ਵਾਹ! ਵੱਡਿਆਂ ਮੁਲਕਾਂ ਦੇ ਵਰਦੀਆਂ ਵਾਲਿਓ
ਕਾਨੂੰਨ ਦੇ ਰਖਵਾਲਿਓ
ਛਿੱਕੇ ਟੰਗ ‘ਤੇ ਸਭ ਨੇਮ ਕਾਨੂੰਨ ਤੁਸਾਂ।
ਵਰਦੀ ‘ਤੇ ਲੱਗੇ ਇਹ ਦਾਗ਼
ਸਿਰਫ਼ ਵਰਦੀ ‘ਤੇ ਨਹੀਂ
ਇਤਿਹਾਸ ਦੇ ਮੱਥੇ ‘ਤੇ ਲੱਗੇ ਨੇ।
ਤੇ ਇਹ ਸਿਰਫ਼ ਦਾਗ਼ ਨਹੀਂ, ਚੰਗਿਆੜੇ ਨੇ
ਤੇ ਚੰਗਿਆੜੇ ਜਾਂ ਧੁਖਦੇ ਨੇ
ਜਾਂ ਭਾਂਬੜ ਬਣ ਮੱਚਦੇ ਨੇ।
ਕਿਹੜੇ ਮਨੁੱਖੀ ਅਧਿਕਾਰ
ਤੇ ਕੌਣ ਇਨ੍ਹਾਂ ਦੇ ਰਾਖੇ!!
ਕਿਸੇ ਨਾ ਸੁਣੀ ਉਹ ਦੀ ਪੁਕਾਰ
ਚੀਖ਼ ਰਿਹਾ ਸੀ ਉਹ ਬਾਰ ਬਾਰ
ਮੈਨੂੰ ਸਾਹ ਨਹੀਂ ਆ ਰਿਹਾ..
ਮੈਨੂੰ ਸਾਹ ਨਹੀਂ ਆ ਰਿਹਾ…।
ਦੂਰ ਦੁਰਾਡੇ ਮੁਲਕ ਦਾ ਮੇਰਾ ਕੀ ਲਗਦਾ ਸੀ ਭਲਾ
ਬਹੁਤ ਕੁੱਝ, ਮੇਰੇ ਸਮਿਆਂ ਦਾ ਸਧਾਰਨ ਬਾਸ਼ਿੰਦਾ
ਤੇ ਉਹ ਦੀ ਆਖ਼ਰੀ ਚੀਕ
ਮਾਂ.. ਮੈਨੂੰ ਸਾਹ .. ਨਹੀਂ ਆ ਰਿਹਾ
ਵਿੰਨ੍ਹ ਦੇਂਦੀ ਹੈ ਕਾਲਜਾ ਮੇਰਾ।
ਕਿਹੜਾ ਵਿਕਾਸ ਤੇ ਕੈਸੀ ਖ਼ੁਸ਼ਹਾਲੀ!
ਸਭ ਬੌਣੀਆਂ ਹੋ ਗਈਆਂ ਨੇ ਗਗਨ ਚੁੰਬੀ ਇਮਾਰਤਾਂ
ਰੰਗ ਨਸਲ ਤੇ ਮਜ਼੍ਹਬੀ ਭੇਦ ਸਾਹਵੇਂ।
ਖ਼ੂਬ ਮੂੰਹ ਚਿੜਾ ਰਹੀ ਹੈ
ਸਦੀਆਂ ਤੋਂ ਸਾਡੇ ਮਨਾਂ ‘ਚ ਭਰੀ ਕੂੜੀ ਸੌੜੀ ਸੋਚ
ਗਲੋਬਲ ਪਿੰਡ ਵਰਗੇ ਨਾਅਰਿਆਂ ਦਾ।
ਬੇਪਰਦਾ ਹੋ ਗਏ ਨੇ ਧੌਂਸਾਂ ਵਾਲੇ
ਇਹ ਤਾਜਾਂ, ਇਹ ਤਖ਼ਤਾਂ ਵਾਲੇ।
ਇਨ੍ਹਾਂ ਦਾ ਕੀ ਏ
ਸੇਕ ਲੈਂਦੇ ਨੇ ਰੋਟੀਆਂ ਸਿਵਿਆਂ ਦੀ ਅੱਗ ‘ਤੇ ਵੀ
ਮੋਟੀ ਚਮੜੀ ਇਨ੍ਹਾਂ ਦੀ
ਕਰ ਲੈਂਦੇ ਕਮਾਈਆਂ ਫ਼ੌਜੀਆਂ ਦੇ ਤਾਬੂਤਾਂ ‘ਚੋਂ ਵੀ
ਕਰ ਲੈਂਦੇ ਨੇ ਵੋਟ ਬੈਂਕ ਪੱਕੇ
ਲੜਾਕੇ ਭਾਈ ਨੂੰ ਭਾਈ ਨਾਲ।
ਉਂਝ ਇਹ ਕਿਹੜਾ ਪਹਿਲੀ ਵੇਰ ਏ
ਕਦੇ ਸ਼ਿਕਾਗੋ, ਕਦੇ ਨਿਊਯਾਰਕ ਦੇ 19 ਦੇ ਦੰਗੇ
ਕਦੇ ਸੰਤਾਲੀ ਤੇ ਕਦੇ ਚੁਰਾਸੀ
ਸਭ ਗਵਾਹ ਨੇ ਸੋਚ ਦੇ ਦਿਵਾਲੀਆਪਨ ਦੇ।
ਪਰ ਗਵਾਹੀਆਂ, ਗਵਾਹੀਆਂ ਵੀ ਕੌਣ ਮੰਨਦਾ
ਨੰਗੇ ਚਿੱਟੇ ਸੱਚ
ਬਦਲ ਲੈਂਦੇ ਨੇ ਕਿੰਨੇ ਹੀ ਭੇਸ
ਕੋਰਟਾਂ ਕਚਹਿਰੀਆਂ ਦੇ ਸ਼ਬਦੀ ਹੁਲਾਰਿਆਂ ‘ਚ।
ਤੇ ਘੁੱਟ ਲੈਂਦੀ ਹੈ ਹਿੱਕ ‘ਚ ਕੋਈ ਮਾਂ,
ਕੋਈ ਪਤਨੀ, ਕੋਈ ਭੈਣ
ਇਕ ਨਿਸ਼ਬਦਾ ਹਉਕਾ
ਜਦ ਬਾਰ ਬਾਰ ਸੂਲੀ ਟੰਗਦੇ ਨੇ ਉਹ ਦੇ ਆਖ਼ਰੀ ਸ਼ਬਦ
ਮਾਂ……. ਮੈਨੂੰ ਸਾਹ ਨਹੀਂ ਆ ਰਿਹਾ।
- ਪ੍ਰੋ. ਕੰਵਲਜੀਤ ਕੌਰ (ਜਲੰਧਰ, ਪੰਜਾਬ)
E-mail : prof_kulbir@yahoo.com