ਵੱਖ ਵੱਖ ਮਰਾਏ ਅਤੇ ਕਬੀਲਿਆਂ ਦੇ ਮਾਓਰੀਆਂ ਸਮੇਤ ਸਿੱਖ ਸੰਸਥਾਵਾਂ ਤੇ ਸਿੱਖ ਸਮਾਜ ‘ਚੋਂ ਪਹੁੰਚੇ ਲੋਕਾਂ ਨੇ ਵੀ ਸ਼ਰਧਾਂਜਲੀ ਦਿੱਤੀ
ਮਾਓਰੀ ਭਾਸ਼ਾ ‘ਚ ਜਪੁ ਜੀ ਸਾਹਿਬ ਬਾਣੀ ਦੇ ਕੀਤੇ ਤਰਜਮੇ ਦੀ ਕਾਪੀ ਵੀ ਪ੍ਰਬੰਧਕਾਂ ਨੂੰ ਕੀਤੀ ਭੇਂਟ
ਨਾਰੋਆਵਾਹੀਆ, 3 ਸਤੰਬਰ (ਆਕਲੈਂਡ ਤੋਂ ਹਰਗੋਬਿੰਦ ਸਿੰਘ ਸ਼ੇਖਪੁਰੀਆ) – ਮਾਓਰੀ ਲੋਕਾਂ ਦੇ ਗੜ ਮੰਨੇ ਜਾਂਦੇ ਨਾਰੋਆਵਾਹੀਆ ਦੇ ਮਰਾਏ ਵਿਖੇ ਨਿਊਜ਼ੀਲੈਂਡ ਵਿੱਚ ਮਾਓਰੀ ਰਾਜਾ ਤੂਹੀਤੀਆ ਪੂਤਾਤੀਆ (69) ਜੋ ਕਿ ਪਿਛਲੇ ਦਿਨੀਂ ਆਪਣਾ ਪੰਜ ਭੌਤਿਕ ਸਰੀਰ ਛੱਡ ਗਏ ਸਨ ਅਤੇ ਜਿਨ੍ਹਾਂ ਦੀ ਦੇਹ ਅੰਤਿਮ ਦਰਸ਼ਨਾਂ ਲਈ ਨਾਰੋਆਵਾਹੀਆ ਦੇ ਮਰਾਏ ਵਿਖੇ ਰੱਖੀ ਗਈ ਹੈ, ਦੇ ਅੰਤਿਮ ਦਰਸ਼ਨਾਂ ਅਤੇ ਸ਼ਰਧਾਂਜਲੀ ਦੇਣ ਲਈ ਨਿਊਜ਼ੀਲੈਂਡ ਦੇ ਵੱਖ ਵੱਖ ਖਿੱਤੇ ਖੇਤਰਾਂ ‘ਚੋਂ ਵੱਖ ਵੱਖ ਮਰਾਏ ਤੇ ਕਬੀਲਿਆਂ ਦੇ ਲੋਕ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਜਿਨ੍ਹਾਂ ਨੇ ਆਪਣੇ ਮਹਿਬੂਬ ਰਾਜੇ ਨੂੰ ਜਿੱਥੇ ਆਪਣੇ ਵੱਖ-ਵੱਖ ਤਰ੍ਹਾਂ ਦੇ ਹਾਕਾ ਕਰਕੇ ਸ਼ਰਧਾਂਜਲੀਆਂ ਪੇਸ਼ ਕੀਤੀਆਂ, ਉੱਥੇ ਉਨ੍ਹਾਂ ਦੇ ਅੰਤਮ ਦਰਸ਼ਨ ਕੀਤੇ। ਆਕਲੈਂਡ ਦੇ ਵੱਖ-ਵੱਖ ਥਾਵਾਂ ਤੋਂ ਇਲਾਵਾ ਟਿੱਕੂ ਬਾਟਾ ਮਰਾਏ, ਤਿਰੰਗਾ, ਹੈਮਿਲਟਨ ਆਦਿ ਤੋਂ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਅਤੇ ਪਤਵੰਤੇ ਸਮੇਤ ਆਮ ਮਾਓਰੀ ਲੋਕ ਆ ਕੇ ਵਾਰੀ ਵਾਰੀ ਉਨ੍ਹਾਂ ਦੇ ਆਗੂੇ ਜਿੱਥੇ ਤੂਹੀਤੀਆ ਪੂਤਾਤੀਆ ਦੀ ਜ਼ਿੰਦਗੀ ਬਾਰੇ ਵਿਸਥਾਰ ਵਿੱਚ ਆਮ ਕਰਕੇ ਮਾਓਰੀ ਭਾਸ਼ਾ ਵਿੱਚ ਜਾਣੂ ਕਰਾਉਂਦੇ ਰਹੇ, ਉੱਥੇ ਸਮੁਦਾਏ ਵੱਲੋਂ ਹਾਕਾ ਪੇਸ਼ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਰਹੀ। ਕਈ ਘੰਟਿਆਂ ਤੱਕ ਚੱਲਦੇ ਰਹੇ ਇਸ ਅੰਤਿਮ ਦਰਸ਼ਨ ਅਤੇ ਸ਼ਰਧਾਂਜਲੀ ਸਮਾਗਮ ਦੇ ਦਰਮਿਆਨ ਹੀ ਸਿੱਖ ਸਮਾਜ ਦੇ ਸਿੱਖ ਸੁਸਾਇਟੀਜ ਵੱਲੋਂ ਵੀ ਲੋਕਾਂ ਨੇ ਪਹੁੰਚ ਕੇ ਕਿੰਗ ਆਫ਼ ਮਾਓਰੀ ਨੂੰ ਆਪਣੇ ਸ਼ਰਧਾ ਸੁਮਨ ਪੇਸ਼ ਕੀਤੇ ਅਤੇ ਅੰਤਿਮ ਦਰਸ਼ਨ ਕੀਤੇ। ਇੱਥੇ ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਅੰਤਿਮ ਦਫਨ ਵੀਰਵਾਰ 5 ਸਤੰਬਰ 2024 ਨੂੰ ਹੋਣਾ ਨਿਯਤ ਹੋਇਆ ਹੈ।
ਸਿੱਖ ਭਾਈਚਾਰੇ ਵੱਲੋਂ ਸਾਬਕਾ ਲਿਸਟ ਐਮਪੀ ਕੰਵਲਜੀਤ ਸਿੰਘ ਬਖਸ਼ੀ ਨੇ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਅਤੇ ਕਿੰਗ ਆਫ਼ ਮਾਓਰੀ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਸਿੱਖਾਂ ਅਤੇ ਮਾਓਰੀ ਲੋਕਾਂ ਨੂੰ ਆਪਣੇ ਵਿਕਾਸ ਵਿੱਚ ਸਮਾਨੰਤਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਰ ਰਹੇ ਹਨ। ਉਨ੍ਹਾਂ ਸਿੱਖ ਸੰਗਤ ਸਮੇਤ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਜਪੁ ਜੀ ਬਾਣੀ ਦਾ ਮਾਓਰੀ ਭਾਸ਼ਾ ਵਿੱਚ ਕੀਤਾ ਤਰਜਮਾ ਵਿੱਚੋਂ ਮੂਲ ਮੰਤਰ ਦਾ ਪਾਠ ਪੰਜਾਬੀ ਤੇ ਅੰਗਰੇਜ਼ੀ ਵਿੱਚ ਕੀਤਾ ਜਦੋਂ ਕਿ ਮਾਓਰੀ ਭਾਸ਼ਾ ਵਿੱਚ ਕੀਤਾ ਹੋਇਆ ਤਰਜਮਾ ਅਲੋਂਜੋ ਮਾਸਨ ਨੇ ਪੜਿਆ। ਇਸ ਤਰਜਮੇ ਦਾ ਉਪਰਾਲਾ ‘ਦੀ ਨਿਊਜ਼ੀਲੈਂਡ ਕੌਂਸਲ ਆਫ਼ ਸਿੱਖ ਆਫ਼ ਅਫੇਅਰਜ਼ ਆਕਲੈਂਡ’ ਵੱਲੋਂ ਸੰਗਤ ਤੇ ਮਾਓਰੀ ਲੋਕਾਂ ਦੇ ਸਹਿਯੋਗ ਨਾਲ ਕਰਾਇਆ ਗਿਆ ਹੈ। ਇਸ ਮੌਕੇ ਪ੍ਰਧਾਨ ਤੇਜਵੀਰ ਸਿੰਘ, ਖਜਾਨਚੀ ਰਾਣਾ ਜੱਜ, ਕੂਕ ਪੰਜਾਬੀ ਸਮਾਚਾਰ ਦੇ ਮੁੱਖ ਸੰਪਾਦਕ ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਜੋਗਾ ਸਿੰਘ ਟਾਕਾਨੀਨੀ, ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਸੰਸਥਾਪਕ ਪ੍ਰਧਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ ਕਾਰਜ ਕਰਤਾ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਸਮੇਤ ਸੱਤ ਜਾਣੇ ਆਕਲੈਂਡ ਤੋਂ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਜਦੋਂ ਕਿ ਸਾਬਕਾ ਲਿਸਟ ਐਮਪੀ ਕੰਵਲਜੀਤ ਸਿੰਘ ਬਖਸ਼ੀ, ਮੋਹਨ ਪਾਲ ਸਿੰਘ ਤੇ ਬਚਨ ਸਿੰਘ ਨਿਹਾਲਗੜ੍ਹ ਨੇ ਵੀ ਅੱਗਿਓਂ ਪਹੁੰਚਦਿਆਂ ਸੰਗਤ ਦੀ ਗਿਣਤੀ ਦਸ ਕਰ ਦਿੱਤੀ। ਖਾਸ ਗੱਲ ਇਹ ਸੀ ਕਿ ਹੈਮਿਲਟਨ ਤੋਂ ਇਸ ਸਮਾਗਮ ਦੇ ਪ੍ਰੋਟੋਕੋਲ ਆਫਿਸਰ ਗੇਲ ਕੈਂਪਬੈਲ ਅਤੇ ਅਲੋਂਜੋ ਮਾਸਨ ਨੇ ਸਿੱਖ ਸੰਗਤ ਦੀ ਅਗਵਾਈ ਕਰਦਿਆਂ ਉਸ ਸਥਾਨ ਤੱਕ ਬਾਇੱਜਤ ਲੈ ਕੇ ਗਏ ਜਿਸ ਮਰਾਏ ਵਿੱਚ ਕਿੰਗ ਆਫ਼ ਮਾਓਰੀ ਦੀ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਸੀ।
ਜ਼ਿਕਰਯੋਗ ਹੈ ਕਿ ਨੈਸ਼ਨਲ ਪਾਰਟੀ ਦੇ ਸਾਬਕਾ ਲਿਸਟ ਐਮਪੀ ਕੰਵਲਜੀਤ ਸਿੰਘ ਬਖਸ਼ੀ ਵੱਲੋਂ ਮਾਓਰੀ ਭਾਈਚਾਰੇ ਤੇ ਸਿੱਖ ਦੀ ਸਾਂਝ ਤੇ ਸਿੱਖ ਸੰਗਤ ਸਮੇਤ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਜਪੁ ਜੀ ਬਾਣੀ ਦਾ ਮਾਓਰੀ ਭਾਸ਼ਾ ਵਿੱਚ ਕੀਤਾ ਤਰਜਮਾ ਅਤੇ ਮੂਲ ਮੰਤਰ ਦਾ ਪਾਠ ਪੰਜਾਬੀ ਤੇ ਅੰਗਰੇਜ਼ੀ ਤੇ ਮਾਓਰੀ ਭਾਸ਼ਾ ਵਿੱਚ ਕਰਨ ਦੀ ਮਾਓਰੀ ਭਾਈਚਾਰੇ ਦੇ ਲੋਕਾਂ ਨੇ ਸ਼ਲਾਘਾ ਕੀਤੀ।
Home Page ਮਾਓਰੀ ਰਾਜਾ ਤੂਹੀਤੀਆ ਪੂਤਾਤੀਆ ਨੂੰ ਨਾਰੋਆਵਾਹੀਆ ਦੇ ਮਰਾਏ ਵਿਖੇ ਹਜ਼ਾਰਾਂ ਲੋਕਾਂ ਵੱਲੋਂ...