8 ਮਾਰਚ ਨੂੰ ਮਹਿਲਾ ਦਿਵਸ ‘ਤੇ ਵਿਸ਼ੇਸ਼
ਇਸਤਰੀਆਂ ਪ੍ਰਤੀ ਆਪਣੀ ਸੋਚ ਬਦਲੇ ਤੋਂ ਵਗੈਰ ਕੀ ੮ ਮਾਰਚ ਨੂੰ ਇੱਕ ਸਾਲ ਬਾਅਦ ਮਹਿਲਾ ਦਿਵਸ ਮਨਾ ਕੇ ਹੀ ਇਸਤਰੀ ਨੂੰ ਬਰਾਬਰਤਾ ਦਿੱਤੀ ਜਾ ਸਕਦੀ ਹੈ? ਬਿਲਕੁਲ ਵੀ ਨਹੀਂ! ਇਹੀ ਕਾਰਨ ਹੈ ਕਿ ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਕੀਤੇ ਜਾ ਰਹੇ ਵੱਡੇ ਵੱਡੇ ਅਡੰਬਰ ਬੇਅਰਥ ਹੋ ਰਹੇ ਹਨ। ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇੱਕ ਹੀ ਮਾਦਾ ਭਰੂਣ ਹੱਤਿਆ ਦਾ ਵਿਰੋਧ ਅਤੇ ਇਸਤਰੀ ਨੂੰ ਬਰਾਬਰ ਦੇ ਹੱਕ ਦੇਣ ਦੀ ਵਕਾਲਤ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਹੀ ਹੈ। ਸਾਡੇ ਮਰਦ ਪ੍ਰਧਾਨ ਦੇਸ਼ ਵਿੱਚ ਇਸਤਰੀ ਜਾਤੀ ਦੁਰਦਸ਼ਾ ਕਿਸੇ ਤੋਂ ਲੁਕੀ ਛਿੱਪੀ ਨਹੀਂ ਹੈ ਅਤੇ ਨਾ ਹੀ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਸਾਡੇ ਦੇਸ਼ ਵਿੱਚ ਕੋਈ ਨਵੀਂ ਪੈਦਾ ਹੋਈ ਹੈ। ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿੱਚ ਇਸ ਦਾ ਸਿਰਫ ਢੰਗ ਹੀ ਬਦਲਿਆ ਹੈ। ਮਾਦਾ ਭਰੂਣ ਹੱਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ………. ਇੱਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜਾਰੀ। ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿੱਚ ਹੀ ਹਾਰ ਦਿੱਤਾ ਸੀ, ਕਹੇ ਜਾਂਦੇ ਰਾਮ ਚੰਦਰ ਅਵਤਾਰ ਨੇ ਆਪਣੀ ਘਰ ਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਸੀ, ਤੁਲਸੀ ਜੀ ਰਮਾਇਣ ਵਿੱਚ ਲਿਖਦੇ ਹਨ ਕਿ ਢੋਰ, ਸੂਦਰ, ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ। ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ। ਬੇਸ਼ੱਕ ਸਾਡੇ ਹਿੰਦੂ ਸਮਾਜ ਵਿੱਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿੱਚ ਹੀ ਹੋਇਆ ਹੈ। ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ। ਸਿੱਖ ਮੱਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ :- ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥…….॥(ਪੰਨਾ ਨੰ: ੪੭੩)॥ ਪ੍ਰੋ. ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: ੬੮੦) ॥ ਪਰ ਅਜੋਕੀ ਸਿੱਖ ਮੱਤ ਵੀ ਬਾਬੇ ਨਾਨਕ ਦੇ ਸ਼ਬਦਾਂ ਨੂੰ ਰੱਟੇ ਲਾਕੇ ਪੜ੍ਹਨ ਤੱਕ ਹੀ ਸੀਮਿਤ ਹੈ, ਅਸਲੀਅਤ ਵਿੱਚ ਬਰਾਬਰਤਾ ਔਰਤਾਂ ਨੂੰ ਸਿੱਖ ਮੱਤ ਵਿੱਚ ਵੀ ਨਹੀਂ ਮਿਲ ਰਹੀ। ਜਿਵੇਂਕਿ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ, ਹਰਿਮੰਦਰ ਸਾਹਿਬ ਵਿਖੇ ਸਿੱਖ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣਾ, ਗੁਰਦੁਆਰਿਆਂ ਵਿੱਚ ਪੁੱਤਰ ਪ੍ਰਾਪਤੀ ਦੀਆਂ ਅਰਦਾਸਾਂ ਕਰਨੀਆਂ, ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਉਣੇ, ਅਨੰਦ ਕਾਰਜਾਂ ਸਮੇਂ ਲੜਕੀ ਦਾ ਪੱਲਾ ਲੜਕੇ ਹੱਥ ਫੜਾਉਣਾ, ਲੜਕੀ ਨੂੰ ਲੜਕੇ ਦੇ ਖੱਬੇ ਹੱਥ ਬਹਾਉਣਾ ਆਦਿ ਰਸਮਾਂ ਨਾ ਬਰਾਬਰੀ ਦੀਆਂ ਪਰਤੱਖ ਉਦਹਾਰਣਾਂ ਹਨ। ਬੇਸ਼ੱਕ ਕੁੱਝ ਗਿਣਤੀ ਦੀਆਂ ਔਰਤਾਂ ਨੇ ਆਪਣੀ ਯੋਗਤਾ ਸਦਕਾ ਉੱਚ ਮੁਕਾਮ ਹਾਸਿਲ ਕੀਤੇ ਹਨ, ਪਰ ਮਰਦ ਪ੍ਰਧਾਨ ਸਮਾਜ ਇਸਤਰੀ ਨੂੰ ਆਪਣੀ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਸਮਝਦਾ। ਸਾਡੇ ਲੋਕਾਂ ਦੇ ਚਹੇਤੇ ਮਸ਼ਹੂਰ ਕਲਾਕਾਰ ਵੀ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਕੋਈ ਕਲਾਕਾਰ ਗਾ ਰਿਹਾ ਹੁੰਦਾ ਹੈ ਕਿ ਮੁੱਢ ਕਦੀਮੋ ਹੁੰਦੀਆਂ ਰੰਨਾਂ ਬਦਕਾਰਾਂ ਜਾਂ ਕੀ ਏ ਰੰਨਾਂ ਦਾ ਇਤਬਾਰ, ਕੋਈ ਗਾ ਰਿਹਾ ਹੁੰਦਾ ਹੈ ਸੜਕਾਂ ਤੇ ਅੱਗ ਤੁਰੀ ਜਾਂਦੀ ਏ। ਜਿਸ ਤਰ੍ਹਾਂ ਇਸਤਰੀ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸ ਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ। ਹੁਣ ਤਾਂ ਮਾਰਕੀਟ ਵਿੱਚ ਅਜਿਹੇ ਗੀਤ ਆ ਚੁਕੇ ਹਨ ਜਿੰਨਾ ਨੂੰ ਲਿਖਦਿਆਂ ਵੀ ਸ਼ਰਮ ਆਉਦੀ ਹੈ, ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀਆਂ ਹਨ, ਪਰ ਉਨ੍ਹਾਂ ਦੇ ਵੀ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਮਰਦਾਂ ਦੀ ਹਵਸ ਪੂਰੀ ਕਰਦੀਆਂ ਦਿਨ ਕਟੀ ਕਰਦੀਆਂ ਹਨ। ਪਰ ਅਜੋਕੇ ਕਮੀਣੇ ਕਲਾਕਾਰਾਂ ਨੇ ਤਾਂ ਚਿੱਟੇ ਸੂਟ ਤੇ ਦਾਗ ਪੈ ਗਏ, ਗਲੀਆਂ ਦੇ ਵਿੱਚ ਗਾਰਾ ਜਿਹੇ (ਜਾਂ ਹੁਣ ਹੋਰ ਵੀ ਲੱਚਰ) ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰੱਖ ਦਿੱਤਾ ਹੈ। ਚਿੱਟੇ ਕੱਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ ਵਿੱਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ। ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨ੍ਹਾਂ ਨੂੰ ਹਰ ਲੜਕੀ ਵਿੱਚੋਂ ਆਪਣੀ ਧੀ, ਭੈਣ ਜਾਂ ਮਾਂ ਨਜ਼ਰ ਆਉਂਦੀ ਹੋਵੇ ਤਾਂ ਇਹ ਔਰਤ ਜਾਤੀ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ। ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ। ਬੱਸਾਂ, ਟਰੈਕਟਰਾਂ ਤੇ ਚੱਲਦੇ ਅਸ਼ਲੀਲ ਗਾਣੇ ਜਿੰਨ੍ਹਾਂ ਰਾਹੀਂ ਔਰਤਾਂ ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ। ਮਰਦ ਮਨੁੱਖ ਅੰਦਰੋਂ ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ, ਸਾਡੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ, ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ ਨਜਾਇਜ ਤੌਰ ‘ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ, ਕਲਾਕਾਰਾਂ ਅਤੇ ਕੈਸੇਟ ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ। ਸਿੱਖ ਮੱਤ ਹੀ ਇੱਕ ਐਸੀ ਮੱਤ ਸੀ ਜਿਸ ਦੇ ਬਾਨੀਆਂ ਨੇ ਔਰਤ ਦੇ ਹੱਕ ਵਿੱਚ ਅਵਾਜ ਉਠਾਈ ਸੀ। ਕਦੇ ਸਿੱਖ ਹੁੰਦੇ ਸਨ ਜੋ ਜੰਗਲ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਦੇਸੀ ਵਿਦੇਸ਼ੀ ਜਰਵਾਣਿਆਂ ਤੋਂ ਔਰਤਾਂ ਉਤੇ ਕੀਤੇ ਜਾਂਦੇ ਅੱਤਿਆਚਾਰਾਂ ਵਿਰੁੱਧ ਮੈਦਾਨ ਵਿੱਚ ਨਿਤਰਦੇ ਹੁੰਦੇ ਸਨ, ਉਹ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਔਰਤਾਂ ਉਪਰ ਜੁਲਮ ਕਰਨ ਵਾਲੇ ਜਾਲਮਾਂ ਨੂੰ ਸੋਧ ਕੇ ਬੰਦੀ ਬਣਾਈਆਂ ਔਰਤਾਂ ਨੂੰ ਜਾਲਮਾਂ ਦੇ ਪੰਜਿਆਂ ਵਿੱਚੋਂ ਛੁਡਵਾ ਕੇ ਸਤਿਕਾਰ ਸਹਿਤ ਉਨ੍ਹਾਂ ਨੂੰ ਘਰੋਂ ਘਰੀਂ ਪਹੁੰਚਾ ਕੇ ਆਉਂਦੇ ਸਨ। ਪਰ ਅਜੋਕੇ ਸਿੱਖਾਂ (ਜੋ ਇਸਤਰੀ ਨੂੰ ਅੱਤ ਘਟੀਆ ਚਰਿੱਤਰਾਂ ਵਿੱਚ ਪੇਸ਼ ਕਰਨ ਵਾਲੀ ਅਸ਼ਲੀਲ ਕਵਿਤਾ (ਅਖੌਤੀ ਦਸ਼ਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦਾ ਮੂੰਹ ਚਿੜਾ ਰਹੇ ਹਨ) ਤੋਂ ਔਰਤਾਂ ਪ੍ਰਤੀ ਧੀ ਭੈਣ ਵਾਲੀ ਸਾਂਝ ਜਾਂ ਔਰਤਾਂ ਨੂੰ ਬਰਾਬਰਤਾ ਮਿਲਣ ਦੀ ਆਸ ਰੱਖਣੀ ਵੀ ਮੂਰਖਤਾ ਤੋਂ ਵੱਧ ਕੁੱਝ ਨਹੀਂ ਹੋਵੇਗਾ। ਸ਼ਾਇਦ ਕੋਈ ਵੀਰ ਜਾਂ ਭੈਣ ਇਹ ਸੋਚੇਗਾ ਕਿ ਮਹਿਲਾ ਦਿਵਸ ਬਾਰੇ ਲੇਖ ਵਿੱਚ ਅਖੌਤੀ ਦਸ਼ਮ ਗ੍ਰੰਥ ਕਿਉਂ ਵਾੜ ਲਿਆ ਹੈ। ਇਸ ਬਾਰੇ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਗ੍ਰੰਥ ਵਿੱਚ ਇਸਤਰੀਆਂ ਨੂੰ ਬਦਨਾਮ ਕਰਦੀਆਂ ੪੦੦ ਤੋਂ ਵੱਧ ਕਹਾਣੀਆਂ ਲਿਖੀਆਂ ਹੋਈਆਂ ਹਨ। ਜਿੰਨ੍ਹਾਂ ਦਾ ਨਾਮ ਵੀ ਤ੍ਰਿਆ ਚਰਿਤ੍ਰ ਲਿਖਿਆ ਹੋਇਆ ਹੈ। ਕਿਸੇ ਵੀਰ-ਭੈਣ ਨੂੰ ਸ਼ੱਕ ਹੋਵੇ ਉਹ ਖੁਦ ਅਖੌਤੀ ਦਸ਼ਮ ਗ੍ਰੰਥ ਨੂੰ ਪੜ੍ਹ ਕੇ ਵੇਖ ਸਕਦਾ ਹੈ। ਇਸਤਰੀਆਂ ਪ੍ਰਤੀ ਜਿੰਨੀ ਲੱਚਰਤਾ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਲਿਖੀ ਹੋਈ ਹੈ, ਇੰਨੀ ਲੱਚਰਤਾ ਤਾਂ ਅਜੋਕੇ ਮਾੜੇ ਤੋਂ ਮਾੜੇ ਕਲਾਕਾਰਾਂ ਨੇ ਵੀ ਪੇਸ਼ ਨਹੀਂ ਕੀਤੀ ਹੋਣੀ। ਇਸ ਲਈ ਇਹ ਅਖੌਤੀ ਦਸ਼ਮ ਗ੍ਰੰਥ ਇਸਤਰੀ ਜਾਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜਿੱਥੇ ਇਸਤਰੀਆਂ ਦੇ ਮਾਨ-ਸਨਮਾਨ ਜਾਂ ਹੱਕਾਂ ਦੀ ਗੱਲ ਹੋਵੇਗੀ ਉੱਥੇ ਇਸਤਰੀਆਂ ਨੂੰ ਘਟੀਆ ਕਿਰਦਾਰ ਵਾਲੀਆਂ ਬਣਾ ਕੇ ਅਪਮਾਨਿਤ ਕਰਨ ਵਾਲੇ ਇਸ ਗ੍ਰੰਥ ਨੂੰ ਅੱਖੋਂ ਓਹਲੇ ਕਰਨਾ ਠੀਕ ਨਹੀਂ ਹੈ। ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ, ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗੈਰਤੀ ਜਿੰਦਗੀ ਜਿਉਣੀ ਪੈਂਦੀ ਹੈ, ਜਿੰਨਾ ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ, ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸਦਾ ਦਾਨ ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ, ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ ਹੈ। ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ, ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ, ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ ਨਾ ਤਾਂ ਔਰਤ ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾ ਜਿਉਣ ਦਾ। ਮਾਦਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਲਿਖੇ ਨਾਅਰੇ ‘ਜੇ ਧੀਆਂ ਮਾਰ ਮੁਕਾਉਗੇ ਤਾਂ ਬਹੁਆਂ ਕਿੱਥੋਂ ਲਿਆਉਗੇ’ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਮਰਦ ਪ੍ਰਧਾਨ ਸਮਾਜ ਆਪਣੇ ਲਈ ਬਹੂਆਂ (ਪਤਨੀਆਂ) ਦੀ ਹੋ ਰਹੀ ਘਾਟ ਕਾਰਨ ਹੀ ਕਾਵਾਂ ਰੌਲੀ ਪਾ ਰਿਹਾ ਹੈ ਕਿ ਲੜਕਿਆਂ ਲਈ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ, ਉਂਝ ਇਸ ਦੀ ਲੜਕੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਦੁੱਗਣੀ ਹੋ ਜਾਵੇ, ਫਿਰ ਤਾਂ ਮਾਦਾ ਭਰੂਣ ਹੱਤਿਆ ਕਰਨਾ ਕੋਈ ਗੁਨਾਹ ਨਹੀਂ ਹੋਵੇਗਾ? ਜਾਂ ਫਿਰ ਇੱਕ ਲੜਕੇ ਨੂੰ ਦੋ ਦੋ ਬਹੂਆਂ ਦਿੱਤੀਆਂ ਜਾ ਸਕਦੀਆਂ ਹਨ? ਜਾਂ ਕੀ ਜੇ ਲੜਕੀਆਂ ਬਹੂਆਂ ਬਨਣ ਤੋਂ ਇਨਕਾਰ ਕਰ ਦੇਣ ਤਾਂ ਮਾਦਾ ਭਰੂਣ ਹੱਤਿਆ ਕੀਤੀ ਜਾ ਸਕਦੀ ਹੈ? ਅੱਜ ਵੱਡੀ ਪੱਧਰ ‘ਤੇ ਸ਼ੋਰ ਪਾਇਆ ਜਾ ਰਿਹਾ ਹੈ ਕਿ ਇੱਕ ਹਜਾਰ ਲੜਕਿਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ ਅੱਠ ਸੌ ਰਹਿ ਗਈ ਹੈ ਆਦਿ ਆਦਿ। ਅੱਜ ਇੰਨ੍ਹਾਂ ਮਾਦਾ ਭਰੂਣਾਂ (ਲੜਕੀਆਂ) ਦੇ ਹਮਦਰਦਾਂ ਨੂੰ ਕੋਈ ਪੁੱਛੇ ਕਿ ਕੀ ਸਾਡੇ ਦੇਸ਼ ਖਾਸ ਕਰਕੇ ਅਜੋਕੇ ਪੰਜਾਬ ਅੰਦਰ ਸੌ ਪ੍ਰਤੀਸ਼ਤ ਲੜਕੇ ਵਿਆਹ ਦੇ ਯੋਗ ਹਨ? ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਲੜਕੀਆਂ ਵਾਲਿਆਂ ਨੂੰ ਵੱਡੀ ਪੱਧਰ ਤੇ ਭਾਲ ਕਰਨ ਉਪਰੰਤ ਵੀ ਨਸ਼ਿਆਂ ਤੋਂ ਰਹਿਤ ਲੜਕੇ ਨਹੀਂ ਮਿਲਦੇ। ਅੱਜ ਲਗਭਗ ਪੰਜਾਹ ਪ੍ਰਤੀਸ਼ਤ ਲੜਕੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਿੰਨ੍ਹਾਂ ਵਿੱਚੋਂ ਵੀਹ ਪ੍ਰਤੀਸ਼ਤ ਲੜਕੇ ਤਾਂ ਵਿਆਹੁਣ ਦੇ ਯੋਗ ਵੀ ਨਹੀਂ ਹਨ। ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਦੇ ਨਾਅਰੇ ਲਾਉਣ ਵਾਲੇ ਠੇਕੇਦਾਰ ਜੋ ਹਜਾਰ ਲੜਕੀ ਪੈਦਾ ਕਰਵਾਉਣੀ ਚਾਹੁੰਦੇ ਹਨ ਉਹ ਦੋ ਸੌ ਲੜਕੀ ਵਾਸਤੇ ਕੀ ਪ੍ਰਬੰਧ ਕਰਨਗੇ? ਜਾਂ ਕੀ ਦੋ ਸੌ ਲੜਕੀ ਨੂੰ ਦੋ ਸੌ ਨਸ਼ੇੜੀ ਲੜਕਿਆਂ ਦੀ ਹਵਸ ਪੂਰੀ ਕਰਨ ਅਤੇ ਉਨ੍ਹਾਂ ਤੋਂ ਕੁੱਟ ਖਾ ਖਾ ਕੇ ਨਰਕ ਭਰੀ ਜਿੰਦਗੀ ਜਿਉਣ ਲਈ ਛੱਡ ਦਿੱਤਾ ਜਾਵੇਗਾ? ਮਾਦਾ ਭਰੂਣ ਹੱਤਿਆ ਦੇ ਵਿਰੋਧੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਇੱਥੇ ਤਾਂ ਜੇ ਕੋਈ ਗਰੀਬ ਮਾਂ ਬਾਪ ਨਾ ਚਾਹੁੰਦੇ ਹੋਏ ਵੀ ਆਪਣੀ ਲੜਕੀ ਦਾ ਰਿਸ਼ਤਾ ਕੁੱਝ ਕੁ ਨਾ ਮਾਤਰ ਪੈਸੇ ਲੈ ਕੇ ਕਰ ਦਿੰਦਾ ਹੈ ਤਾਂ ਉਸ ਨੂੰ ਸਾਡੇ ਸਮਾਜ ਵਿੱਚ ਬਹੁਤ ਮਾੜਾ ਗਿਣਿਆ ਜਾਂਦਾ ਹੈ ਅਤੇ ਕਈ ਪੀਹੜੀਆਂ ਉਨ੍ਹਾਂ ਨੂੰ ਕੁੜੀਆਂ ਦੇ ਪੈਸੇ ਲੈਣ ਦੇ ਮੇਹਣੇ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੁੰਡੇ ਵਾਲੇ ਅਮੀਰ ਹੁੰਦੇ ਹੋਏ ਵੀ ਬਗੈਰ ਲੋੜ ਤੋਂ ਧੀਆਂ ਵਾਲਿਆਂ ਤੋਂ ਸ਼ਰੇਆਮ ਲੱਖਾਂ ਰੁਪਏ ਲੈ ਕੇ ਵੀ ਇੱਜਤਦਾਰ ਕਹਾਉਂਦੇ ਹਨ। ਦੇਖੋ ਮਰਦ ਪ੍ਰਧਾਨ ਸਮਾਜ ਦੀ ਦੋਗਲੀ ਨੀਤੀ, ਧੀਆਂ ਦੇ ਪੈਸੇ ਲੈਣ ਵਾਲੇ ਬੇਇੱਜਤੇ ਅਤੇ ਪੁੱਤਾਂ ਦੇ ਪੈਸੇ ਲੈਣ ਵਾਲੇ ਇੱਜਤਦਾਰ ਵਾਹ ਕਿਆ ਬਾਤ ਹੈ! ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਮਿਲੀ ਬਰਾਬਰਤਾ ਇੱਥੇ ਸਪੱਸ਼ਟ ਹੁੰਦੀ ਹੈ ਜਿੱਥੇ ਚੰਗੀਆਂ ਧੀਆਂ ਦੇ ਮਾਪੇ ਇੱਜਤਦਾਰ ਨਹੀਂ ਹੋ ਸਕਦੇ ਅਤੇ ਮਾੜੇ ਪੁੱਤਰਾਂ ਦੇ ਮਾਪੇ ਬੇਇੱਜਤੇ ਨਹੀਂ ਹੋ ਸਕਦੇ। ਫਿਰ ਕੌਣ ਧੀਆਂ ਨੂੰ ਪੈਦਾ ਕਰਕੇ ਬੇਇੱਜਤੀ ਕਰਵਾਉਣੀ ਚਾਹੇਗਾ? ਅੱਜ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਅੰਮ੍ਰਿਤਸਰ ਦੇ ਛੇਹਰਟਾ ਥਾਣੇ ਨੇੜੇ ਸਹਾਇਕ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਨੂੰ ਗੁੰਡਿਆਂ ਨੇ ੫ ਦਸੰਬਰ ੨੦੧੨ ਨੂੰ ਇਸ ਕਰਕੇ ਗੋਲੀ ਮਾਰ ਦਿੱਤੀ ਸੀ ਕਿ ਉਹ ਆਪਣੀ ਧੀ ਰੌਬਿਨਜੀਤ ਕੌਰ ਨਾਲ ਹੋ ਰਹੀ ਛੇੜਛਾੜ ਨੂੰ ਰੋਕਦਾ ਸੀ। ਕੀ ਦੋਸ਼ ਸੀ ਰਵਿੰਦਰਪਾਲ ਸਿੰਘ ਦਾ? ਬੱਸ ਇਹੀ ਦੋਸ਼ ਸੀ ਕਿ ਉਹ ਇੱਕ ਜਵਾਨ ਧੀ ਦਾ ਪਿਉ ਸੀ। ਉਸ ਨੇ ਮਾਦਾ ਭਰੂਣ ਹੱਤਿਆ ਕਰਾਉਣ ਦੀ ਥਾਂ ਆਪਣੀ ਧੀ ਨੂੰ ਪੜ੍ਹਾ-ਲਿਖਾ ਕੇ ਪੁੱਤਰਾਂ ਵਾਂਗ ਪਾਲਿਆ ਸੀ। ਇਸ ਦੀ ਕੀਮਤ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਅੱਜ ਜਦੋਂ ਇੱਕ ਪੁਲਿਸ ਅਫਸਰ ਦੀ ਧੀ ਵੀ ਸੁਰੱਖਿਅਤ ਨਹੀਂ ਹੈ, ਫਿਰ ਆਮ ਜਾਂ ਗਰੀਬ ਦੀ ਧੀ ਦੀ ਕੀ ਹਾਲਤ ਹੋਵੇਗੀ, ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਹੁਣ ਜਾਟ ਰਾਖਵਾਂਕਰਣ ਦੇ ਨਾਮ ‘ਤੇ ਹਰਿਆਣੇ ਵਿੱਚ ਹੋਈ ਗੁੰਡਾ ਗਰਦੀ ਸਮੇਂ ਕਿਸ ਤਰਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਹਨ ਸਾਡੇ ਦੇਸ਼ ਦੀਆਂ ਸਰਕਾਰਾਂ ਚੁੱਪ ਹਨ, ਸਿਰਸਾ ਡੇਰੇ ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸ਼ਿੰਘ ਜੀ ਦੀ ਫੋਟੋ ਦੀ ਨਕਲ ਕਰਨ ਤੇ ਮਰਨ ਮਾਰਨ ‘ਤੇ ਉਤਰਨ ਵਾਲੀ ਸਿੱਖ ਕੌਮ ਹੁਣ ਚੁੱਪ ਹੈ। ਛੇੜ ਛਾੜ ਅਤੇ ਬਲਾਤਕਾਰ ਆਦਿ ਇਸਤਰੀਆਂ ਨਾਲ ਹੁੰਦੇ ਧੱਕਿਆਂ ਦੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਘਟਨਾਵਾਂ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ, ਗੁਰਦੁਆਰਿਆਂ, ਮੰਦਰਾਂ, ਡੇਰਿਆਂ ਆਦਿ ਵਿੱਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਦੋਂ ਸਾਡੀਆਂ ਸਰਕਾਰਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ ਅੱਠ ਸੌ ਲੜਕੀ ਨੂੰ ਸੁਰੱਖਿਆ ਨਹੀਂ ਦੇ ਸਕਦਾ ਫਿਰ ਇਨ੍ਹਾਂ ਨੂੰ ਕੀ ਹੱਕ ਹੈ ਕਿ ਇਹ ਇੱਕ ਹਜਾਰ ਲੜਕੀ ਪੈਦਾ ਕਰਨ ਦੀ ਵਕਾਲਤ ਕਰਨ ? ਮੇਰੇ ਇਸ ਲੇਖ ਦਾ ਮਕਸਦ ਇਹ ਨਹੀਂ ਹੈ ਕਿ ਮਾਦਾ ਭਰੂਣ ਹੱਤਿਆ ਹੋਣੀ ਚਾਹੀਦੀ ਹੈ, ਮਾਦਾ ਭਰੂਣ ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ ਜਿਸ ਦਾ ਡੱਟ ਕੇ ਵਿਰੋਧ ਵੀ ਹੋਣਾ ਚਾਹੀਦਾ ਹੈ ਪਰ ਸਾਨੂੰ ਅਣ ਜੰਮੀਆਂ ਧੀਆਂ (ਮਾਦਾ ਭਰੂਣਾਂ) ਦੇ ਹਮਦਰਦਾਂ ਨੂੰ ਜਨਮ ਤੋਂ ਬਾਅਦ ਦੀ ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਾਈ ਦਿੰਦੀ। ਮਰਦ ਅਤੇ ਔਰਤ ਗ੍ਰਹਿਸਥੀ ਗੱਡੀ ਦੇ ਦੋ ਪਹੀਏ ਹਨ, ਦੋਹਾਂ ਵਿੱਚ ਹਰ ਪਹਿਲੂ ਤੇ ਬਰਾਬਰਤਾ ਹੋਣੀ ਅੱਤ ਜਰੂਰੀ ਹੈ। ਇਹ ਬਰਾਬਰਤਾ ਸਿਰਫ ਲਿੰਗ ਅਨੁਪਾਤ ਲਈ ਹੀ ਹੋਣੀ ਜਰੂਰੀ ਨਹੀਂ ਸਗੋਂ ਬਰਾਬਰਤਾ ਦੇ ਅਧਿਕਾਰਾਂ ਲਈ ਵੀ ਜਰੂਰੀ ਹੈ। ਲੜਕੀ ਦਾ ਆਪਣਾ ਕਿਤੇ ਵੀ ਘਰ ਨਹੀਂ ਹੁੰਦਾ, ਮਾਪਿਆਂ ਦੇ ਘਰ ਲੜਕੀ ਬੇਗਾਨਾ ਧਨ ਹੁੰਦੀ ਹੈ ਅਤੇ ਸੁਹਰਿਆਂ ਦੇ ਘਰ ਬੇਗਾਨੀ ਧੀ ਹੀ ਰਹਿੰਦੀ ਹੈ। ਅੱਜ ਲੋੜ ਹੈ ਲੜਕੀਆਂ (ਇਸਤਰੀ ਜਾਤੀ) ਨੂੰ ਅਸਲੀਅਤ ਵਿੱਚ ਸਮਾਜਿਕ, ਆਰਥਿਕ ਅਤੇ ਧਾਰਮਿਕ ਬਰਾਬਰਤਾ ਦੇਣ ਦੀ ਅਤੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ। ਜਦੋਂ ਧੀਆਂ ਮਾਪਿਆਂ ਲਈ ਕਿਸੇ ਕਿਸਮ ਦਾ ਬੋਝ ਨਹੀਂ ਰਹਿਣਗੀਆਂ ਫਿਰ ਕੋਈ ਵੀ ਮਾਂ ਬਾਪ ਮਦਾ ਭਰੂਣ ਹੱਤਿਆ ਕਰਵਾਉਣ ਬਾਰੇ ਸੋਚੇਗਾ ਵੀ ਨਹੀਂ। ਜਿੰਨਾ ਚਿਰ ਗੁੰਡੇ ਅਨਸਰਾਂ ਤੋਂ ਆਪਣੀ ਧੀ ਦੀ ਇੱਜਤ ਬਚਾਉਣ ਲਈ ਬਾਪ ਨੂੰ ਗੁੰਡੇ ਅਨਸਰਾਂ ਤੋਂ ਗੋਲੀਆਂ ਖਾ ਕੇ ਮਰਨਾ ਪਵੇਗਾ ਅਤੇ ਲੜਕੀ ਦਾ ਵਿਆਹ ਕਰਨ ਸਮੇਂ ਦਾਜ (ਦਹੇਜ) ਰੂਪੀ ਦੰਡ ਭਰਨਾ ਪਵੇਗਾ, ਉਨਾ ਚਿਰ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਵੇਗੀ ਕਿਉਂਕਿ ਕੌਣ ਚਾਹੁੰਦਾ ਹੈ ਕਿ ਗੁੰਡੇ ਅਨਸਰ ਉਸ ਦੀ ਧੀ ਨੂੰ ਚੁੱਕ ਕੇ ਲੈ ਜਾਣ ਜਾਂ ਲੜਕੀ ਪੈਦਾ ਕਰਕੇ ਪਾਲ ਪਲੋਸ ਕੇ ਕਿਸੇ ਨੂੰ ਦੇਣ ਲਈ ਵੀ ਉਸ ਨੂੰ ਕਿਸੇ ਦਾ ਹਾੜੇ ਕੱਢਣੇ ਪੈਣ ਅਤੇ ਧੀ ਜੰਮਣ ਦੇ ਗੁਨਾਹ ਵਿੱਚ ਉਸ ਨੂੰ ਲੜਕੇ ਵਾਲਿਆਂ ਨੂੰ ਧੀ ਦੇ ਨਾਲ ਨਾਲ ਲੱਖਾਂ ਰੁਪਏ ਦੇ ਕੇ ਵੀ ਨੀਵਾਂ ਹੋਣਾ ਪਵੇ। ਇਸ ਲਈ ਜਿੰਨਾ ਚਿਰ ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਨਾ ਬਰਾਬਰੀ ਨੂੰ ਖਤਮ ਕਰਕੇ ਲੜਕੀਆਂ ਨੂੰ ਲੜਕਿਆਂ ਵਾਂਗ ਹਰ ਪੱਖ ਤੋਂ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਨਾ ਚਿਰ ਮਾਦਾ ਭਰੂਣ ਹੱਤਿਆਵਾਂ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ । ਅਲਟਰਾ ਸਾਊਂਡ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਲਿੰਗ ਜਾਂਚ ‘ਤੇ ਪਾਬੰਦੀ ਲਾਉਣ ਜਾਂ ਮਾਦਾ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ, ਅਜਿਹੇ ਕਾਨੂੰਨੀ ਧੱਕੇ ਨਾਲ ਲੜਕੀਆਂ ਨੂੰ ਕਿਸੇ ਦੇ ਘਰ ਜਬਰਦਸਤੀ ਪੈਦਾ ਨਹੀਂ ਕਰਵਾਇਆ ਜਾ ਸਕਦਾ। ਅਜਿਹੇ ਧੱਕੇ ਦਾ ਖਮਿਆਜਾ ਵੀ ਗਰੀਬ ਪਰਿਵਾਰਾਂ (ਲੋਕਾਂ) ਨੂੰ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਅਲਟਰਾ ਸਾਉਂਡ ਮਸ਼ੀਨਾਂ ਵਾਲੇ ਆਮ ਖਾਸ ਗਰੀਬਾਂ ਦੀ ਤਾਂ ਅਜਿਹੀ ਜਾਂਚ ਕਰਦੇ ਹੀ ਨਹੀਂ, ਜੇ ਕੋਈ ਚਾਹੁੰਦਾ ਵੀ ਹੋਵੇ ਤਾਂ ਉਹ ਲਿੰਗ ਜਾਂਚ ਤੇ ਪਾਬੰਦੀ ਲੱਗਣ ਕਾਰਨ ਇਸ ਦੀ ਮਹਿੰਗੀ ਹੋਈ ਫੀਸ ਦੇਣ ਤੋਂ ਅਸਮੱਰਥ ਹੋਣ ਕਾਰਨ, ਮਜਬੂਰੀ ਵੱਸ ਹੋਣ ਵਾਲੇ ਬੱਚੇ ਨੂੰ ਪੈਦਾ ਕਰਨਾ ਹੀ ਠੀਕ ਸਮਝਦਾ ਹੈ ਬਾਅਦ ਵਿੱਚ ਭਾਵੇਂ ਉਸਨੂੰ ਬੱਚਾ ਰੂੜੀਆਂ ਜਾਂ ਝਾੜੀਆਂ ਵਿੱਚ ਹੀ ਕਿਉਂ ਨਾ ਸੁੱਟਣਾ ਪਵੇ। ਅਮੀਰ ਲੋਕਾਂ ਤੇ ਅਜਿਹੀਆਂ ਕਾਨੂੰਨੀ ਪਾਬੰਦੀਆਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੇ ਜੋਰ ਨਾਲ ਸਭ ਕੁੱਝ ਖਰੀਦਣ ਦੇ ਅਤੇ ਦਾਜ ਦੇਣ ਦੇ ਸਮੱਰਥ ਹੁੰਦੇ ਹਨ। ਫਿਰ ਵੀ ਜੇ ਅਸੀਂ ਅਸਲੀਅਤ ਨੂੰ ਸਮਝੇ ਬਗੈਰ ਅਜਿਹੀਆਂ ਕਾਨੂੰਨੀ ਪਾਬੰਦੀਆਂ ਦੇ ਸਹਾਰੇ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਕਰ ਵੀ ਲਵਾਂਗੇ (ਕੁੱਝ ਵਾਧਾ ਹੋਇਆ ਵੀ ਹੈ) ਤਾਂ ਵੀ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ, ਪ੍ਰਾਪਤੀ ਤਾਂ ਇਸ ਵਿੱਚ ਹੈ ਕਿ ਅਸੀਂ ਸਮਾਜ ਦੀ ਮਾਨਸਿਕਤਾ ਬਦਲ ਕੇ ਇਸ ਵਿੱਚੋਂ ਮੁੰਡੇ ਕੁੜੀ ਦੇ ਅੰਤਰ ਨੂੰ ਹੀ ਖਤਮ ਕਰ ਦੇਈਏ। ਧੀਆਂ ਦੇ ਮਾਪੇ ਸਮਾਜ ਵਿੱਚ ਨੀਵੇਂ ਨਾ ਹੋਣ, ਪੁੱਤਾਂ ਦੇ ਮਾਪੇ ਸਮਾਜ ਵਿੱਚ ਉੱਚੇ ਨਾ ਹੋਣ, ਕੋਈ ਕਿਸੇ ਦਾ ਗੁਲਾਮ ਨਾ ਹੋਵੇ ਕੋਈ ਕਿਸੇ ਤੇ ਨਿਰਭਰ ਨਾ ਹੋਵੇ, ਇਸਤਰੀ ਅਤੇ ਪੁਰਸ਼ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਹਰ ਪੱਖ ਤੋਂ ਬਰਾਬਰਤਾ ਦਾ ਆਨੰਦ ਮਾਨਣ ਫਿਰ ਨਾ ਹੀ ਕੋਈ ਮਾਦਾ ਭਰੂਣ ਹੱਤਿਆ ਕਰਵਾਉਣ ਵਾਰੇ ਸੋਚੇਗਾ ਅਤੇ ਨਾ ਹੀ ਮਾਦਾ ਭਰੂਣ ਹੱਤਿਆ ਤੇ ਪਾਬੰਦੀ ਲਾਉਣੀ ਪਵੇਗੀ ।
ਅਖੀਰ ਵਿੱਚ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਕਰਨੀ ਚਾਹਾਂਗੀ ਕਿਉਂਕਿ ਕੁੱਝ ਘਾਟਾਂ ਮੇਰੀਆਂ ਭੈਣਾਂ ਅਤੇ ਧੀਆਂ ਵਿੱਚ ਵੀ ਹਨ। ਬਹੁਤ ਸਾਰੀਆਂ ਸਾਡੀਆਂ ਬੱਚੀਆਂ ਵੀ ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋ ਚੁੱਕੀਆਂ ਹਨ। ਬਹੁਤ ਸਾਰੀਆਂ ਕਾਮ ਵੱਸ ਹੋ ਕੇ ਆਪਣੀਆਂ ਇੱਜਤਾਂ ਗੁਆ ਬੈਠਦੀਆਂ ਹਨ। ਫਿਰ ਆਪਣੇ ਔਗੁਣ ਛੁਪਾਉਣ ਲਈ ਬਲਾਤਕਾਰ ਜਾਂ ਦਾਜ ਦੇ ਝੂਠੇ ਪਰਚੇ ਦਰਜ ਕਰਵਾ ਦਿੰਦੀਆਂ ਹਨ। ਇਹ ਵੀ ਬਹੁਤ ਮਾੜੀਆਂ ਗੱਲਾਂ ਹਨ। ਇਸਤਰੀਆਂ ਨੂੰ ਵੀ ਚਾਹੀਂਦਾ ਹੈ ਕਿ ਉੇਹ ਵੀ ਆਪਣੀਆਂ ਕਮੀਆਂ ਨੂੰ ਦੂਰ ਕਰਨ ਅਤੇ ਅਣਖ ਵਾਲੀ ਜਿੰਦਗੀ ਜਿਉਣ। ਬੇਸ਼ੱਕ ਮਰਦ ਅੱਜ ਇਸਤਰੀ ਤੇ ਭਾਰੂ ਹੈ, ਪਰ ਮਰਦ ਵੀ ਪਲਦਾ ਤਾਂ ਇਸਤਰੀ ਦੀ ਗੋਦ (ਬੁੱਕਲ) ਵਿੱਚ ਹੀ ਹੈ। ਹਰ ਇੱਕ ਨੇ ਇਸਤਰੀ ਦੀ ਗੋਦ ਵਿੱਚੋਂ ਹੀ ਉੱਠ ਕੇ ਅੱਗੇ ਵੱਧਣਾ ਹੈ। ਇਸ ਲਈ ਮੇਰੀਆਂ ਭੈਣਾਂ ਨੂੰ ਚਾਹੀਂਦਾ ਹੈ ਕਿ ਮਰਦਾਂ ਲਈ ਨੁਮਾਇਸ਼ੀ ਵਸਤੂਆਂ ਬਣ ਕੇ ਨਾ ਜਿਉਣ, ਆਪਣੀ ਜਿੰਮੇਵਾਰੀ ਸੰਭਾਲਣ, ਆਪਣੇ ਬੱਚਿਆਂ ਨੂੰ ਬੁੱਕਲ ਵਿੱਚ ਬਹਾ ਕੇ ਗੰਦੀਆਂ ਫਿਲਮਾਂ, ਗੰਦੇ ਗੀਤ ਸੁਨਾਉਣ ਦੀ ਥਾਂ ਗੁਰਬਾਣੀ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਰਗਿਆਂ ਦੀਆਂ ਸਿੱਖਿਆਵਾਂ ਦ੍ਰਿੜ ਕਰਵਾਉਣ। ਫਿਰ ਦੇਖੋ ਸਮਾਜ ਕਿਵੇਂ ਬਦਲਦਾ ਹੈ। ਭੈਣੋ ਜਾਗੋ! ਸੰਭਾਲੋ! ਸਾਰਾ ਸਮਾਜ ਜਿਹੋ ਜਿਹਾ ਵੀ ਚੰਗਾ ਮਾੜਾ ਹੈ, ਉਹ ਤੁਹਾਡੀ ਹੀ ਬੁੱਕਲ ਵਿੱਚੋਂ ਪੈਦਾ ਹੋਇਆ ਹੈ। ਸਮਾਜ ਦੀ ਨੀਂਹ ਤੁਹਾਡੀ ਬੁੱਕਲ ਵਿੱਚ ਹੀ ਹੈ। ਮਾਈ ਭਾਗੋਆਂ ਬਣ ਕੇ ਸਮਾਜ ਦੀ ਅਗਵਾਈ ਕਰੋ। ਤੁਹਾਡੀ ਸੁਚੱਜੀ ਅਗਵਾਈ ਸਮਾਜ ਨੂੰ ਗਰਕ ਹੋਣ ਤੋਂ ਬਚਾਅ ਸਕਦੀ ਹੈ।
ਹਰਪ੍ਰੀਤ ਕੌਰ ਖਾਲਸਾ ਪਿੰਡ ਤੇ ਡਾਕ : ਬਹਾਦਰਪੁਰ ਪਿੰਨ – 151501 ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
E-mail : harpreetkaurkhalsa07@gmail.com