ਮਲੇਸ਼ੀਆ ਵਿਖੇ ਗੁਰਦੁਆਰਾ ਸਾਹਿਬ ਮਲਾਕਾ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ

ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ ਜੀ ਮਲੇਸ਼ੀਆ ਦੇ ਕੈਬਨਿਟ ਮੰਤਰੀ ਗੋਬਿੰਦ ਸਿੰਘ ਦਿਓ ਅਤੇ ਬੀਬਾ ਦਲਵਿੰਦਰ ਕੌਰ ਖਾਲਸਾ (ਪ੍ਰਧਾਨ ਗੁਰਦੁਆਰਾ ਸਾਹਿਬ ਮਲਾਕਾ) ਨਾਲ
ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ ਅਤੇ ਬੀਬਾ ਦਲਵਿੰਦਰ ਕੌਰ (ਪ੍ਰਧਾਨ ਗੁਰਦੁਆਰਾ ਸਾਹਿਬ) ਗੱਤਕਾ ਟੀਮ ਨੂੰ ਸਨਮਾਨਿਤ ਕਰਨ ਉਪਰੰਤ

ਬਾਬਾ ਬੁੱਢਾ ਵੰਸ਼ਜ ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ ਨੇ ਭਰੀਆਂ ਹਾਜ਼ਰੀਆਂ)
ਮਲਾਕਾ (ਮਲੇਸ਼ੀਆ), 2 ਅਪ੍ਰੈਲ – ਮਲੇਸ਼ੀਆ ਦੇਸ਼ ਦੀ ਪ੍ਰਸਿੱਧ ਸਟੇਟ ਮਲਾਕਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਮਲਾਕਾ ਦਾ 100 ਸਾਲਾ ਸਥਾਪਨਾ ਦਿਵਸ ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿੱਚ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਮਲੇਸ਼ੀਆ ਦੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਅਤੇ ਕਥਾਵਾਚਕਾਂ ਵੱਲੋਂ ਇਤਿਹਾਸ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਗੁਰਦੁਆਰਾ ਸਾਹਿਬ ਮਲਾਕਾ ਦੇ 100 ਸਾਲਾ ਇੰਟਰਨੈਸ਼ਨਲ ਸਮਾਗਮ ਵਿੱਚ ਬਾਬਾ ਬੁੱਢਾ ਵੰਸ਼ਜ ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ) ਵੱਲੋਂ ਵਿਸ਼ੇਸ਼ ਤੌਰ ‘ਤੇ ਸਿੰਗਾਪੁਰ ਤੋਂ ਆਕੇ ਹਾਜ਼ਰੀਆਂ ਭਰੀਆਂ ਗਈਆਂ। ਸਮਾਗਮ ਵਿੱਚ ਹਾਜ਼ਰੀ ਭਰਦੇ ਹੋਏ ਪ੍ਰੋ. ਬਾਬਾ ਰੰਧਾਵਾ ਵੱਲੋਂ ਨਗਰ ਕੀਰਤਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪਾਲਕੀ ‘ਚ ਸਜਾਉਣ, ਚੌਰ ਸਾਹਿਬ ਦੀ ਸੇਵਾ ਕਰਨ, ਦਰਬਾਰ ਵਿੱਚ ਕਥਾ ਕਰਨ, ਅਰਦਾਸਾਂ ਕਰਨ ਅਤੇ ਨਗਰ ਕੀਰਤਨ ਵਿੱਚ ਪੰਜ ਪਿਆਰਿਆਂ, ਨਿਸ਼ਾਨਚੀ ਸਿੰਘਾਂ ਅਤੇ ਗੁਰਦੁਆਰਾ ਪ੍ਰਧਾਨ ਬੀਬਾ ਦਲਵਿੰਦਰ ਕੌਰ ਖਾਲਸਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਨ ਦੀਆਂ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਗਈਆਂ। ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਗੁਰੂ ਘਰ ਦੇ ਵਜ਼ੀਰਾਂ ਵੱਲੋਂ ਪ੍ਰੋ. ਬਾਬਾ ਰੰਧਾਵਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੇ 100 ਸਾਲਾ ਸਮਾਗਮ ‘ਚ ਉਚੇਚੇ ਤੌਰ ‘ਤੇ ਹਾਜ਼ਰੀਆਂ ਭਰਨ ਆਏ ਮਲੇਸ਼ੀਆ ਸਰਕਾਰ ਦੇ ਸਿੱਖ ਕੈਬਨਿਟ ਮਨਿਸਟਰ ਗੋਬਿੰਦ ਸਿੰਘ ਦਿਓ, ਮਲਾਕਾ ਸਟੇਟ ਦੇ ਗਵਰਨਰ ਡਾ. ਹਾਜੀ ਮੁਹੰਮਦ ਤਾਨ ਅਲੀ ਰੁਸਤਮ ਅਤੇ ਦਾਤੋ ਡਾ. ਮਹਿੰਦਰ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਬੀਬਾ ਦਲਵਿੰਦਰ ਕੌਰ ਖਾਲਸਾ ਅਤੇ ਸੈਕਟਰੀ ਅੰਮ੍ਰਿਤਪਾਲ ਸਿੰਘ ਵੱਲੋਂ ਫੁੱਲਾਂ ਦੇ ਬੁੱਕੇ, ਲੋਈਆਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਕਮੇਟੀ ਵੱਲੋਂ 100 ਸਾਲਾ ਸਮਾਗਮ ਨੂੰ ਸਮਰਪਿਤ ਸੋਵੀਨਰ ਛਾਪਿਆ ਗਿਆ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨ ਅਤੇ ਸੈਕਟਰੀ ਆਦਿ ਦੀਆਂ ਫ਼ੋਟੋਆਂ ਅਤੇ ਵੇਰਵੇ ਲਿਖੇ ਗਏ ਹਨ। ਨਗਰ ਕੀਰਤਨ ਵਿੱਚ ਮਲੇਸ਼ੀਆ ਦੇ ਪ੍ਰਸਿੱਧ ਗੱਤਕੇਬਾਜ਼ਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਸਮਾਗਮ ਦੇ ਚਾਰੇ ਦਿਨ ਗੁਰੂ ਕੇ ਲੰਗਰ ਅਟੁੱਟ ਵਰਤਦੇ ਰਹੇ।
ਗੁਰਦੁਆਰਾ ਮਲਾਕਾ ਸਾਹਿਬ ਦੇ 100 ਸਾਲਾ ਸਮਾਗਮ ‘ਚ ਸਿੰਗਾਪੁਰ, ਇੰਡੋਨੇਸ਼ੀਆ, ਥਾਈਲੈਂਡ, ਭਾਰਤ, ਹਾਂਗਕਾਂਗ ਆਦਿ ਦੇਸ਼ਾਂ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ। ਇੱਥੇ ਇਹ ਵਰਨਣਯੋਗ ਕਿ ਗੁਰਦੁਆਰਾ ਸਾਹਿਬ ਮਲਾਕਾ ਦੇ 1925 ਈ: ਨੂੰ ਨੀਂਹ ਪੱਥਰ ਰੱਖਣ ਤੋਂ ਲਗਭਗ ਦੋ ਤਿੰਨ ਸਾਲ ਬਾਅਦ ਮਲੇਸ਼ੀਆ ਵਿੱਚ ਸਿੱਖ ਧਰਮ ਦਾ ਪ੍ਰਚਾਰ ਪਸਾਰ ਕਰਨ ਆਏ ਬਾਬਾ ਸੋਹਣ ਸਿੰਘ ਜੀ ਨੇ ਆਪਣੇ ਜੀਵਨ ਦੇ 50-60 ਵਰ੍ਹੇ ਇਸ ਗੁਰਦੁਆਰਾ ਸਾਹਿਬ ਵਿਖੇ ਨਿਭਾਈਆਂ ਸੇਵਾਵਾਂ ਕਰਕੇ ਆਪ ਦੇ ਨਾਮ ਬਾਬਾ ਸੋਹਣ ਸਿੰਘ ਮਲਾਕੇ ਵਾਲੇ ਜੁੜ ਗਿਆ।
ਜਾਰੀ ਕਰਤਾ : ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ)