ਪ੍ਰੋ. ਕੁਲਬੀਰ ਸਿੰਘ, +91 9417153513ਜੀ ਹਾਂ, ਦੁਨੀਆਂ ਵਿਚ ਕੁਝ ਕੁ ਦੇਸ਼ ਅਜਿਹੇ ਹਨ ਜਿਹੜੇ ਬਾਕੀ ਦੁਨੀਆਂ ਨਾਲੋਂ ਵੱਖਰੇ ਹਨ। ਜਿਹੜੇ ਨਵੇਂ ਨਿਵੇਕਲੇ ਤਜ਼ਰਬੇ ਕਰਦੇ ਰਹਿੰਦੇ ਹਨ। ਜਿਹੜੇ ਲੀਹ ਤੋਂ ਹਟਕੇ ਲੋਕਾਂ ਦੀ ਖੁਸ਼ੀ ਨੂੰ ਤਰਜੀਹ ਦਿੰਦੇ ਹਨ। ਜਿਹੜੇ ਲਕੀਰ ਦੇ ਫ਼ਕੀਰ ਨਹੀਂ ਹਨ। ਜਿਹੜੇ ਕੁਝ ਨਵਾਂ, ਕੁਝ ਵੱਖਰਾ ਕਰਕੇ ਬਿਹਤਰ, ਸਿਹਤਮੰਦ ਨਤੀਜੇ ਦੇਣ ਲਈ ਯਤਨਸ਼ੀਲ ਹਨ।
ਯੂ ਏ ਈ ਨੇ ਸਾਲ 2016 ਵਿਚ ʻਮਨਿਸਟਰ ਆਫ਼ ਹੈਪੀਨੈਸʼ ਦਾ ਨਵਾਂ ਮਹਿਕਮਾ ਬਣਾਇਆ ਸੀ ਅਤੇ ਇਕ ਔਰਤ ਨੇਤਾ ਨੂੰ ਇਸਦਾ ਮੰਤਰੀ ਥਾਪਿਆ ਸੀ। ਸਰਕਾਰ ਵੱਲੋਂ ਇਕ ਅਜਿਹੇ ਕੌਮੀ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਗਈ ਸੀ ਜਿਸਦਾ ਮਕਸਦ ਖੁਸ਼ੀ ਅਤੇ ਸਕਾਰਾਤਮਕਤਾ ਨੂੰ ਜੀਵਨ-ਸ਼ੈਲੀ ਵਜੋਂ ਪ੍ਰਮੋਟ ਕਰਨਾ ਸੀ।
ʻਮਨਿਸਟਰ ਆਫ਼ ਹੈਪੀਨੈਸʼ ਦੀ ਜ਼ਿੰਮੇਵਾਰੀ ਸਰਕਾਰ ਦੀਆਂ ਯੋਜਨਾਵਾਂ, ਪ੍ਰੋਗਰਾਮਾਂ, ਨੀਤੀਆਂ ਦੀ ਇਸ ਢੰਗ ਨਾਲ ਵਿਉਂਤਬੰਦੀ ਕਰਨਾ ਹੈ ਜਿਸ ਨਾਲ ਵਧੇਰੇ ਖੁਸ਼ ਸਮਾਜ ਸਿਰਜਿਆ ਜਾ ਸਕੇ। ਖੁਸ਼ੀ ਨੂੰ ਕੌਮੀ ਏਜੰਡੇ ਵਿਚ ਸ਼ਾਮਲ ਕੀਤਾ ਗਿਆ ਹੈ। ਸਰਕਾਰ ਦਾ ਟੀਚਾ ਹੈ ਕਿ ਦੇਸ਼ ਦੇ ਵਾਸੀ ਸਾਰੀ ਦੁਨੀਆਂ ਨਾਲੋਂ ਖੁਸ਼ ਹੋਣ ਤਾਂ ਜੋ ਉਹ ਇਸ ਗੱਲ ʼਤੇ ਮਾਣ ਕਰ ਸਕਣ ਕਿ ਉਹ ਯੂ ਏ ਈ ਦੇ ਨਾਗਰਿਕ ਹਨ। ਲੋਕ ਕਿੰਨੇ ਖੁਸ਼ ਹਨ ਅਰਥਾਤ ਉਹ ਆਪਣੇ ਜੀਵਨ ਤੋਂ ਕਿੰਨੇ ਸੰਤੁਸ਼ਟ ਹਨ। ਵੱਖ-ਵੱਖ ਅਦਾਰਿਆਂ, ਮਹਿਕਮਿਆਂ ਦੀ ਕਾਰਗੁਜ਼ਾਰੀ ਤੋਂ ਉਹ ਕਿੰਨੇ ਸੰਤੁਸ਼ਟ ਹਨ ਅਤੇ ਕੰਮ ਵਾਲੀ ਜਗ੍ਹਾ ʼਤੇ ਕਿੰਨੇ ਖੁਸ਼ ਹਨ। ਲੋਕਾਂ ਦੀ ਖੁਸ਼ੀ ਅਤੇ ਜੀਵਨ-ਮਿਆਰ ਨੂੰ ਮਾਪਣ ਸਮਝਣ ਦੇ ਪੈਮਾਨੇ ਤੇ ਢੰਗ ਤਰੀਕੇ ਵਿਕਸਤ ਕਰਨਾ ਵੀ ਇਸੇ ਮਹਿਕਮੇ ਦਾ ਕਾਰਜ ਹੈ।
ਖੁਸ਼ੀ ʼਤੇ ਕਿਤਾਬਾਂ ਤਿਆਰ ਕਰਨਾ, ਖੁਸ਼ੀ ਦੇਣ ਵਾਲੀ ਵਿਗਿਆਨਕ ਤੇ ਸਭਿਆਚਾਰਕ ਸਮੱਗਰੀ ਪ੍ਰਕਾਸ਼ਿਤ ਕਰਨਾ ਵੀ ਇਸੇ ਮਹਿਕਮੇ ਦੀ ਜ਼ਿੰਮੇਵਾਰੀ ਹੈ।
ਮਾਰਚ 2016 ਤੋਂ ਬਾਅਦ ʻਨੈਸ਼ਨਲ ਪ੍ਰੋਗਰਾਮ ਫਾਰ ਹੈਪੀਨੈਸʼ ਤਹਿਤ ਬਹੁਤ ਸਾਰੇ ਅਜਿਹੇ ਯਤਨ ਆਰੰਭੇ ਗਏ ਜਿਸ ਨਾਲ ਦਫ਼ਤਰਾਂ ਵਿਚ ਖੁਸ਼ੀ ਭਰਿਆ ਸਿਰਜਣਾਤਮਕ ਵਾਤਾਵਰਨ ਸਿਰਜਿਆ ਜਾ ਸਕੇ। ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ʻਸੀ ਈ ਓ ਫਾਰ ਹੈਪੀਨੈਸʼ ਨਿਯੁਕਤ ਕੀਤੇ ਗਏ। ʻਕਸਟਮਰ ਹੈਪੀਨੈਸ ਸੈਂਟਰʼ ਖੋਲ੍ਹੇ ਗਏ। ਹਰੇਕ ਸਾਲ ਲੋਕਾਂ ਦੀ ਖੁਸ਼ੀ ਮਾਪ ਕੇ ਰਿਪੋਰਟ ਤਿਆਰ ਕਰਨ ਦੇ ਪ੍ਰਬੰਧ ਕੀਤੇ ਗਏ। ਖੁਸ਼ੀ ਦੇ ਪੱਧਰ ਨੂੰ ਮਾਪਣ ਦੀ ਜ਼ਿੰਮੇਵਾਰੀ ਮੁੱਖ ਕਾਰਜਕਾਰੀ ਅਫ਼ਸਰ ਦੀ ਲਗਾਈ ਗਈ।
ਕੀ ਕੋਈ ਸਰਕਾਰ ਲੋਕਾਂ ਦੀ ਖੁਸ਼ੀ ਨੂੰ ਕੰਟਰੋਲ ਕਰ ਸਕਦੀ ਹੈ? ਇਸਦਾ ਜਵਾਬ ਹਾਂ ਵਿਚ ਹੈ ਅਤੇ ਜ਼ਰੂਰ ਕੰਟਰੋਲ ਕਰਨਾ ਵੀ ਚਾਹੀਦਾ ਹੈ। ਇਸਨੂੰ ਚੰਗਾ ਰਹਿਣ ਸਹਿਣ, ਸਿਹਤਮੰਦ ਜੀਵਨ, ਖੁਸ਼ੀ ਭਰਿਆ ਜੀਵਨ ਕੋਈ ਵੀ ਨਾਂ ਦੇ ਸਕਦੇ ਹੋ। ਇਸ ਲਈ ਸਰਕਾਰੀ ਨੀਤੀਆਂ ਅਤੇ ਕੰਮ ਨੂੰ ਖੁਸ਼ੀ ਤੇ ਸੰਤੁਸ਼ਟੀ ਨਾਲ ਜੋੜਨ ਦੀ ਲੋੜ ਹੈ। ਯੂ ਏ ਈ ਨੂੰ ਇਹਦੇ ਲਈ ਅਫ਼ਸਰਾਂ ਦੀ ਇਕ ਟੀਮ ਤਿਆਰ ਕੀਤੀ ਅਤੇ ਉਨ੍ਹਾਂ ਨੂੰ ਸਿਖਲਾਈ ਉਪਰੰਤ ਇਸ ਉਸਾਰੂ ਤੇ ਸਿਹਤਮੰਦ ਕਾਰਜ ʼਤੇ ਲਗਾਇਆ ਗਿਆ।
ਇਹਦੇ ਲਈ ਲੈਕਚਰ, ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। ਕਸਟਮਰ ਹੈਪੀਨੈਸ ਫਾਰਮੂਲਾ ਤਹਿਤ ਕੀਤੇ ਗਏ ਉਪਰੋਕਤ ਯਤਨਾਂ ਦੇ ਬੜੇ ਸਾਰਥਕ ਨਤੀਜੇ ਸਾਹਮਣੇ ਆਏ। ਸਿੱਟੇ ਵਜੋਂ ਸਰਕਾਰ ਅਤੇ ਮਹਿਕਮੇ ਨੇ ਹੋਰ ਉਤਸ਼ਾਹ ਹੋਰ ਪ੍ਰਤੀਬੱਧਤਾ ਨਾਲ ਅੱਗੇ ਕੰਮ ਕਰਨਾ ਜਾਰੀ ਰੱਖਿਆ।
1917 ਵਿਚ ਫਰੈਂਡਜ਼ ਆਫ਼ ਹੈਪੀਨੈਸ ਪਲੇਟਫ਼ਾਰਮ ਦੀ ਸਥਾਪਨਾ ਕੀਤੀ ਗਈ ਜਿਸਦਾ ਮਕਸਦ ਲੋਕਾਂ ਨੂੰ ਸਰਕਾਰ ਦੇ ਯਤਨਾਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਸੀ। ਖੁਸ਼ੀ ਅਤੇ ਬਿਹਤਰ ਜੀਵਨ ਪ੍ਰਤੀ ਚੇਤੰਨਤਾ ਪੈਦਾ ਕਰਨਾ ਵੀ ਇਸਦਾ ਮਨੋਰਥ ਮਿਥਿਆ ਗਿਆ। ਲੋਕਾਂ ਨੂੰ ਖੁਸ਼ੀ ਦਾ ਮਹੱਤਵ ਸਮਝਾਉਣਾ ਵੀ ਇਸਦਾ ਹਿੱਸਾ ਸੀ।
ਯੂ ਏ ਈ ਯੂਨੀਵਰਸਿਟੀ ਨੇ ਉਪਰੋਕਤ ਪ੍ਰੋਗਰਾਮ ਦੇ ਸਹਿਯੋਗ ਨਾਲ ʻਸੈਂਟਰ ਫਾਰ ਹੈਪੀਨੈਸ ਰੀਸਰਚʼ ਦੀ ਸਥਾਪਨਾ ਕੀਤੀ ਜਿਹੜਾ ਦੇਸ਼ ਅਤੇ ਖਿੱਤੇ ਵਿਚ ਆਪਣੀ ਤਰ੍ਹਾਂ ਦਾ ਨਿਵੇਕਲਾ ਤਜ਼ਰਬਾ ਸੀ। ਇਸ ਖੋਜ ਕੇਂਦਰ ਨੇ ਖੁਸ਼ੀ ਦੇ ਵਿਗਿਆਨ ʼਤੇ ਖੋਜ-ਕਾਰਜ ਕਰਦਿਆਂ ਉਸਨੂੰ ਮਾਪਣ ਤੇ ਮੁਲਾਂਕਣ ਕਰਨ ਦੇ ਢੰਗ-ਤਰੀਕੇ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਖੋਜ ਕੇਂਦਰ ਦਾ ਮਨੋਰਥ ਇਹ ਦੱਸਣਾ ਵੀ ਸੀ ਕਿ ਵਿਸ਼ਵ ਪੱਧਰ ʼਤੇ ਯੂ ਏ ਈ ਨੇ ਖੁਸ਼ੀ ਦੇ ਵਿਗਿਆਨ ਦੇ ਪ੍ਰਚਾਰ ਪ੍ਰਸਾਰ ਵਿਚ ਕੀ ਅਤੇ ਕਿੰਨਾ ਯੋਗਦਾਨ ਪਾਇਆ ਹੈ।
ਯੂ ਏ ਈ ਨੇ ਜਦੋਂ ਇਸ ਮਹਿਕਮੇ ਦਾ ਗਠਨ ਕੀਤਾ ਉਦੋਂ ਦੁਨੀਆਂ ਦੇ 157 ਦੇਸ਼ਾਂ ਵਿਚੋਂ ਖੁਸ਼ੀ ਦੇ ਮਾਮਲੇ ਵਿਚ ਉਸਦਾ 28ਵਾਂ ਸਥਾਨ ਸੀ ਅਤੇ ਪਹਿਲੇ ਪੰਜ ਵਿਚ ਲਿਆਉਣ ਦਾ ਟੀਚਾ ਮਿਥਿਆ ਗਿਆ ਸੀ।
ਮਨਿਸਟਰੀ ਆਫ਼ ਲੋਨਲੀਨੈਸ
ਇੰਗਲੈਂਡ, ਜਪਾਨ, ਜਰਮਨੀ ਜਿਹੇ ਮੁਲਕਾਂ ਵਿਚ ਲੋਨਲੀਨੈਸ ਮਹਿਕਮੇ ਦਾ ਗਠਨ ਕਰਕੇ ਬਕਾਇਦਾ ਇਸਦੇ ਮੰਤਰੀ ਨਿਯੁਕਤ ਕੀਤੇ ਗਏ ਤਾਂ ਜੋ ਘਰਾਂ ਵਿਚ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਇਕੱਲਤਾ ਨੂੰ ਸਮਝਕੇ ਉਨ੍ਹਾਂ ਦੇ ਸਮਾਜਕ ਤੇ ਸਿਹਤ ਸਬੰਧੀ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ। ਕੋਰੋਨਾ ਸੰਕਟ ਦੌਰਾਨ ਵੀ ਅਜਿਹੇ ਘਰਾਂ ਨੂੰ ਸਭ ਤੋਂ ਪਹਿਲਾਂ ਸਹਾਇਤਾ ਪਹੁੰਚਾਈ ਜਾਂਦੀ ਰਹੀ।
ਵੈਸੇ ਇਕੱਲਤਾ ਦੀ ਸਮੱਸਿਆ ਕਿਸੇ ਉਮਰ ਨਾਲ ਨਹੀਂ ਜੁੜੀ ਹੈ। ਇਹ ਅਹਿਸਾਸ ਕਿਸੇ ਵੇਲੇ ਵੀ, ਕਿਸੇ ਵੀ ਉਮਰ ਵਿਚ ਹੋ ਸਕਦਾ ਹੈ।
ਇੰਗਲੈਂਡ ਨੇ 2018 ਵਿਚ ਸਭ ਤੋਂ ਪਹਿਲਾਂ ਇਸ ਮਹਿਕਮੇ ਦਾ ਗਠਨ ਕਰਕੇ ਮੰਤਰੀ ਨਿਯੁਕਤ ਕੀਤਾ ਸੀ ਕਿਉਂਕਿ ਉਥੇ ਇਹ ਸਮੱਸਿਆ ਸਮੇਂ ਨਾਲ ਗੰਭੀਰ ਰੂਪ ਅਖ਼ਤਿਆਰ ਕਰਦੀ ਜਾ ਰਹੀ ਸੀ।
