ਮਾਊਂਟ ਰੌਸਕਿਲ ਵਿਖੇ ਜਯੋਤੀਸ ਡੇਅਰੀ ‘ਤੇ 2 ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ, ਭਾਰਤੀ ਮੂਲ ਦੀ ਮਹਿਲਾ ਨੂੰ ਹਥੌੜੇ ਨਾਲ ਕੀਤਾ ਜ਼ਖ਼ਮੀ

ਆਕਲੈਂਡ, 6 ਜੁਲਾਈ – ਦੇਸ਼ ‘ਚ ਲੁੱਟ ਦੀਆਂ ਵਾਰਦਾਤਾਂ ਠੱਲ੍ਹਣ ਦਾ ਨਾਂਅ ਨਹੀਂ ਲੈ ਰਹੀਆਂ ਹਨ, ਰੋਜ਼ਾਨਾ ਕੋਈ ਨਾ ਕੋਈ ਲੁੱਟ ਦੀ ਵਾਰਦਾਤ ਦੀ ਖ਼ਬਰ ਨਸ਼ਰ ਹੁੰਦੀ ਰਹਿੰਦੀ ਹੈ। ਅਜਿਹਾ ਹੀ ਮਾਮਲਾ ਮਾਊਂਟ ਰੌਸਕਿਲ ਵਿਖੇ ਸਥਿਤ ਜਯੋਤੀਸ ਡੇਅਰੀ ਤੋਂ ਆਇਆ ਹੈ ਕਿ 5 ਜੁਲਾਈ ਦਿਨ ਬੁੱਧਵਾਰ ਨੂੰ 2 ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਸਟੋਰ ‘ਤੇ ਮੌਜੂਦ ਮਹਿਲਾ ਮਾਲਕਣ ਨੂੰ ਹਥੌੜਾ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਸਿਗਰਟਾਂ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਜ਼ਖ਼ਮੀ ਮਹਿਲਾ ਆਕਲੈਂਡ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਹ ਬੋਲਣ ਤੋਂ ਅਸਮਰਥ ਹੈ। ਜਿਸ ਵੇਲੇ ਇਹ ਵਾਰਦਾਤ ਵਾਪਰੀ ਉਸ ਵੇਲੇ ਡੇਅਰੀ ਮਾਲਕ ਜੈਯੰਤੀ ਪਟੇਲ ਕੁੱਝ ਸਮਾਨ ਖ਼ਰੀਦਣ ਲਈ ਗਿਆ ਹੋਇਆ ਸੀ, ਜਦੋਂ ਪੁਲਿਸ ਨੇ ਉਸ ਨੂੰ ਫ਼ੋਨ ਕੀਤਾ ਤਾਂ ਉਹ ਆਪਣੀ ਡੇਅਰੀ ‘ਤੇ ਵਾਪਸ ਆਇਆ। ਉਸ ਨੇ ਦੱਸਿਆ ਕਿ ਮਾਊਂਟ ਰੌਸਕਿਲ ਦੇ ਮਾਊਂਟ ਐਲਬਰਟ ਰੋਡ ‘ਤੇ ਦੋ ਵਿਅਕਤੀ ਦੁਕਾਨ ‘ਤੇ ਆਏ ਅਤੇ ਸ਼ਾਮ 4 ਵਜੇ ਤੋਂ 5 ਵਜੇ ਦੇ ਵਿਚਕਾਰ ਉਸ ਦੀ ਪਤਨੀ ‘ਤੇ ਹਮਲਾ ਕੀਤਾ। ਪਟੇਲ ਕਰੀਬ 15 ਸਾਲਾਂ ਤੋਂ ਡੇਅਰੀ ਦਾ ਮਾਲਕ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਸਨ, ਪਰ ਬੁੱਧਵਾਰ ਦੀ ਘਟਨਾ ਵਾਂਗ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਕਿਉਂਕਿ ਉਹ ਦੁਕਾਨ ਦੇ ਪਿਛਲੇ ਹਿੱਸੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਪਟੇਲ ਨੇ ਕਿਹਾ ਪਰ ਇਸ ਵਾਰ ਮੇਰੀ ਪਤਨੀ ਬਾਹਰ ਨਹੀਂ ਨਿਕਲ ਸਕੀ ਕਿਉਂਕਿ ਉਨ੍ਹਾਂ ਵਿੱਚੋਂ ਇੱਕ ਨੇ ਉਸ ਦਾ ਰਾਹ ਰੋਕ ਲਿਆ ਸੀ।
ਡੇਅਰੀ ਮਾਲਕ ਪਟੇਲ ਨੇ ਕਿਹਾ ਕਿ ਮੈਂ ਕੰਬ ਰਿਹਾ ਹਾਂ। ਮੈਂ ਸਵੇਰੇ ਕੀ ਕਰਨਾ ਹੈ? ਮੈਂ ਡੇਅਰੀ ਖੋਲ੍ਹਣਾ ਨਹੀਂ ਚਾਹੁੰਦਾ, ਪਰ ਸਾਨੂੰ ਗਾਹਕਾਂ ਦੀ ਜ਼ਰੂਰਤ ਦਾ ਧਿਆਨ ਰੱਖਣਾ ਹੈ ਕਿਉਂਕਿ ਜੇਕਰ ਅਸੀਂ ਡੇਅਰੀ ਨਹੀਂ ਖੋਲ੍ਹਦੇ ਤਾਂ ਮੈਂ ਆਪਣੇ ਮੌਰਗੇਜ ਅਤੇ ਹਰ ਚੀਜ਼ ਲਈ ਭੁਗਤਾਨ ਕਿਵੇਂ ਕਰ ਸਕਦਾ ਹਾਂ?
ਪੁਲਿਸ ਨੇ ਦੱਸਿਆ ਕਿ ਹਮਲਾਵਰ ਸਟੋਰ ਤੋਂ ਭੱਜਣ ਤੋਂ ਪਹਿਲਾਂ ਤੰਬਾਕੂ ਅਤੇ ਨਕਦੀ ਲੈ ਗਏ। ਦੋਸ਼ੀ ਅਜੇ ਫ਼ਰਾਰ ਹਨ। ਸੀਸੀਟੀਵੀ ਕੈਮਰੇ ਦੀ ਫੁੱਟੇਜ਼ ਤੋਂ ਸਾਹਮਣੇ ਆਇਆ ਕਿ ਇੱਕ ਲੁਟੇਰਾ ਕਾਊਂਟਰ ਦੇ ਪਿੱਛੇ ਜਾਂਦਾ ਹੈ ਤੇ ਦੂਜਾ ਉਸ ਮਹਿਲਾ ‘ਤੇ ਹਥੌੜੇ ਨਾਲ ਵਾਰ ਕਰਦਾ ਹੈ। ਭਾਵੇਂ ਫੌਗ ਮਸ਼ੀਨ ਚੱਲ ਪੈਂਦੀ ਹੈ ਪਰ ਲੁਟੇਰੇ ਮਹਿਲਾ ਨੂੰ ਜ਼ਖ਼ਮੀ ਕਰਕੇ ਲੁੱਟ ਨੂੰ ਅੰਜਾਮ ਦੇ ਕੇ ਫ਼ਰਾਰ ਹੋਣ ‘ਚ ਕਾਮਯਾਬ ਹੋ ਜਾਂਦੇ ਹਨ।