ਮਹਿਲਾ ਵਰਲਡ ਕ੍ਰਿਕਟ ਕੱਪ 2022: ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਕੇ ਭਾਰਤ ਨੂੰ ਵਰਲਡ ਕੱਪ ਤੋਂ ਬਾਹਰ ਕੀਤਾ

ਕ੍ਰਾਈਸਟਚਰਚ, 27 ਮਾਰਚ – ਇੱਥੇ ਦੱਖਣੀ ਅਫ਼ਰੀਕਾ ਨੇ ਭਾਰਤ ਮਹਿਲਾ ਟੀਮ ਨੂੰ ਆਖ਼ਰੀ ਪੂਲ ਮੈਚ 3 ਵਿਕਟਾਂ ਨਾਲ ਹਰਾ ਕੇ ਆਈਸੀਸੀ ਮਹਿਲ ਵਰਲਡ ਕ੍ਰਿਕਟ ਕੱਪ ‘ਚੋਂ ਬਾਹਰ ਕਰ ਦਿੱਤਾ। ਭਾਰਤੀ ਟੀਮ ਦੀਆਂ ਵਰਲਡ ਕੱਪ ਦੇ ਸੈਮੀ-ਫਾਈਨਲ ‘ਚ ਪੁੱਜਣ ਦਾ ਰਾਹ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ।
ਭਾਰਤੀ ਟੀਮ ਕੋਲ ਅੱਜ ਦੱਖਣੀ ਅਫ਼ਰੀਕਾ ਨੂੰ ਹਰਾਉਣ ਦਾ ਸੁਨਹਿਰੀ ਮੌਕਾ ਸੀ ਪਰ ਉਹ ਆਪਣੇ ਮੌਕੇ ਨੂੰ ਭੁਨਾਉਣ ਵਿੱਚ ਕਾਮਯਾਬ ਨਹੀਂ ਰਹੀ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ ‘ਚ 7 ਵਿਕਟਾਂ ‘ਤੇ 274 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਸ਼ੈਫਾਲੀ ਨੇ 53 ਅਤੇ ਸਮ੍ਰਿਤੀ ਨੇ 71 ਅਤੇ ਹਰਮਨਪ੍ਰੀਤ ਕੌਰ ਨੇ 48 ਦੌੜਾਂ ਬਣਾਈਆਂ।
ਭਾਰਤ ਵੱਲੋਂ ਮਿਲੇ 275 ਦੌੜਾਂ ਦੇ ਟੀਚੇ ਨੂੰ ਸਰ ਕਰਨ ਉੱਤਰੀ ਦੱਖਣੀ ਅਫ਼ਰੀਕਾ ਦੀ ਟੀਮ ਜੋ ਪਹਿਲਾਂ ਹੀ ਸੈਮੀ-ਫਾਈਨਲ ‘ਚ ਜਗ੍ਹਾ ਬਣਾ ਚੁੱਕੀ ਹੈ ਨੇ ਆਖ਼ਰੀ ਗੇਂਦ ਤੱਕ ਚੱਲੇ ਮੁਕਾਬਲੇ ਵਿੱਚ 7 ਵਿਕਟਾਂ ‘ਤੇ 275 ਦੌੜਾਂ ਬਣਾ ਕੇ ਭਾਰਤੀ ਤੋਂ ਮੈਚ ਜਿੱਤ ਲਿਆ।
ਦੱਖਣੀ ਅਫ਼ਰੀਕਾ ਦੀ ਇਸ ਜਿੱਤ ਨੇ ਭਾਰਤ ਦੇ ਸੈਮੀ-ਫਾਈਨਲ ‘ਚ ਥਾਂ ਬਣਾਉਣ ਦੀ ਆਸ ਨੂੰ ਬਿਲਕੁਲ ਹੀ ਸਮਾਪਤ ਕਰ ਦਿੱਤਾ। ਭਾਰਤ ਦੀ ਇਸ ਹਾਰ ਨਾਲ ਵੈਸਟ ਇੰਡੀਜ਼ ਦੀ ਟੀਮ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ। ਇਸ ਤੋਂ ਪਹਿਲਾਂ ਆਸਟਰੇਲੀਆ, ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ਦੀਆਂ ਟੀਮਾਂ ਪਹਿਲਾਂ ਹੀ ਸੈਮੀ-ਫਾਈਨਲ ਵਿੱਚ ਥਾਂ ਬਣਾ ਚੁੱਕੀਆਂ ਹਨ। ਗਰੁੱਪ ਪੂਲ ਵਿੱਚ ਭਾਰਤ ਪੰਜਵੇਂ ਅਤੇ ਮੇਜ਼ਬਾਨ ਨਿਊਜ਼ੀਲੈਂਡ ਟੀਮ ਛੇਵੇਂ ਨੰਬਰ ਉੱਤੇ ਰਹੇ।