ਜਪਾਨ ਦੂਸਰਾ ਅਜਿਹਾ ਦੇਸ਼ ਹੈ ਜਿਸ ਨੇ ਇਕੱਲਤਾ ਨੂੰ ਸੰਜੀਦਗੀ ਨਾਲ ਲੈਂਦਿਆਂ ਇਹ ਕਦਮ ਪੁੱਟਿਆ। ਜਪਾਨ ਵਿਚ 1995 ਦੇ ਭੂਚਾਲ ਅਤੇ 2011 ਦੀ ਸੁਨਾਮੀ ਤੇ ਭੂਚਾਲ ਉਪਰੰਤ ਹਾਲਾਤ ਅਜਿਹੇ ਬਣ ਗਏ ਸਨ ਕਿ ਲੱਖਾਂ ਲੋਕਾਂ ਕੋਲ ਆਰਜ਼ੀ ਘਰਾਂ ਵਿਚ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ। ਅਜਿਹੇ ਬਜ਼ੁਰਗਾਂ ਦੀ ਮੌਤ, ਜਿਨ੍ਹਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਸੀ। ਜਪਾਨ ਸਰਕਾਰ ਲਈ ਚੁਣੌਤੀ ਬਣ ਗਈ ਸੀ। ਕੋਰੋਨਾ ਸੰਕਟ ਨੇ ਇਨ੍ਹਾਂ ਹਾਲਾਤਾਂ ਨੂੰ ਬਦ ਤੋਂ ਬਦਤਰ ਬਣਾ ਦਿੱਤਾ। ਇਸਦੇ ਮੱਦੇ-ਨਜ਼ਰ ਸਮਾਜਕ ਇਕੱਲਤਾ ਨੂੰ ਘਟਾਉਣ ਅਤੇ ਇਸਤੋਂ ਪੈਦਾ ਹੋਣ ਵਾਲੀਆਂ ਪ੍ਰੇਸ਼ਾਨੀਆਂ ʼਤੇ ਕਾਬੂ ਪਾਉਣ ਲਈ ਜਪਾਨ ਵਿਚ ਫਰਵਰੀ 2021 ਵਿਚ ਮਨਿਸਟਰ ਆਫ਼ ਲੋਨਲੀਨੈ ਬਣਾਇਆ ਗਿਆ। ਜਿਸਦਾ ਮਨੋਰਥ ਲੋਕਾਂ ਦੀ, ਵਿਸ਼ੇਸ਼ ਕਰਕੇ ਬਜ਼ੁਰਗਾਂ ਦੀ ਮਾਨਸਿਕ ਸਿਹਤ ਵੱਲ ਧਿਆਨ ਦੇ ਕੇ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਮਿਥਿਆ ਗਿਆ। ਜਿਹੜਾ ਸਮਾਜ ਨਾਲੋਂ, ਲੋਕਾਂ ਨਾਲੋਂ ਟੁੱਟਿਆ ਹੋਇਆ ਮਹਿਸੂਸ ਕਰਦਾ ਹੈ, ਕਾਊਂਸਲਿੰਗ ਦੁਆਰਾ ਉਸ ਅੰਦਰੋਂ ਇਸ ਭਾਵਨਾ ਨੂੰ ਘਟਾਉਣਾ, ਮਕਾਉਣਾ ਮਿਥਿਆ ਗਿਆ।
ਇੰਗਲੈਂਡ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਇਕੱਲਤਾ ਬਾਰੇ ਗੱਲ ਹੋਣੀ ਚਾਹੀਦੀ ਹੈ। ਐਕਸ਼ਨ ਹੋਣਾ ਚਾਹੀਦਾ ਹੈ। ਇਸਦੇ ਮੱਦੇ-ਨਜ਼ਰ ʻਲੋਨਲੀਨੈਸ ਅਵੇਅਰਨੈਸ ਵੀਕʼ ਮਨਾ ਕੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕੀਤਾ ਗਿਆ।
