ਮਹਾਰਾਣੀ ਦੇ ਅੰਤਿਮ ਰਸਮਾਂ ’ਚ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸਣੇ 500 ਦੇ ਕਰੀਬ ਆਲਮੀ ਆਗੂ ਸ਼ਾਮਲ ਹੋਏ
ਲਲੰਡਨ, 19 ਸਤੰਬਰ – ਮਹਾਰਾਣੀ ਐਲਿਜ਼ਾਬੈੱਥ ਦੋਇਮ ਨੂੰ ਅੱਜ ਇਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਵੈਸਟਮਿਨਸਟਰ ਐਬੇ ਵਿੱਚ ਨਿਭਾਈਆਂ ਅੰਤਿਮ ਰਸਮਾਂ ਮਗਰੋਂ ਕਿੰਗ ਜੌਰਜ 6 ਮੈਮੋਰੀਅਲ ਚੈਪਲ ਵਿੱਚ ਸਪੁਰਦੇ ਖ਼ਾਕ ਕਰ ਦਿੱਤਾ ਗਿਆ। ਮਹਾਰਾਣੀ ਨੂੰ ਉਨ੍ਹਾਂ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੇ ਤਾਬੂਤ ਨੇੇੇੜੇ ਹੀ ਦਫ਼ਨਾਇਆ ਗਿਆ। ਡਿਊਕ ਆਫ਼ ਐਡਿਨਬਰਗ ਪ੍ਰਿੰਸ ਫਿਲਿਪ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ। ਮਹਾਰਾਣੀ ਦੀਆਂ ਅੰਤਿਮ ਰਸਮਾਂ ਵਿੱਚ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੋਅ ਬਾਇਡਨ, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸਣੇ ਪੰਜ ਸੌ ਦੇ ਕਰੀਬ ਆਲਮੀ ਆਗੂਆਂ ਅਤੇ ਵਿਸ਼ਵ ਦੇ ਵੱਖ ਵੱਖ ਹਿੱਸਿਆਂ ’ਚ ਵਸੇ ਸ਼ਾਹੀ ਪਰਿਵਾਰਾਂ ਨੇ ਸ਼ਿਰਕਤ ਕੀਤੀ। ਮਹਾਰਾਣੀ ਦਾ 8 ਸਤੰਬਰ ਨੂੰ 96 ਸਾਲ ਦੀ ਉਮਰ ਵਿੱਚ ਸਕਾਟਲੈਂਡ ’ਚ ਬਾਲਮੋਰਲ ਕੈਸਲ ਵਿਚਲੀ ਰਿਹਾਇਸ਼ ’ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ 70 ਸਾਲ ਬਰਤਾਨੀਆ ਦੇ ਤਖ਼ਤ ’ਤੇ ਰਾਜ ਕੀਤਾ। ਇਸ ਦੌਰਾਨ ਮਰਹੂਮ ਮਹਾਰਾਣੀ ਦੇ ਸਤਿਕਾਰ ਵਜੋਂ ਪੂਰੇ ਯੂਕ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਵੈਸਟਮਿਨਸਟਰ ਹਾਲ ਵਿੱਚ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖੇ ਮਹਾਰਾਣੀ ਦੀ ਦੇਹ ਵਾਲੇ ਤਾਬੂਤ ਨੂੰ ਮੁਕਾਮੀ ਸਮੇਂ ਮੁਤਾਬਕ ਸਵੇਰੇ 11 ਵਜੇ ਵੈਸਟਮਿਨਸਟਰ ਐਬੇ ਲਿਜਾਇਆ ਗਿਆ। ਯੂਕੇ ਦੀ ਸੰਸਦ ਵਿਚਲੇ ਵੈਸਟਮਿਨਸਟਰ ਹਾਲ ਵਿੱਚ ਮਹਾਰਾਣੀ ਦੀ ਦੇਹ ਨੂੰ ਪੰਜ ਦਿਨ ਰੱਖਿਆ ਗਿਆ ਸੀ। ਰੌਇਲ ਏਅਰ ਫੋਰਸ ਦੀ ਸਿਵਲ ਮੈਂਬਰ ਕ੍ਰਿਸਟੀਨਾ ਹੀਰੇ ਮਹਾਰਾਣੀ ਦੇ ਤਾਬੂਤ ਦੀ ਦਰਸ਼ਨ ਕਰਨ ਵਾਲੀ ਆਖਰੀ ਮੈਂਬਰ ਸੀ। ਵੈਸਟਮਿਨਸਟਰ ਐਬੇ ਤੋਂ ਮਹਾਰਾਣੀ ਦੇ ਤਾਬੂਤ ਨੂੰ ਵਿੰਡਸਰ ਕੈਸਲ ਲਿਆਂਦਾ ਗਿਆ। ਐਬੇ ’ਚ ਰੱਖੀਆਂ ਅੰਤਿਮ ਰਸਮਾਂ ਵਿੱਚ 2000 ਦੇ ਕਰੀਬ ਲੋਕ ਜੁੜੇ। ਅੰਤਿਮ ਰਸਮਾਂ ਦਾ ਸਵਾ ਸੌ ਦੇ ਕਰੀਬ ਸਿਨੇਮਾਘਰਾਂ ਤੇ ਯੂਕੇ ਦੇ ਕਈ ਵੱਡੇ ਗਿਰਜਾਘਰਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ। ਐਡਿਨਬਰਗ ਵਿਚ ਹੋਲੀਰੁੱਡਹਾਊਸ ਦੇ ਪੈਲੇਸ ਦੇ ਸਾਹਮਣੇ ਹੋਲੀਰੁੱਡ ਪਾਰਕ ਵਿੱਚ ਵੱਡੀ ਸਕਰੀਨ ’ਤੇ ਵੀ ਲੋਕਾਂ ਨੇ ਅੰਤਿਮ ਰਸਮਾਂ ਵੇਖੀਆਂ। ਕਾਬਿਲੇਗੌਰ ਹੈ ਕਿ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੇ ਮਹਾਰਾਣੀ ਐਲਿਜ਼ਾਬੈੱਥ ਦੀਆਂ ਅੰਤਿਮ ਰਸਮਾਂ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਆਖਰੀ ਤਸਵੀਰ ਰਿਲੀਜ਼ ਕਰ ਦਿੱਤੀ ਸੀ। ਐਤਵਾਰ ਨੂੰ ਜਾਰੀ ਤਸਵੀਰ ਵਿੱਚ ਮਰਹੂਮ ਮਹਾਰਾਣੀ ਨੂੰ ਮੁਸਕਰਾਉਂਦਿਆਂ ਵੇਖਿਆ ਜਾ ਸਕਦਾ ਹੈ।
Home Page ਮਹਾਰਾਣੀ ਐਲਿਜ਼ਾਬੈੱਥ ਦੋਇਮ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