ਪੰਜਵਾਂ ਕਬੱਡੀ ਵਿਸ਼ਵ ਕੱਪ-੨੦੧੪
ਢੁੱਡੀਕੇ (ਮੋਗਾ), 8 ਦਸੰਬਰ – ਸ਼ਹੀਦਾਂ, ਗ਼ਦਰੀ ਬਾਬਿਆਂ ਅਤੇ ਲੇਖਕਾਂ ਦੀ ਧਰਤੀ ਢੁੱਡੀਕੇ ਵਿਖੇ ਅੱਜ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਮੈਚਾਂ ਨਾਲ ਇਕ ਵਾਰ ਫੇਰ ਇਹ ਇਤਿਹਾਸਕ ਪਿੰਡ ਕੁੱਲ ਦੁਨੀਆਂ ਦੀਆਂ ਨਜ਼ਰਾਂ ਵਿੱਚ ਆਇਆ। ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਇੱਥੇ ਕਬੱਡੀ ਮੈਚਾਂ ਦੇ ਉਦਘਾਟਨ ਤੋਂ ਪਹਿਲਾਂ ਪਿੰਡ ਦੇ ਜੰਮਪਲ ਸ਼ਹੀਦ ਲਾਲਾ ਲਾਜਪਤ ਰਾਏ ਜੀ ਦੀ ਸਮਾਧੀ ‘ਤੇ ਸਿਜਦਾ ਕਰਕੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਉਨ੍ਹਾਂ ਕਬੱਡੀ ਮੈਚਾਂ ਦੀ ਸ਼ੁਰੂਆਤ ਕੀਤੀ। ਤੀਜੇ ਮੈਚ ਦੇ ਮੁੱਖ ਮਹਿਮਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ. ਬਰਜਿੰਦਰ ਸਿੰਘ ਮੱਖਣ ਬਰਾੜ ਸਨ।
ਇਰਾਨ ਨੇ ਫਸਵੇਂ ਮੈਚ ਵਿੱਚ ਅਮਰੀਕਾ ਨੂੰ 40-39 ਨਾਲ ਹਰਾਇਆ
ਦਿਨ ਦਾ ਤੀਜਾ ਤੇ ਆਖ਼ਰੀ ਮੈਚ ਸਭ ਤੋਂ ਦਿਲ ਖਿਚਵਾਂ ਅਤੇ ਕਾਂਟੇ ਦੀ ਟੱਕਰ ਵਾਲਾ ਰਿਹਾ। ਪੂਲ ‘ਏ’ ਵਿੱਚ ਭਾਰਤ ਤੋਂ ਬਾਅਦ ਅਮਰੀਕਾ ਤੇ ਇਰਾਨ ਦੀਆਂ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਤੱਕੜੀਆਂ ਦਾਅਵੇਦਾਰ ਸਨ ਅਤੇ ਦੋਵਾਂ ਵਿਚਾਲੇ ਮੈਚ ਵੀ ਪੂਰਾ ਫਸਵਾਂ ਰਿਹਾ। ਪਹਿਲੇ ਅੱਧ ਵਿੱਚ ਇਰਾਨ ਨੇ ਲੀਡ ਬਣਾਈ ਜਦੋਂ ਕਿ ਅਮਰੀਕਾ ਦੀ ਟੀਮ ਨੇ ਦੂਜੇ ਅੱਧ ਵਿੱਚ ਇਕ ਵਾਰ ਵਾਪਸੀ ਕਰਦਿਆਂ ਲਗਾਤਾਰ ਅੰਕ ਬਟੋਰ ਕੇ ਲੀਡ ਬਣਾਈ ਅਤੇ ਇਕ ਸਮੇਂ ਸਕੋਰ 31-31 ਅਤੇ 37-37 ਨਾਲ ਬਰਾਬਰ ਹੋਇਆ। ਅੰਤ ਵਿੱਚ ਇਰਾਨ ਨੇ ਆਪਣੇ ਜਾਫੀਆਂ ਦੇ ਬਿਹਤਰੀਨ ਪ੍ਰਦਰਸ਼ਨ ਸਦਕਾ 40-39 ਨਾਲ ਜਿੱਤ ਹਾਸਲ ਕੀਤੀ। ਅੱਧੇ ਸਮੇਂ ਤੱਕ ਇਰਾਨ ਦੀ ਟੀਮ 24-19 ਨਾਲ ਅੱਗੇ ਸੀ। ਢੁੱਡੀਕੇ ਦੇ ਦੇਸ਼ ਭਗਤ ਸਟੇਡੀਅਮ ਵਿੱਚ ਦਰਸ਼ਕਾਂ ਦੇ ਭਾਰੀ ਇਕੱਠ ਨੇ ਇਕ-ਇਕ ਰੇਡ ‘ਤੇ ਤਾੜੀਆਂ ਮਾਰ ਕੇ ਦੋਵੇਂ ਟੀਮਾਂ ਦਾ ਹੌਸਲਾ ਵਧਾਇਆ। ਇਰਾਨ ਤੇ ਅਮਰੀਕਾ ਦੀਆਂ ਟੀਮਾਂ ਵਿਚਕਾਰ 2012 ਵਿੱਚ ਤੀਜੇ ਵਿਸ਼ਵ ਕੱਪ ਦੌਰਾਨ ਰੋਪੜ ਵਿਖੇ ਵੀ ਰੋਚਕ ਮੈਚ ਖੇਡਿਆ ਗਿਆ ਸੀ ਜਦੋਂ ਇਰਾਨ ਨੇ ਜਿੱਤ ਹਾਸਲ ਕੀਤੀ ਸੀ। ਸੁਡੌਲ ਜੁੱਸਿਆਂ ਵਾਲੇ ਇਰਾਨ ਦੇ ਰੇਡਰਾਂ ਨੇ ਆਪਣੀ ਖੇਡ ਅਤੇ ਕਲਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਇਰਾਨ ਦੇ ਰੇਡਰਾਂ ਵਿੱਚੋਂ ਮੁਹੰਮਦ ਫਰਾਜ਼ ਤੇ ਅਤਾਜ਼ਦੇਸ ਨੇ 7-7 ਅੰਕ ਬਟੋਰੇ ਜਦੋਂ ਕਿ ਜਾਫੀ ਮੁਜਤਾਡਾ ਤੇ ਆਮਿਰ ਨੇ 3-3ਜੱਫੇ ਲਾਏ। ਅਮਰੀਕਾ ਦੇ ਰੇਡਰਾਂ ਵਿੱਚੋਂ ਅਵਤਾਰ ਸਿੰਘ ਤੇ ਇੰਦਰਦੀਪ ਸਿੰਘ ਨੇ 10-10 ਅਤੇ ਬਲਜੀਤ ਸਿੰਘ ਬੱਲੀ ਨੇ 8 ਅੰਕ ਲਏ ਅਤੇ ਜਾਫੀਆਂ ਵਿੱਚੋਂ ਨਵਪ੍ਰੀਤ ਜੌਹਲ ਨੇ 4 ਤੇ ਡੌਂਟੇ ਨੇ 3 ਜੱਫੇ ਲਾਏ।
ਆਸਟਰੇਲੀਆ ਨੇ ਸਪੇਨ ਨੂੰ 43-34 ਨਾਲ ਹਰਾਇਆ
ਦਿਨ ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੇ ਸਪੇਨ ਫਸਵੇਂ ਮੁਕਾਬਲੇ ਵਿੱਚ 43-34 ਨਾਲ ਹਰਾ ਕੇ ਪੂਲ ‘ਏ’ ਵਿੱਚ ਜੇਤੂ ਸ਼ੁਰੂਆਤ ਕੀਤੀ। ਦੋਵੇਂ ਟੀਮਾਂ ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਅਤੇ ਇਕ-ਇਕ ਅੰਕ ਵਾਸਤੇ ਰੇਡਰਾਂ ਤੇ ਜਾਫੀਆਂ ਵਿਚਾਲੇ ਜ਼ਬਰਦਸਤ ਸੰਘਰਸ਼ ਹੋਇਆ। ਅੱਧੇ ਸਮੇਂ ਤੱਕ ਆਸਟਰੇਲੀਆ ਸਿਰਫ਼ ਦੋ ਅੰਕਾਂ ਦੇ ਫ਼ਰਕ ਨਾਲ ਸਪੇਨ ਤੋਂ 20-18 ਸਕੋਰ ਨਾਲ ਅੱਗੇ ਸੀ। ਪੂਰੇ ਸਮੇਂ ਤੱਕ ਆਸਟਰੇਲੀਆ ਨੇ ਲੀਡ ਵਧਾਉਂਦਿਆਂ 43-34 ਨਾਲ ਜਿੱਤ ਹਾਸਲ ਕੀਤੀ। ਆਸਟਰੇਲੀਆ ਤਰਫ਼ੋਂ ਰੇਡਰ ਨਵਪ੍ਰੀਤ ਸਿੰਘ ਤੇ ਤਰਨਪ੍ਰੀਤ ਸਿੰਘ ਨੇ 10-10 ਅਤੇ ਇੰਦਰਜੀਤ ਸਿੰਘ ਨੇ 9 ਅੰਕ ਹਾਸਲ ਕੀਤੇ ਜਦੋਂ ਕਿ ਜਾਫੀਆਂ ਵਿੱਚੋਂ ਅਵਤਾਰ ਸਿੰਘ ਤੇ ਹਰਵਿੰਦਰ ਨੇ 2-2 ਜੱਫੇ ਲਾਏ। ਸਪੇਨ ਤਰਫ਼ੋਂ ਰੇਡਰ ਜੁਆਨ ਐਸਪੀਨੋ ਨੇ 12, ਸੈਮੂਅਲ ਨੇ 8 ਤੇ ਸੈਂਤੀਆਗੋ ਨੇ 7 ਅੰਕ ਲਏ ਅਤੇ ਜਾਫੀ ਕ੍ਰਿਸਟੀਅਨ ਨੇ 2 ਜੱਫੇ ਲਾਏ
ਮਹਿਲ ਵਰਗ ‘ਚ ਭਾਰਤ ਨੇ ਅਮਰੀਕਾ ਨੂੰ 56-15 ਨਾਲ ਹਰਾਇਆ
ਮਹਿਲਾ ਵਰਗ ਵਿੱਚ ਪਿਛਲੇ ਤਿੰਨ ਵਾਰ ਦੀ ਚੈਂਪੀਅਨ ਭਾਰਤ ਨੇ ਚੌਥੇ ਖ਼ਿਤਾਬ ਲਈ ਦਾਅਵਾ ਪੇਸ਼ ਕਰਦਿਆਂ ਅੱਜ ਇੱਥੇ ਖੇਡੇ ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਦੀ ਟੀਮ ਨੂੰ 56-15 ਦੇ ਅੰਕਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਅੱਧੇ ਸਮੇਂ ਤੱਕ ਭਾਰਤ ਦੀ ਟੀਮ 27-6 ਨਾਲ ਅੱਗੇ ਸੀ। ਭਾਰਤ ਦੀ ਟੀਮ ਦੀਆਂ ਰੇਡਰਾਂ ਵਿੱਚੋਂ ਪ੍ਰਿਅੰਕਾ, ਸੁਖਵਿੰਦਰ ਕੌਰ, ਰਾਮ ਬਤੇਰੀ ਤੇ ਸੁਖਜਿੰਦਰ ਕੌਰ ਨੇ 7-7 ਅੰਕ ਤੇ ਸੁਨੀਤਾ ਨੇ ੩ ਅੰਕ ਲਏ ਅਤੇ ਜਾਫ ਲਾਈਨ ਵਿੱਚੋਂ ਅਨੂ ਰਾਣੀ ਨੇ 5, ਸਰਬਜੀਤ ਕੌਰ ਨੇ 4 ਤੇ ਜਸਵੀਰ ਕੌਰ ਨੇ 3 ਜੱਫੇ ਲਾਏ ਜਦੋਂ ਕਿ ਅਮਰੀਕਾ ਟੀਮ ਵੱਲੋਂ ਰੇਡਰ ਕੇਟ ਤੇ ਗੁਰ ਅੰਮ੍ਰਿਤ ਕੌਰ ਖ਼ਾਲਸਾ ਨੇ 4-4 ਅੰਕ ਲਏ।
Indian News ਮਹਿਲਾ ਵਰਗ; ਮੌਜੂਦਾ ਚੈਂਪੀਅਨ ਭਾਰਤ ਨੇ ਅਮਰੀਕਾ ਨੂੰ ੫੬-੧੫ ਨਾਲ ਹਰਾ ਕੇ...