ਚੀਨ ਨੂੰ ਕਾਂਸੀ ਦਾ ਤਗਮਾ ਮਿਲਿਆ
ਰਾਂਚੀ, 5 ਨਵੰਬਰ – ਭਾਰਤ ਨੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ ਵਿੱਚ ਜਾਪਾਨ ਨੂੰ 4-0 ਨਾਲ ਹਰਾ ਕੇ ਖ਼ਿਤਾਬ ‘ਤੇ ਕਬਜ਼ਾ ਕਰ ਲਿਆ। ਝਾਰਖੰਡ ਦੀ ਧੀ ਸੰਗੀਤਾ ਕੁਮਾਰੀ ਨੇ ਮੈਚ ਦੇ ਦੂਜੇ ਕੁਆਰਟਰ ਵਿੱਚ ਪਹਿਲਾ ਗੋਲ ਕੀਤਾ। ਮੈਚ ਦੇ ਆਖ਼ਰੀ ਕੁਆਰਟਰ ਵਿੱਚ ਜਿੱਥੇ ਭਾਰਤੀ ਖਿਡਾਰੀਆਂ ਨੇ ਤਿੰਨ ਹੋਰ ਗੋਲ ਕੀਤੇ, ਉੱਥੇ ਜਾਪਾਨੀ ਖਿਡਾਰੀ ਕੋਈ ਗੋਲ ਨਹੀਂ ਕਰ ਸਕੇ।
ਭਾਰਤੀ ਟੀਮ ਨੇ ਫਾਈਨਲ ਮੈਚ ਜਿੱਤ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਦੂਜੀ ਵਾਰ ਇਸ ਮੁਕਾਬਲੇ ‘ਚ ਸੋਨ ਤਗਮਾ ਜਿੱਤਿਆ। 5 ਨਵੰਬਰ ਦਿਨ ਐਤਵਾਰ ਨੂੰ ਰਾਂਚੀ ਦੇ ਮਾਰੰਗ ਗੋਮਕੇ ਜੈਪਾਲ ਸਿੰਘ ਮੁੰਡਾ ਐਸਟ੍ਰੋਟਰਫ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਖ਼ਿਤਾਬੀ ਮੁਕਾਬਲੇ ਵਿੱਚ ਮੇਜ਼ਬਾਨ ਟੀਮ ਨੇ ਜਾਪਾਨ ਨੂੰ ਹਰਾਇਆ।
ਗੋਲਡ ਮੈਡਲ ਮੈਚ ਵਿੱਚ ਭਾਰਤੀ ਟੀਮ ਨੇ ਹਾਫ਼ ਟਾਈਮ ਦੇ ਅੰਤ ਤੱਕ 1-0 ਦੀ ਬੜ੍ਹਤ ਬਣਾ ਲਈ ਸੀ। ਭਾਰਤ ਲਈ ਇਹ ਗੋਲ ਸੰਗੀਤਾ ਕੁਮਾਰੀ ਨੇ 17ਵੇਂ ਮਿੰਟ ਵਿੱਚ ਮੈਦਾਨੀ ਗੋਲ ਦੇ ਰੂਪ ਵਿੱਚ ਕੀਤਾ। ਮੇਜ਼ਬਾਨ ਟੀਮ ਨੇ ਦੂਜੇ ਹਾਫ਼ ਵਿੱਚ ਵੀ ਆਪਣਾ ਤੂਫ਼ਾਨੀ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਤਿੰਨ ਹੋਰ ਗੋਲ ਕੀਤੇ। ਟੀਮ ਵੱਲੋਂ ਦੂਜਾ ਗੋਲ ਨੇਹਾ ਨੇ 46ਵੇਂ ਮਿੰਟ ਵਿੱਚ, ਤੀਜਾ ਗੋਲ ਲਾਲਰੇਮਸਿਆਮੀ ਨੇ 57ਵੇਂ ਮਿੰਟ ਵਿੱਚ ਅਤੇ ਚੌਥਾ ਤੇ ਆਖ਼ਰੀ ਗੋਲ ਵੰਦਨਾ ਕਟਾਰੀਆ ਨੇ 60ਵੇਂ ਮਿੰਟ ਵਿੱਚ ਕੀਤਾ।
ਇਸ ਐਡੀਸ਼ਨ ਵਿੱਚ ਸੱਤ ਮੈਚਾਂ ਵਿੱਚ ਭਾਰਤ ਦੀ ਇਹ ਲਗਾਤਾਰ 7ਵੀਂ ਜਿੱਤ ਸੀ। ਭਾਰਤੀ ਟੀਮ ਲਈ ਸੰਗੀਤ ਕੁਮਾਰੀ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 6 ਗੋਲ ਕੀਤੇ ਜਦੋਂ ਕਿ ਚੀਨ ਦੀ ਜਿਯਾਕੀ ਝੋਂਗ 7 ਗੋਲ ਕਰਕੇ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਰਹੀ।
ਭਾਰਤੀ ਮਹਿਲਾ ਟੀਮ ਨੇ ਇਸ ਤੋਂ ਪਹਿਲਾਂ 2016 ‘ਚ ਇਹ ਖ਼ਿਤਾਬ ਜਿੱਤਿਆ ਸੀ। ਜਦੋਂ ਕਿ ਭਾਰਤੀ ਟੀਮ ਨੇ 2013 ਅਤੇ 2018 ਵਿੱਚ ਚਾਂਦੀ ਦੇ ਤਗਮੇ ਜਿੱਤੇ ਸਨ।
ਇਸ ਤੋਂ ਪਹਿਲਾਂ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਚੀਨ ਨੇ ਕੋਰੀਆ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਚੀਨ ਲਈ ਯੀ ਚੇਨ ਨੇ 3ਜੇ ਅਤੇ ਤਿਆਨਟੀਅਨ ਲੂ ਨੇ 47ਵੇਂ ਮਿੰਟ ਵਿੱਚ ਗੋਲ ਕੀਤੇ। ਇਸ ਦੇ ਨਾਲ ਹੀ ਕੋਰੀਆ ਲਈ ਇਕਮਾਤਰ ਗੋਲ ਸੁਜਿਨ ਐਨ ਨੇ 38ਵੇਂ ਮਿੰਟ ‘ਚ ਕੀਤਾ। ਕੋਰੀਆ ਨੂੰ 4ਥੇ, ਮਲੇਸ਼ੀਆ 5ਵੇਂ ਅਤੇ ਥਾਈਲੈਂਡ ਨੂੰ 6ਵੇਂ ਸਥਾਨ ਨਾਲ ਸਬਰ ਕਰਨਾ ਪਿਆ।
Hockey ਮਹਿਲਾ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ 2023: ਭਾਰਤ ਨੇ ਜਾਪਾਨ ਨੂੰ 4-0 ਹਰਾ...