ਜਰਮਨੀ ਵਿਚ ਸਿਆਸੀ ਨੇਤਾ ਲੋਕਾਂ ਨੂੰ ਇਕੱਲਤਾ ਦੇ ਖਤਰਿਆਂ ਪ੍ਰਤੀ ਚੇਤੰਨ ਕਰਦੇ ਹੋਏ ਇਸਨੂੰ ਦੂਰ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਕੱਲਤਾ ਕਾਰਨ ਪੈਦਾ ਹੋਈ ਖੜੋਤ ਨੂੰ ਤੋੜਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਨ।
ਜਿਵੇਂ ਜਿਵੇਂ ਮਨੁੱਖ ਵਿਕਾਸ ਕਰ ਰਿਹਾ ਹੈ ਤਿਵੇਂ ਤਿਵੇਂ ਅਜਿਹੇ ਖਤਰਿਆਂ ਵਿਚ ਘਿਰਦਾ ਜਾ ਰਿਹਾ ਹੈ। ਇੰਗਲੈਂਡ ਵਰਗੇ ਵਿਕਸਤ ਮੁਲਕਾਂ ਵਿਚ ਜਾਂ ਸੜਕਾਂ ʼਤੇ ਕਾਰਾਂ ਨਜ਼ਰ ਆਉਂਦੀਆਂ ਹਨ ਜਾਂ ਇਮਾਰਤਾਂ। ਬੰਦੇ ਕਿਧਰੇ ਨਹੀਂ ਦਿਸਦੇ ਜਾਂ ਦਫ਼ਤਰੀ ਕੰਮ ਲਈ ਦਫ਼ਤਰਾਂ ਅੰਦਰ ਹੁੰਦੇ ਹਨ ਜਾਂ ਘਰਾਂ ਅੰਦਰ। ਆਂਢ-ਗੁਆਂਢ, ਗਲੀ-ਮੁਹੱਲੇ ਮੇਲ ਜੋਲ ਨਾਂਹ ਦੇ ਬਰਾਬਰ ਹੁੰਦਾ ਹੈ।
ਯੂ ਕੇ, ਜਪਾਨ, ਜਰਮਨੀ ਵਿਚ ਲੋਨਲੀਲੈਸ ਮਹਿਕਮੇ ਦੇ ਗਠਨ ਅਤੇ ਮੰਤਰੀ ਦੀ ਨਿਯੁਕਤੀ ਨਾਲ ਲਗਾਤਾਰ ਅਜਿਹੇ ਕਦਮ ਚੁੱਕੇ ਜਾ ਰਹੇ ਹਨ, ਅਜਿਹੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਅਜਿਹੇ ਲੋਕਾਂ ਅੰਦਰ ਜ਼ਿੰਦਗੀ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਉਹ ਰੋਜ਼ਾਨਾ ਦੇ ਕੰਮ-ਕਾਰ ਵਿਚ ਦਿਲਚਸਪੀ ਲੈਂਦਿਆਂ ਆਲੇ-ਦੁਆਲੇ ਵਿਚ ਰਚਨ ਮਿਚਣ ਲੱਗਦੇ ਹਨ।
—— 0 ——