ਹੈਮਿਲਟਨ, 10 ਮਾਰਚ – ਮੇਜ਼ਬਾਨ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 62 ਦੌੜਾਂ ਵਿੱਚ ਹਰਾ ਦਿੱਤਾ, ਭਾਰਤੀ ਮਹਿਲਾ ਟੀਮ ਨੂੰ ਵਰਲਡ ਕੱਪ ‘ਚ ਪਹਿਲੀ ਹਾਰ ਮਿਲੀ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 260 ਦੌੜਾਂ ਬਣਾਈਆਂ। ਕੀਵੀ ਟੀਮ ਲਈ ਸੋਫ਼ੀ ਡਿਵਾਈਨ ਨੇ 35 ਦੌੜਾਂ ਬਣਾਈਆਂ, ਜਿਸ ‘ਚ ਉਸ ਦੇ 7 ਚੌਕੇ ਸ਼ਾਮਿਲ ਰਹੇ। ਇਸ ਦੇ ਬਾਅਦ ਅਮੇਲੀਆ ਕੇਰ ਨੇ 50 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਐਮੀ ਸੈਥਰਟਵੇਟ ਨੇ ਟੀਮ ਲਈ ਸਭ ਤੋਂ ਵੱਧ 75 ਦੌੜਾਂ ਬਣਾਈਆਂ, ਜਿਸ ‘ਚ ਉਸ ਦੇ 9 ਚੌਕੇ ਸ਼ਾਮਿਲ ਰਹੇ। ਭਾਰਤ ਵੱਲੋਂ ਪੂਜਾ ਵਸਤ੍ਰਾਕਰ ਨੇ 4 ਵਿਕਟਾਂ ਲਈਆਂ ।
ਕੀਵੀ ਟੀਮ ਵੱਲੋਂ ਮਿਲੇ 261 ਦੌੜਾਂ ਦੇ ਟੀਚੇ ਨੂੰ ਸਰ ਕਰਨ ਉੱਤਰੀ ਭਾਰਤੀ ਟੀਮ 47ਵੇਂ ਓਵਰ ‘ਚ 198 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਭਾਰਤ ਲਈ ਹਰਮਨਪ੍ਰੀਤ ਕੌਰ ਨੇ 63 ਗੇਂਦਾਂ ‘ਤੇ 71 ਦੌੜਾਂ ਦੀ ਪਾਰੀ ਖੇਡੀ। ਭਾਰਤੀ ਉਪ ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਯਸ਼ਿਕਾ ਭਾਟੀਆ ਨੇ 28 ਅਤੇ ਕਪਤਾਨ ਮਿਤਾਲੀ ਰਾਜ 31 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਲੀ ਤਹਾਹੂ ਤੇ ਅਮੀਲੀਆ ਕੇਰ ਨੇ 3-3, ਜਦੋਂ ਕਿ ਹੇਲੇ ਜੈਨਸਨ ਨੇ 2 ਵਿਕਟਾਂ ਲਈਆਂ।
ਵਰਲਡ ਕੱਪ ਵਿੱਚ ਇਹ ਨਿਊਜ਼ੀਲੈਂਡ ਦੀ ਤਿੰਨ ਮੈਚਾਂ ਵਿੱਚ ਲਗਾਤਾਰ ਦੂਸਰੀ ਜਿੱਤ ਹੈ। ਪਹਿਲੇ ਮੈਚ ‘ਚ ਵੈਸਟ ਇੰਡੀਜ਼ ਤੋਂ ਹਾਰਨ ਦੇ ਬਾਅਦ ਨਿਊਜ਼ੀਲੈਂਡ ਨੇ ਬੰਗਲਾਦੇਸ਼ ਦੇ ਬਾਅਦ ਹੁਣ ਭਾਰਤ ਨੂੰ ਹਰਾਇਆ ਹੈ। ਜਦੋਂ ਕਿ ਭਾਰਤ ਦਾ ਇਹ ਦੂਜਾ ਮੈਚ ਸੀ, ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਟੀਮ ਨੂੰ ਹਰਾਇਆ ਸੀ।
Cricket ਮਹਿਲਾ ਵਰਲਡ ਕੱਪ 2022: ਨਿਊਜ਼ੀਲੈਂਡ ਨੇ ਭਾਰਤ ਨੂੰ 62 ਦੌੜਾਂ ਨਾਲ ਹਰਾਇਆ