ਨਵੀਂ ਦਿੱਲੀ, 15 ਜੂਨ – ਦਿੱਲੀ ਪੁਲੀਸ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਪੋਕਸੋ ਐਕਟ ਤਹਿਤ ਲਾਏ ਗਏ ਦੋਸ਼ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਸ ਨਾਲ ਬ੍ਰਿਜ ਭੂਸ਼ਨ ਨੂੰ ਵੱਡੀ ਰਾਹਤ ਮਿਲੀ ਹੈ। ਪਰ ਉਸ ’ਤੇ ਜਿਨਸੀ ਛੇੜਛਾੜ ਤੇ ਛੇ ਮਹਿਲਾ ਪਹਿਲਵਾਨਾਂ ਦਾ ਪਿੱਛਾ ਕਰਨ ਦਾ ਦੋਸ਼ ਲਾਇਆ ਹੈ।
ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਕੋਰਟ ‘ਚ ਇਕ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਨਾਬਾਲਗ ਪਹਿਲਵਾਨ ਦੇ ਮਾਮਲੇ ’ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਕੈਂਸਲੇਸ਼ਨ ਰਿਪੋਰਟ ਦਾਇਰ ਕੀਤੀ ਗਈ ਹੈ। ਇਸ ਦੀ ਸੁਣਵਾਈ ਦੀ ਅਗਲੀ ਤਰੀਕ 4 ਜੁਲਾਈ ਤੈਅ ਕੀਤੀ ਗਈ ਹੈ। ਦੱਸ ਦੇਈਏ ਕਿ ਕੈਂਸਲੇਸ਼ਨ ਰਿਪੋਰਟ ਉਨ੍ਹਾਂ ਮਾਮਲਿਆਂ ਵਿਚ ਦਾਇਰ ਕੀਤੀ ਜਾਂਦੀ ਹੈ, ਜਦੋਂ ਕੋਈ ਪੁਖ਼ਤਾ ਸਬੂਤ ਨਹੀਂ ਮਿਲਦਾ। ਦਿੱਲੀ ਪੁਲਿਸ ਨੇ ਪੋਸਕੋ ਮਾਮਲੇ ਦੀ ਰਿਪੋਰਟ ਪਟਿਆਲਾ ਹਾਊਸ ਕੋਰਟ ਵਿਚ ਦਾਖ਼ਲ ਕਰ ਦਿੱਤੀ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸਰਕਾਰੀ ਵਕੀਲ ਅਤੁਲ ਸ੍ਰੀਵਾਸਤਵ ਨੇ ਇਹ ਰਿਪੋਰਟ ਦਾਖ਼ਲ ਕੀਤੀ ਹੈ।
ਦਿੱਲੀ ਪੁਲੀਸ ਨੇ ਨਾਬਾਲਗ ਪਹਿਲਵਾਨ ਵੱਲੋਂ ਬ੍ਰਿਜ ਭੂਸ਼ਨ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਰੱਦ ਕਰਨ ਦੀ ਸਿਫਾਰਸ਼ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਕੋਈ ਪੁਖ਼ਤਾ ਸਬੂਤ ਨਹੀਂ ਹਨ। ਦੱਸਣਾ ਬਣਦਾ ਹੈ ਕਿ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਸਬੰਧੀ ਕਾਨੂੰਨ (ਪੋਕਸੋ) ਘੱਟੋ ਘੱਟ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ ਪਰ ਇਹ ਉਨ੍ਹਾਂ ਧਾਰਾਵਾਂ ਤਹਿਤ ਨਿਰਭਰ ਕਰਦਾ ਹੈ ਜੋ ਕੇਸ ’ਚ ਲਾਈਆਂ ਗਈਆਂ ਹੋਣ। ਹਾਲਾਂਕਿ ਅਦਾਲਤ ਇਸ ਗੱਲ ਦਾ ਫ਼ੈਸਲਾ ਕਰੇਗੀ ਕਿ ਪੁਲੀਸ ਦੀ ਕਲੋਜ਼ਰ ਰਿਪੋਰਟ ਸਵੀਕਾਰ ਕੀਤੀ ਜਾਵੇ ਜਾਂ ਅੱਗੇ ਹੋਰ ਜਾਂਚ ਦਾ ਨਿਰਦੇਸ਼ ਦਿੱਤਾ ਜਾਵੇ। ਪਟਿਆਲਾ ਹਾਊਸ ਅਦਾਲਤ ਨੇ ਵਧੀਕ ਸੈਸ਼ਨ ਜੱਜ ਰਾਜੇਂਦਰ ਸਿੰਘ ਨੇ ਕਿਹਾ ਕਿ ਕੇਸ ਰੱਦ ਕਰਨ ਸਬੰਧੀ ਰਿਪੋਰਟ ’ਤੇ 4 ਜੁਲਾਈ ਨੂੰ ਵਿਚਾਰ ਕੀਤਾ ਜਾਵੇਗਾ।
ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ’ਦੇ ਦਰਜ ਇੱਕ ਵੱਖਰੇ ਮਾਮਲੇ ’ਚ ਰਾਊਜ਼ ਐਵੇਨਿਊ ਅਦਾਲਤ ’ਚ ਵਧੀਕ ਮੁੱਖ ਮੈਟਰੋਪੌਲੀਟਨ ਜੱਜ ਦੀਪਕ ਕੁਮਾਰ ਨੇ ਦੋਸ਼ ਪੱਤਰ ’ਤੇ ਵਿਚਾਰ ਕਰਨ ਲਈ 22 ਜੂਨ ਦੀ ਤਾਰੀਕ ਤੈਅ ਕੀਤੀ ਹੈ।
ਵਿਸ਼ੇਸ਼ ਸਰਕਾਰੀ ਵਕੀਲ ਅਤੁਲ ਸ੍ਰੀਵਾਸਤਵ ਨੇ ਅਦਾਲਤ ਦੇ ਬਾਹਰ ਦੱਸਿਆ ਕਿ ਆਈਪੀਸੀ ਦੀ ਧਾਰਾ 354, 354ਏ ਤੇ 354ਡੀ ਤਹਿਤ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਡਬਲਯੂਐੱਫਆਈ ਦੇ ਇੱਕ ਮੁਅੱਤਲ ਸਹਾਇਕ ਸਕੱਤਰ ਵਿਨੋਦ ਤੋਮਰ ਖ਼ਿਲਾਫ਼ ਵੀ ਆਈਪੀਸੀ ਦੀ ਧਾਰਾ 109, 354, 354ਏ ਤੇ 506 ਤਹਿਤ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ ਜਿਸ ’ਤੇ ਉਨ੍ਹਾਂ ਇੱਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ।
Home Page ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਮਾਮਲਾ: ਦਿੱਲੀ ਪੁਲਿਸ ਵੱਲੋਂ ਬਿ੍ਜ ਭੂਸ਼ਣ ਖ਼ਿਲਾਫ਼...