾਂ ਨੇ ਸੱਤਾਧਾਰੀ ਅਕਾਲੀ ਭਾਜਪਾ ਸਰਕਾਰ ‘ਤੇ ਵਰ੍ਹਦੇ ਹੋਏ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ, ਜਿਸ ਨੇ ਸੱਤਾ ਹਥਿਆਉਣ ਲਈ ਲੋਕਾਂ ਵੱਡੇ ਵੱਡੇ ਵਾਅਦੇ ਕੀਤੇ, ਪਰ ਹੁਣ ਕੁਝ ਵੀ ਅਦਾ ਨਹੀਂ ਕਰ ਰਹੀ ਹੈ।
ਕੈਪਟਨ ਅਮਰਿੰਦਰ ਨੇ ਅਕਾਲੀ ਦਲ ਵਲੋਂ ਆਪਣੇ ਚੋਣ ਮਨੋਰਥ ਪੱਤਰ ‘ਚ ਕੀਤੇ ਵਾਅਦਿਆਂ ਨੂੰ ਗਿਣਾਇਆ, ਜਿਸ ‘ਚ ਗਰੀਬਾਂ ਨੂੰ ਆਟਾ ਦਾਲ, ਪੜ੍ਹੇ ਲਿੱਖੇ ਬੇਰੁਜਗਾਰ ਨੌਜਵਾਨਾਂ ਨੂੰ ਬੇਰੁਜਗਾਰੀ ਭੱਤਾ, ਵਿਦਿਆਰਥੀਆਂ ਨੂੰ ਫਰੀ ਲੈਪਟਾਪ ਤੇ ੨੪ ਘੰਟੇ ਬਿਜਲੀ ਦੇਣ ਦਾ ਦਾਅਵਾ ਕੀਤਾ ਗਿਆ ਸੀ।
ਗਠਜੋੜ ਸਰਕਾਰ ਦੱਸੇ, ਕੀ ਉਸ ਨੇ ਇਨ੍ਹਾਂ ਵਾਅਦਿਆਂ ‘ਚੋਂ ਇਕ ਵੀ ਪੂਰਾ ਕੀਤਾ ਹੈ। ਜਦੋਂ ਕਿ ਇਸ ਦੇ ਉਲਟ ਲੋਕਾਂ ਦਾ ਪੈਸਾ ਇਹ ਆਪਣੇ ਫਾਇਦੇ ਲਈ ਖਰਚੀ ਜਾ ਰਹੇ ਹਨ। ਇਸ ਲੜੀ ਹੇਠ ਭਲਾਈ ਸਕੀਮਾਂ ‘ਤੇ ਖਰਚਾ ਕੀਤੇ ਜਾਣ ਦੀ ਗੱਲ ਆਉਂਦੀ ਹੈ, ਤਾਂ ਇਹ ਪੰਜਾਬ ਦੀ ਗਰੀਬੀ ਦਾ ਰੌਣਾ ਰੌਣ ਲੱਗ ਪੈਂਦੇ ਹਨ। ਮਗਰ ਜਦੋਂ ਇਨ੍ਹਾਂ ਦੀ ਆਪਣੀ ਲਗਜਰੀ ਦਾ ਮਾਮਲਾ ਹੋਵੇ, ਤਾਂ ਇਹ ੩੮ ਕਰੋੜ ਰੁਪਏ ਦਾ ਹੈਲੀਕਾਪਟਰ ਖ੍ਰੀਦਣ ਅਤੇ ਦੱਖਣ ਅਫ਼ਰੀਕਾ, ਅਮਰੀਕਾ, ਯੂਰੋਪ ਤੇ ਪੂਰਬੀ ਏਸ਼ੀਆ ਦੇ ਵਿਦੇਸ਼ੀ ਦੌਰਿਆਂ ਤੋਂ ਵੀ ਝਿਜਕ ਨਹੀਂ ਕਰਦੇ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਪੰਜਾਬ ਦੇ ਲੋਕਾਂ ਨੂੰ ਦੁਹਰੀ ਮਾਰ ਦਾ ਸ਼ਿਕਾਰ ਬਣਾ ਰਹੇ ਹਨ। ਇਕ ਪਾਸੇ ਇਹ ਲੋਕਾਂ ਨੂੰ ਕੋਈ ਵੀ ਸੁਵਿਧਾ ਨਹੀਂ ਪ੍ਰਦਾਨ ਕਰ ਰਹੇ ਹਨ। ਜਦੋਂ ਕਿ ਦੂਸਰੇ ਹੱਥ ਇਨ੍ਹਾਂ ਪਿਛਲੇ ਰਸਤੇ ਤੋਂ ਭਾਰੀ ਟੈਕਸ ਲਗਾ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪਾਰਟੀ ਵਿਧਾਇਕ ਧਿਰ ਦੇ ਆਗੂ ਸੁਨੀਲ ਜਾਖੜ ਦੀ ਟੈਕਸਾਂ ਨੂੰ ਲਗਾਉਣ ਨੂੰ ਲੈ ਕੇ ਵਿਧਾਨ ਸਭਾ ਦਾ ਐਮਰਜੈਂਸੀ ਸੈਸ਼ਨ ਬੁਲਾਏ ਜਾਣ ਦੀ ਮੰਗ ਨੂੰ ਵੀ ਦੁਹਰਾਇਆ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਝੋਨੇ ਤੇ ਕਣਕ ਦੀ ਖ੍ਰੀਦ ਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਨੂੰ ਲੈ ਕੇ ਸਰਕਾਰ ਦੀ ਅਸਫਲਤਾ ਦੀ ਵੀ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਸੂਬਾ ਸਰਕਾਰ ਨੂੰ ਅਡਵਾਂਸ ‘ਚ ਹੀ ਪੈਸੇ ਉਪਲਬਧ ਕਰਵਾ ਦਿੰਦੀ ਹੈ, ਤਾਂਕਿ ਉਹ ਇਸ ਨੂੰ ਸਹੀ ਢੰਗ ਨਾਲ ਕਿਸਾਨਾਂ ‘ਚ ਵੰਡ ਸਕੇ। ਮਗਰ ਇਸ ਦੇ ਉਲਟ ਸੂਬਾ ਸਰਕਾਰ ਇਸ ਪੈਸੇ ਨੂੰ ਹੋਰਨਾਂ ਟੀਚਿਆਂ ਖਾਤਿਰ ਤਬਦੀਲ ਕਰ ਰਹੀ ਹੈ। ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਕਈ ਦਿਨਾਂ ਤੱਕ ਆਪਣੀ ਅਦਾਇਗੀ ਲਈ ਇੰਤਜਾਰ ਕਰਨਾ ਪੈਂਦਾ ਹੈ ਤੇ ਅਖੀਰ ‘ਚ ਜਦੋਂ ਇਹ ਪੈਸਾ ਆਉਂਦਾ ਹੈ, ਤਾਂ ਹਿੱਸਾ ਲੈਣ ਲਈ ਇੰਸਪੈਕਟਰ ਤੇ ਜੱਥੇਦਾਰ ਪਹਿਲਾਂ ਹੀ ਤਿਆਰ ਹੋ ਜਾਂਦੇ ਹਨ।
ਅਕਾਲੀ ਭਾਜਪਾ ਸਰਕਾਰ ਨੂੰ ਉਸ ਦੀ ਕਰਨੀ ਦਾ ਫਲ ਦੇਣ ਸਬੰਧੀ ਆਪਣੇ ਸੰਕਲਪ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸੁਨਿਸ਼ਚਿਤ ਕਰਨਗੇ ਕਿ ਇਨ੍ਹਾਂ ਨੂੰ ਹਰੇਕ ਗੁਨਾਹ ਦੀ ਸਜ਼ਾ ਮਿਲੇ। ਇਹ ਸੱਤਾ ‘ਚ ਆਉਣ ਖਾਤਿਰ ਪਹਿਲਾਂ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕਰਕੇ ਤੇ ਬਾਅਦ ‘ਚ ਇਨ੍ਹਾਂ ਵਾਅਦਿਆਂ ਤੋਂ ਭੱਜ ਕੇ ਧੌਖਾ ਨਹੀਂ ਦੇ ਸਕਦੇ। ਇਨ੍ਹਾਂ ਨੂੰ ਜਵਾਬ ਦੇਣਾ ਪਵੇਗਾ।
ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ, ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਰਵਨੀਤ ਬਿੱਟ ਤੇ ਚਮਕੌਰ ਸਾਹਿਬ ਤੋਂ ਐਮ. ਐਲ. ਏ. ਚਰਨਜੀਤ ਸਿੰਘ ਚੰਨੀ ਨੇ ਵੀ ਸੰਬੋਧਿਤ ਕੀਤਾ।
ਜਦੋਂ ਕਿ ਹੋਰਨਾਂ ਤੋਂ ਇਲਾਵਾ ਪੀ. ਸੀ. ਸੀ. ਮੀਤ ਪ੍ਰਧਾਨਾਂ ‘ਚ ਲਾਲ ਸਿੰਘ, ਰਾਣਾ ਕੇ. ਪੀ., ਸਾਬਕਾ ਮੰਤਰੀ ਤੇ ਖਰੜ ਤੋਂ ਐਮ. ਐਲ. ਏ. ਜਗਮੋਹਨ ਸਿੰਘ ਕੰਗ, ਫਤਹਿ ਜੰਗ ਬਾਜਵਾ, ਅਜੀਤ ਸਿੰਘ ਸ਼ਾਂਤ, ਗੋਬਿੰਦ ਖਟੜਾ, ਮੇਜਰ ਅਮਰਦੀਪ, ਕਰਨਪਾਲ ਸੇਖੋਂ, ਸੋਨੂੰ ਢੇਸੀ, ਜਗਦੀਪ ਸਿੱਧੂ ਆਦਿ ਵੀ ਸ਼ਾਮਿਲ ਰਹੇ।
Indian News ਮਨਪ੍ਰੀਤ ਨਾਲ ਭਵਿੱਖ ‘ਚ ਸਿਆਸੀ ਗਠਜੋੜ ਤੋਂ ਇਨਕਾਰ ਨਹੀਂ – ਕੈਪਟਨ ਅਮਰਿੰਦਰ