ਕੁਆਲਾਲੰਪੁਰ/ਪੇਇਚਿੰਗ, 9 ਮਾਰਚ – ਸ਼ੁੱਕਰਵਾਰ ਨੂੰ ਮਲੇਸ਼ੀਆ ਏਅਰਲਾਈਨਜ਼ ਦੇ ਲਾਪਤਾ ਹੋਏ ਜਹਾਜ਼ ਨੂੰ ਲੱਭਣ ਤੇ ਬਚਾਓ ਕਾਰਜਾਂ ਦੇ ਯਤਨ ਅੱਜ ਦੂਜੇ ਦਿਨ ਵੀ ਬਹੁ-ਕੌਮੀ ਪੱਧਰ ‘ਤੇ ਜਾਰੀ ਰਹੇ। ਬਚਾਓ ਕਾਰਜਾਂ ਵਿੱਚ ਲੱਗੇ ਸਾਰੇ ਮੁਲਕਾਂ ਨੂੰ ਕੋਈ ਅਣਹੋਣੀ ਵਾਪਰਨ ਦਾ ਖ਼ਦਸ਼ਾ ਹੈ ਤੇ ਇਸ ਵਿੱਚ ਅਤਿਵਾਦੀਆਂ ਦੀ ਸ਼ਮੂਲੀਅਤ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ। ਇਸ ਜਹਾਜ਼ ਵਿੱਚ 239 ਲੋਕ ਸਵਾਰ ਸਨ। ਛੇ ਮੁਲਕਾਂ ਦੇ ਹਵਾਈ ਤੇ ਸਮੁੰਦਰੀ ਜਹਾਜ਼ਾਂ ਨੇ ਇਸ ਲਾਪਤਾ ਜਹਾਜ਼ ਦੀ ਮੁੜ ਭਾਲ ਸ਼ੁਰੂ ਕੀਤੀ। ਗੌਰਤਲਬ ਹੈ ਕਿ ਸ਼ੁੱਕਰਵਾਰ ਨੂੰ ਕੁਆਲਾਲੰਪੁਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਇਕ ਘੰਟੇ ਮਗਰੋਂ ਉਹ ਜਹਾਜ਼ ਅਚਾਨਕ ਰਾਡਾਰ ਤੋਂ ਲੋਪ ਹੋ ਗਿਆ ਸੀ। ਮਲੇਸ਼ੀਆ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਅੱਜ ਤਿੰਨ ਜੈੱਟ ਜਹਾਜ਼ ਅਮਰੀਕਾ ਦੀ ਉਸ ਵਿਸ਼ੇਸ਼ ਕੰਪਨੀ ਦੀ ਮਦਦ ਲਈ ਭੇਜੇ ਜੋ ਹਾਦਸਾਗ੍ਰਸਤ ਜਹਾਜ਼ਾਂ ਨੂੰ ਲੱਭਣ ਵਿੱਚ ਮਾਹਿਰ ਹੈ। ਅਮਰੀਕਾ ਨੇ ਵੀ ਮਾਹਿਰਾਂ ਦੀ ਟੀਮ ਇਸ ਕਾਰਜ ਲਈ ਭੇਜੀ ਹੈ। ਸਿੰਗਾਪੁਰ ਨੇ ਦੋ ਜੰਗੀ ਜਹਾਜ਼, ਜਲ ਸੈਨਾ ਦਾ ਇਕ ਹੈਲੀਕਾਪਟਰ ਇਸ ਕੰਮ ‘ਚ ਲਾਏ ਹਨ। ਚੀਨ ਨੇ ਦੋ ਬਚਾਓ ਜਲ ਵਾਹਕ ਭੇਜੇ ਹਨ। ਅਮਰੀਕੀ ਜਲ ਸੈਨਾ ਨੇ ਇਕ ਸੇਧਿਤ ਮਿਸਾਈਲ ਵੀਅਤਨਾਮ ਦੇ ਦੱਖਣੀ ਤੱਟ ਵੱਲ ਦਾਗ ਕੇ ਜਾਂਚ ਦੇ ਕੰਮ ‘ਚ ਮਦਦ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਮਲੇਸ਼ੀਆਈ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਇਹ ਜਾਂਚ ਵੀ ਕਰ ਰਹੇ ਹਨ ਕਿ ਕਿਵੇਂ ਚਾਰ ਵਿਅਕਤੀ ਫ਼ਰਜ਼ੀ ਪਛਾਣ ਨਾਲ ਜਹਾਜ਼ ਵਿੱਚ ਚੜ੍ਹ ਗਏ ਸਨ ਅਤੇ ਦਹਿਸ਼ਤਗਰਦੀ ਦੇ ਟਾਕਰੇ ਲਈ ਬਣੀਆਂ ਹੋਰ ਮੁਲਕਾਂ ਦੀਆਂ ਏਜੰਸੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਜਾਂਚ ਬਚਾਓ ਟੀਮਾਂ ਕੋਲ ਹਾਦਸੇ ਬਾਰੇ ਕੋਈ ਸੁਰਾਗ ਨਹੀਂ ਹਨ। ਇਹ ਨਹੀਂ ਪਤਾ ਜਹਾਜ਼ ਕਿੱਥੇ ਹਾਦਸਾਗ੍ਰਸਤ ਹੋਇਆ। ਕੇਵਲ ਵੀਅਤਨਾਮ ਤੱਟ ‘ਤੇ ਤੇਲ ਦੀਆਂ ਦੋ 10 ਤੇ 15 ਕਿੱਲੋਮੀਟਰ ਲੰਮੀਆਂ ਲਕੀਰਾਂ ਹਨ ਜੋ ਹਾਦਸਾਗ੍ਰਸਤ ਹੋਏ ਜਹਾਜ਼ ਨਾਲ ਪਈਆਂ ਜਾਪਦੀਆਂ ਹਨ। ਸੰਭਾਵੀ ਹਾਦਸੇ ਦਾ ਕੋਈ ਸਹੀ ਥਹੁ-ਪਤਾ ਨਹੀਂ ਹੈ। ਇਸ ਜਹਾਜ਼ ਵਿੱਚ ੨ ਨਿਊਜ਼ੀਲੈਂਡਰ ਅਤੇ ੪ ਭਾਰਤੀ ਵੀ ਸਵਾਰ ਸਨ।
International News ਮਲੇਸ਼ੀਆ ਏਅਰਲਾਈਨਜ਼ ਦੇ ਲਾਪਤਾ ਜਹਾਜ਼ ਦੀ ਭਾਲ ਜਾਰੀ