ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਤਰੱਕੀ ਵਿਚ ਪਰਵਾਸੀ ਪੰਜਾਬੀਆਂ ਦਾ ਅਹਿਮ ਯੋਗਦਾਨ- ਡਾ. ਸੁਰਜੀਤ ਪਾਤਰ
ਲੁਧਿਆਣਾ, 24 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਸੱਭਿਆਚਾਰਕ ਸੱਥ ਪੰਜਾਬ ਵਲੋਂ ਨਿਊਜ਼ੀਲੈਂਡ ਤੋਂ ਪੰਜਾਬ ਦੌਰੇ ਉਤੇ ਆਏ ਉੱਘੇ ਪੰਜਾਬੀ ਪੱਤਰਕਾਰ ਅਤੇ ਲੇਖਕ ਹਰਜਿੰਦਰ ਸਿੰਘ ਬਸਿਆਲਾ ਦੇ ਸਨਮਾਨ ਵਿਚ ਇਕ ਵਿਸ਼ੇਸ਼ ਸਮਾਗਮ ਦਾ ਆਯੋਜਿਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ੍ਰੀ ਡਾ ਸੁਰਜੀਤ ਪਾਤਰ ਨੇ ਕਿਹਾ ਕਿ ਪਰਵਾਸੀ ਪੰਜਾਬੀ ਕਲਮਕਾਰਾਂ ਕਰਕੇ ਹੀ ਪੰਜਾਬੀ ਬੋਲੀ ਦਾ ਅੰਤਰਾਸ਼ਟਰੀ ਪਸਾਰ ਹੋਇਆ ਹੈ ਅਤੇ ਪੰਜਾਬੀਆਂ ਦੀ ਸਮੁੱਚੀ ਤਸਵੀਰ ਵਿਸ਼ਵ ਵਿਆਪੀ ਹੋ ਰਹੀ ਹੈ। ਡਾ ਪਾਤਰ ਨੇ ਕਿਹਾ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਬਣ ਰਹੀ ਭਲ ਵਿਚ ਪਰਵਾਸੀ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਪੰਜਾਬੀ ਰੋਟੀ ਰੋਜ਼ੀ ਲਈ ਦੁਨੀਆਂ ਦੇ ਜਿਸ ਮੁਲਕ ਵੀ ਗਏ, ਉਹ ਆਪਣੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਵਿਰਾਸਤੀ ਕਦਰਾਂ ਕੀਮਤਾਂ ਨੂੰ ਨਾਲ ਲੈਕੇ ਗਏ ਹਨ। ਇਸੇ ਕਰਕੇ ਜਿਥੇ ਵੀ ਪੰਜਾਬੀ ਗਏ ਉਥੇ ਹੀ ਪੰਜਾਬ ਵਸ ਗਿਆ। ਡਾ. ਪਾਤਰ ਨੇ ਸ. ਹਰਜਿੰਦਰ ਸਿੰਘ ਬਸਿਆਲਾ ਵਲੋਂ ਪਹਿਲਾਂ ਪੰਜਾਬ ਅਤੇ ਹੁਣ ਨਿਊਜੀਲੈਂਡ ਵਿਚ ਪੰਜਾਬੀ ਬੋਲੀ ਅਤੇ ਸਾਹਿਤ ਲਈ ਕੀਤੇ ਕਾਰਜ਼ਾਂ ਦੀ ਸ਼ਲਾਘਾ ਕੀਤੀ। ਇਹ ਮਾਂ ਬੋਲੀ ਹੀ ਹੈ ਜੋ ਸਾਹਿਤਕ ਭਾਈਚਾਰੇ ਦੇ ਵਿਚ ਮਾਨ-ਸਨਮਾਨ ਬਣਾਈ ਰੱਖਦੀ ਹੈ।
ਇਸ ਮੌਕੇ ਡਾ ਸੁਰਜੀਤ ਪਾਤਰ , ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਸਕੱਤਰ ਜਨਰਲ ਪ੍ਰੋ. ਨਿਰਮਲ ਜੌੜਾ ਵਲੋਂ ਸ. ਹਰਜਿੰਦਰ ਸਿੰਘ ਬਸਿਆਲਾ ਦਾ ਨਿੱਘਾ ਸਨਮਾਨ ਕੀਤਾ ਗਿਆ। ਸਨਮਾਨ ਲੈਣ ਉਪਰੰਤ ਸ੍ਰ ਬਸਿਆਲਾ ਨੇ ਕਿਹਾ ਕਿ ਅਸੀਂ ਲੋਕ ਰੋਟੀ ਰੋਜ਼ੀ ਲਈ ਬੇਸ਼ਕ ਸੱਤ ਸਮੁੰਦਰੋਂ ਪਾਰ ਗਏ ਹਾ ਪਰ ਸਾਡੀ ਰੂਹ ਹਮੇਸ਼ਾ ਪੰਜਾਬ ਹੀ ਰਹਿੰਦੀ ਹੈ। ਸ੍ਰ ਬਸਿਆਲਾ ਨੇ ਇਸ ਸਮੇਂ ਸੱਭਿਆਚਾਰਕ ਸੱਥ ਦੇ ਮੈਂਬਰਾਂ ਨਾਲ ਵਿਚਾਰ ਕਰਦਿਆਂ ਕਿਹਾ ਕਿ ਇਸ ਵੇਲੇ ਸਮੁੱਚਾ ਵਿਸ਼ਵ ਇਕ ਪਿੰਡ ਦਾ ਰੂਪ ਧਾਰਨ ਕਰ ਚੁਕਾ ਹੈ, ਭਾਰਤ ਦੇ ਵਿਦਿਆਰਥੀਆਂ ਲਈ ਵਿਦੇਸ਼ਾਂ ਵਿਚ ਜਾਣਾ ਸੁਖਾਲਾ ਹੋ ਗਿਆ ਹੈ। ਪਰ ਫਿਰ ਵੀ ਮਾਂ ਬਾਪ ਦਾ ਫਰਜ਼ ਹੈ ਕਿ ਬੱਚਿਆਂ ਨੂੰ ਸੋਚ ਸਮਝ ਕਿ ਹੀ ਵਿਦੇਸ਼ ਭੇਜਣ। ਸ. ਬਸਿਆਲਾ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ ਵਿਚ ਪੰਜਾਬ ਬਾਰੇ ਕੁਝ ਵੀ ਚਰਚਾ ਹੋਵੇ, ਪਰ ਇਥੇ ਆਕੇ ਪਤਾ ਲੱਗਿਆ ਹੈ ਕਿ ਪੰਜਾਬ ਨੇ ਪਿਛਲੇ ਸਮੇਂ ਦੌਰਾਨ ਕਿੰਨੀ ਤਰੱਕੀ ਕਰ ਲਈ ਹੈ। ਉਹਨਾਂ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ ਨੌਜਵਾਨ ਪੀੜੀ ਨੂੰ ਮਿਹਨਤ ਅਤੇ ਦਿਆਨਤਦਾਰੀ ਨਾਲ ਜੁੜਨ ਲਈ ਪ੍ਰੇਰਿਆ।
ਇਸ ਤੋਂ ਪਹਿਲਾਂ ਸੱਭਿਆਚਾਰਕ ਸੱਥ ਦੇ ਚੇਅਰਮੈਨ ਸ. ਜਸਮੇਰ ਸਿੰਘ ਢੱਟ ਨੇ ਇਸ ਸਮਾਗਮ ਵਿਚ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਜਦੋਂ ਕਿ ਸਕਤੱਰ ਜਨਰਲ ਪ੍ਰੋ ਨਿਰਮਲ ਜੌੜਾ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਾਇਕ ਵਤਨਜੀਤ ਸਿੰਘ, ਕਰਮਜੀਤ ਸਿੰਘ ਢੱਟ, ਹਰਪ੍ਰੀਤ ਸਿੰਘ ਹੈਰੀ, ਸਰੂਪ ਸਿੰਘ ਪੰਮਾ ਬਲਾਚੌਰ ਅਤੇ ਗੁਰਦੇਵ ਸਿੰਘ ਪੁਰਬਾ ਆਦਿ ਸਖ਼ਸ਼ੀਅਤਾਂ ਹਾਜ਼ਰ ਸਨ।
ਕੂਕ ਪੰਜਾਬੀ ਸਮਾਚਾਰ ਵੱਲੋਂ ਸ. ਹਰਜਿੰਦਰ ਸਿੰਘ ਬਸਿਆਲਾ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਉੱਤੇ ਬਹੁਤ ਬਹੁਤ ਮੁਬਾਰਕਾਂ।
Home Page ਮਾਂ ਬੋਲੀ ਦੇ ਨਾਂਅ ਮਾਨ-ਸਨਮਾਨ: ਸੱਭਿਆਚਾਰਕ ਸੱਥ ਪੰਜਾਬ ਵਲੋਂ ਪਰਵਾਸੀ ਪੱਤਰਕਾਰ ਹਰਜਿੰਦਰ...