ਕਾਕਾਮਿਗਾਹਾਰਾ (ਜਪਾਨ), 11 ਜੂਨ – ਭਾਰਤ ਨੇ ਚਾਰ ਵਾਰ ਚੈਂਪੀਅਨ ਰਹੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ। ਭਾਰਤ ਲਈ ਅਨੂ ਤੇ ਨੀਲਮ ਨੇ ਗੋਲ ਦਾਗੇ ਜਦੋਂ ਕਿ ਕੋਰੀਆ ਲਈ ਇਕ ਇਕੋ ਗੋਲ ਸਿਓ ਯੇਓਨ ਨੇ ਕੀਤਾ।
ਪਹਿਲਾ ਕੁਆਰਟਰ ਗੋਲ ਬਰਾਬਰ ਰਹਿਣ ਮਗਰੋਂ ਭਾਰਤ ਨੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਅਨੂ ਦੇ ਗੋਲ ਕਰਕੇ ਬੜ੍ਹਤ ਬਣਾਈ। ਅਨੂ ਨੇ ਗੋਲ ਕਰ ਕੇ ਭਾਰਤ ਨੂੰ 1-0 ਤੋਂ ਅੱਗੇ ਕੀਤਾ। ਦੱਖਣੀ ਕੋਰੀਆ ਨੇ ਹਾਲਾਂਕਿ ਤਿੰਨ ਮਿੰਟ ਬਾਅਦ ਪਾਰਕ ਸਿਓ ਯੇਓਨ ਦੇ ਗੋਲ ਦੀ ਬਦੌਲਤ ਸਕੋਰ 1-1 ਕਰ ਦਿੱਤਾ। ਨੀਲਮ ਨੇ 41ਵੇਂ ਮਿੰਟ ਵਿੱਚ ਦੱਖਣੀ ਕੋਰੀਆ ਦੀ ਗੋਲਕੀਪਰ ਦੇ ਸੱਜੇ ਪਾਸਿਉਂ ਗੋਲ ਦਾਗ ਕੇ ਭਾਰਤ ਨੂੰ 2-1 ਤੋਂ ਅੱਗੇ ਕਰ ਦਿੱਤਾ ਜੋ ਫੈਸਲਾਕੁਨ ਸਕੋਰ ਸਾਬਿਤ ਹੋਇਆ। ਇਸ ਮਗਰੋਂ ਭਾਰਤੀ ਟੀਮ ਨੇ ਆਖਰੀ ਕੁਆਰਟਰ ਵਿੱਚ ਆਪਣੀ ਬੜ੍ਹਤ ਬਰਕਰਾਰ ਰੱਖਦਿਆਂ ਜਿੱਤ ਦਰਜ ਕੀਤੀ। ਦੱਖਣੀ ਕੋਰੀਆ ਨੂੰ ਪੈਨਲਟੀ ਕਾਰਨਰ ਵਜੋਂ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਟੀਮ ਇਸ ਦਾ ਲਾਹਾ ਨਹੀਂ ਲੈ ਸਕੀ। ਇਸ ਤੋਂ ਪਹਿਲਾਂ ਮਹਿਲਾ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ 2012 ਵਿੱਚ ਉਸ ਸਮੇਂ ਰਿਹਾ ਸੀ ਜਦੋਂ ਟੀਮ ਬੈਂਕਾਕ ਵਿੱਚ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਸੀ ਪਰ ਚੀਨ ਤੋਂ 2-5 ਤੋਂ ਹਾਰ ਗਈ ਸੀ। ਭਾਰਤੀ ਕਪਤਾਨ ਪ੍ਰੀਤੀ ਮੈਚ ਦੀ ਸਰਬੋਤਮ ਖਿਡਾਰੀ ਚੁਣੀ ਗਈ।
Hockey ਮਹਿਲਾ ਜੂਨੀਅਰ ਏਸ਼ੀਆ ਕੱਪ: ਭਾਰਤ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ...