ਮੁੱਖ ਮੰਤਰੀ 12 ਜੁਲਾਈ ਨੂੰ ਮਾਣਮੱਤੀ ਸੰਸਥਾ ਮੁਲਕ ਨੂੰ ਕਰਨਗੇ ਸਮਰਪਿਤ
ਚੰਡੀਗੜ੍ਹ, 30 ਜੂਨ – ਲੜਕੀਆਂ ਨੂੰ ਫ਼ੌਜ ਵਿੱਚ ਸੇਵਾ ਦੇ ਮੌਕੇ ਮੁਹੱਈਆ ਕਰਵਾਉਣ ਲਈ ਉਨ੍ਹਾਂ ਵਾਸਤੇ ਮੋਹਾਲੀ ਵਿਖੇ ਵਿਸ਼ੇਸ਼ ਤੌਰ ‘ਤੇ ਸਥਾਪਤ ਕੀਤਾ ਦੇਸ਼ ਦਾ ਪਲੇਠਾ ‘ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’ ਮੁਲਕ ਨੂੰ ਸਮਰਪਿਤ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਸੰਸਥਾ ਮੋਹਾਲੀ ਵਿਖੇ ਪਹਿਲਾਂ ਹੀ ਸਥਾਪਤ ਕੀਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਤਰਜ਼ ‘ਤੇ ਕਾਇਮ ਕੀਤੀ ਗਈ ਹੈ। ਇਸ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ 12 ਜੁਲਾਈ ਨੂੰ ਇਸ ਸੰਸਥਾ ਦਾ ਉਦਘਾਟਨ…. ਕੀਤਾ ਜਾਵੇਗਾ। ਇਹ ਵਕਾਰੀ ਸੰਸਥਾ ਮੋਹਾਲੀ ਵਿਖੇ ਇੰਡੀਅਨ ਬਿਜ਼ਨਸ ਆਫ਼ ਸਕੂਲ ਦੇ ਸਾਹਮਣੇ ਸੈਕਟਰ,66-ਏ ਵਿੱਚ ਸਥਿਤ ਹੈ।
ਉਦਘਾਟਨੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਅਤੇ ਡਾਇਰੈਕਟੋਰੇਟ ਆਫ਼ ਸੈਨਿਕ ਵੈੱਲਫੇਅਰ ਨੂੰ ਆਖਿਆ ਕਿ ਇਸ ਮੌਕੇ ਕਰਵਾਏ ਜਾਣ ਵਾਲੇ ਵੱਡੇ ਸਮਾਰੋਹ ਵਿੱਚ ਸਾਬਕਾ ਫੌਜੀ ਅਧਿਕਾਰੀਆਂ ਅਤੇ ਸੈਨਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਸ. ਬਾਦਲ ਨੇ ਕਿਹਾ, ‘ਇਹ ਸਾਡੇ ਸਾਰਿਆਂ ਲਈ ਮਹੱਤਵਪੂਰਨ ਮੌਕਾ ਹੈ ਕਿ ਸਾਡੀਆਂ ਲੜਕੀਆਂ ਦੇ ਰੱਖਿਆ ਸੇਵਾਵਾਂ ਵਿੱਚ ਜਾਣ ਲਈ ਇਹ ਪ੍ਰਮੁੱਖ ਸੰਸਥਾ ਉਨ੍ਹਾਂ ਨੂੰ ਸਿਖਲਾਈ ਮੁਹੱਈਆ ਕਰਵਾਏਗੀ’। ਉਨ੍ਹਾਂ ਆਖਿਆ ਕਿ ਰੱਖਿਆ ਸੇਵਾਵਾਂ ਦੇ ਮੁਖੀਆਂ ਨੂੰ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਿਆ ਜਾਵੇਗਾ। ਉਨ੍ਹਾਂ ਪੂਰੇ ਵਿਸ਼ਵਾਸ ਨਾਲ ਆਖਿਆ ਕਿ ਇਹ ਲੀਹੋਂ ਹਟਵਾਂ ਫ਼ੈਸਲਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਫਲਤਾ ਤੋਂ ਬਾਅਦ ਲਿਆ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਇਹ ਸੰਸਥਾਵਾਂ ਉਨ੍ਹਾਂ ਦੇ ਸੁਪਨਮਈ ਪ੍ਰਾਜੈਕਟ ਹਨ ਜਿਸ ਨਾਲ ਰੱਖਿਆ ਸੇਵਾਵਾਂ ਵਿੱਚ ਪੰਜਾਬੀਆਂ ਦੀ ਸ਼ਾਨ ਮੁੜ ਬਹਾਲ ਹੋਵੇਗੀ ਜੋ ਪਿਛਲੇ ਕੁੱਝ ਸਮੇਂ ਵਿੱਚ ਧੁੰਦਲੀ ਹੋ ਗਈ ਸੀ।
ਇਹ ਕਾਬਲੇ-ਗ਼ੌਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਮੌਜੂਦਾ ਸੈਸ਼ਨ ਦੇ 22 ਨੌਜਵਾਨਾਂ ਸਮੇਤ ਕੁਲ ਤਿੰਨ ਸਾਲਾਂ ਵਿੱਚ ੫੧ ਵਿਦਿਆਰਥੀ ਇੱਥੋਂ ਸਿਖਲਾਈ ਲੈਣ ਉਪਰੰਤ ਐਨ.ਡੀ.ਏ ਵਿੱਚ ਪਹੁੰਚਣ ‘ਚ ਸਫਲ ਰਹੇ ਹਨ।
ਇਸ ਦੌਰਾਨ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਆਈ.ਪੀ. ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮਾਈ ਭਾਗੋ ਇੰਸਟੀਚਿਊਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਆਫ਼ੀਸਰ ਵਜੋਂ ਕੈਰੀਅਰ ਬਣਾਉਣ ਲਈ ਪੰਜਾਬ ਦੀਆਂ ਲੜਕੀਆਂ ਨੂੰ ਸੁਨਹਿਰੀ ਮੌਕੇ ਮੁਹੱਈਆ ਕਰਵਾਏਗਾ। ਇਹ ਅਕੈਡਮੀ ਮੋਹਾਲੀ ਵਿਖੇ ੮ ਏਕੜ ਰਕਬੇ ਵਿੱਚ ਸਥਾਪਤ ਹੈ ਜੋ ਜਿਮ, ਸਵਿਮਿੰਗ, ਸਪੋਰਟਸ ਸਹੂਲਤਾਂ ਸਮੇਤ ਰਿਹਾਇਸ਼ੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦੀ ਪ੍ਰਵੇਸ਼ ਪ੍ਰੀਖਿਆ ਰਾਹੀਂ ਕੁਲ 1600 ਲੜਕੀਆਂ ਵਿਚੋਂ ਪਹਿਲੇ ਬੈਚ ਦੀਆਂ ੨੫ ਵਿਦਿਆਰਥਣਾਂ ਦੀ ਚੋਣ ਕਰ ਲਈ ਗਈ ਹੈ। ਇਨ੍ਹਾਂ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਐਮ.ਸੀ.ਐਮ ਡੀ.ਏ.ਵੀ ਕਾਲਜ ਸੈਕਟਰ-36, ਚੰਡੀਗੜ੍ਹ ਤੋਂ ਤਿੰਨ ਸਾਲਾ ਗਰੈਜੂਏਸ਼ਨ (ਬੀ.ਐੱਸ.ਸੀ/ਬੀ.ਏ/ਬੀ.ਕਾਮ) ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸੰਸਥਾ ਵਿੱਚ ਖੇਡਾਂ, ਸ਼ਖ਼ਸੀਅਤ ਵਿਕਾਸ, ਸੰਚਾਰ ਹੁਨਰ, ਐੱਸ.ਐੱਸ.ਬੀ ਦੀ ਤਿਆਰੀ ਤੋਂ ਇਲਾਵਾ ਹੋਰ ਗਤੀਵਿਧੀਆਂ ਦੀ ਵੀ ਸਿਖਲਾਈ ਦਿੱਤੀ ਜਾਇਆ ਕਰੇਗੀ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਅਤੇ ਡਾ. ਦਲਜੀਤ ਸਿੰਘ ਚੀਮਾ ਤੋਂ ਇਲਾਵਾ ਸਾਬਕਾ ਮੰਤਰੀ ਸ੍ਰੀਮਤੀ ਸਤਵੰਤ ਕੌਰ ਸੰਧੂ, ਸਾਬਕਾ ਵਿਧਾਇਕ ਸ੍ਰੀ ਦੀਦਾਰ ਸਿੰਘ ਭੱਟੀ ਤੇ ਜਥੇਦਾਰ ਉਜਾਗਰ ਸਿੰਘ ਵਡਾਲੀ, ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਗਦੀਪ ਸਿੰਘ ਚੀਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐੱਸ. ਚੀਮਾ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਤਿਵਾੜੀ, ਰੱਖਿਆ ਸੇਵਾਵਾਂ ਭਲਾਈ ਦੇ ਡਾਇਰੈਕਟਰ ਬ੍ਰਿਗੇਡੀਅਰ ਜੇ.ਐੱਸ. ਅਰੋੜਾ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਬ੍ਰਿਗੇਡੀਅਰ ਡੀ.ਐੱਸ. ਗਰੇਵਾਲ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀ ਪੁਨੀਤ ਗੋਇਲ ਅਤੇ ਪੈਸਕੋ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਲੈਫ਼ਟੀਨੈਂਟ ਜਨਰਲ ਕੁਲਦੀਪ ਸਿੰਘ ਹਾਜ਼ਰ ਸਨ।
Indian News ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਉਦਘਾਟਨ ਲਈ ਸਮੁੱਚੇ ਪ੍ਰਬੰਧ ਮੁਕੰਮਲ