ਮਾਨਸਾ, 22 ਅਗਸਤ (ਏਜਂਸੀ)-ਮਾਨਸਾ ਪੁਲੀਸ ਨੇ ਹਰਿਆਣਾ ਬਾਰਡਰ ਰਾਹੀਂ ਜ਼ਿਲ੍ਹੇ ਵਿੱਚ ਆਈ ਭੁੱਕੀ ਚੂਰਾ-ਪੋਸਤ ਦੀ ਵੱਡੀ ਖੇਪ ਫੜਦਿਆਂ ਦੋ ਅੰਤਰਰਾਜੀ ਸਮਗੱਲਰਾਂ ਨੂੰ ਕਾਰ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਕਪਤਾਨ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਜੋਗਾ ਦੀ ਪੁਲੀਸ ਪਾਰਟੀ ਨੇ ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ ਵਿੱਚ ਜੋਗਾ ਪੁਲ ਨੇੜੇ ਦੋ ਵਿਅਕਤੀਆਂ ਨੂੰ ਅਲਟੋ ਕਾਰ ਸਮੇਤ ਕਾਬੂ ਕੀਤਾ, ਜਿਨ੍ਹਾਂ ਕੋਲੋਂ 160 ਕਿਲੋ ਭੁੱਕੀ ਚੂਰਾ-ਪੋਸਤ ਬਰਾਮਦ…… ਹੋਇਆ। ਉਨ੍ਹਾਂ ਦੱਸਿਆ ਕਿ ਫੜੇ ਗਏ ਇਨ੍ਹਾਂ ਵਿਅਕਤੀਆਂ ਦੀ ਪਛਾਣ ਅੰਕਤ ਕੁਮਾਰ ਪੁੱਤਰ ਅਰਵਿੰਦ ਕੁਮਾਰ ਵਾਸੀ ਹਨੂੰਮਾਨਗੜ੍ਹ (ਰਾਜਸਥਾਨ) ਅਤੇ ਜਸਮੇਲ ਸਿੰਘ ਉਰਫ਼ ਕਾਲਾ ਪੁੱਤਰ ਵੀਰੂ ਸਿੰਘ ਵਾਸੀ ਰੂੜੇਕੇ ਕਲਾਂ (ਬਰਨਾਲਾ) ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਪੁਛਗਿਛ ਦੌਰਾਨ ਦੱਸਿਆ ਕਿ ਉਹ ਹਰਿਆਣਾ ਬਾਰਡਰ ਤੋਂ ਇਹ ਭੁੱਕੀ ਚੂਰਾ-ਪੋਸਤ 500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਏ ਸਨ ਅਤੇ ਇਲਾਕੇ ਦੇ ਪਿੰਡਾਂ ਵਿੱਚ ਤੁਰ-ਫਿਰ ਕੇ 1000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚਣੀ ਸੀ। ਉਨ੍ਹਾਂ ਦੱਸਿਆ ਕਿ ਹਰਿਆਣਾ ਬਾਰਡਰ ਰਾਹੀਂ ਹੋ ਰਹੀ ਸਮਗਲਿੰਗ ਨੂੰ ਯੋਜਨਾਬੱਧ ਤਰੀਕੇ ਨਾਲ ਠਲ੍ਹਿਆ ਜਾਵੇਗਾ ਤਾਂ ਜੋ ਮਾਨਸਾ ਵਾਸੀਆਂ ਨੂੰ ਸਾਫ਼-ਸੁਥਰਾ ਪੁਲੀਸ ਪ੍ਰਸ਼ਾਸ਼ਨ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖਿਲਾਫ਼ ਥਾਣਾ ਜੋਗਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਪੁਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਹੋਰ ਸੁਰਾਗ ਮਿਲਣ ਦੀ ਆਸ ਹੈ ਅਤੇ ਇਨ੍ਹਾਂ ਦੇ ਸਾਥੀ ਹੋਰ ਅੰਤਰਰਾਜੀ ਸਮਗੱਲਰਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਡਾ. ਭਾਰਗਵ ਨੇ ਦੱਸਿਆ ਕਿ ਬੁਢਲਾਡਾ ਦੀ ਪੁਲੀਸ ਪਾਰਟੀ ਵਲੋਂ ਵੀ ਐਸ. ਆਈ. ਸੁਖਮਿੰਦਰ ਸਿੰਘ ਦੀ ਅਗਵਾਈ ਵਿੱਚ ਇਕ ਵਿਅਕਤੀ ਨੂੰ ਜੀਰੀ ਯਾਰਡ ਨੇੜੇ ਕਾਬੂ ਕਰਕੇ ਉਸ ਕੋਲੋਂ 1,8400 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 110 ਸ਼ੀਸ਼ੀਆਂ ਰੈਕਸਕਾਫ ਅਤੇ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਫੜਿਆ ਗਿਆ ਵਿਅਕਤੀ ਦਵਾਰਕਾ ਦਾਸ ਪੁੱਤਰ ਭਗਵੰਤ ਰਾਏ ਵਾਸੀ ਵਾਰਡ ਨੰਬਰ-1 ਬੁਢਲਾਡਾ ‘ਵਿਸ਼ਾਲ ਮੈਡੀਕਲ ਸਟੋਰ’ ਬੁਢਲਾਡਾ ਦਾ ਮਾਲਕ ਹੈ ਅਤੇ ਇਸ ਖਿਲਾਫ਼ ਪਹਿਲਾਂ ਵੀ ਸਾਲ-2005 ਵਿਚ ਮੁਕੱਦਮਾ ਦਰਜ ਹੋਇਆ ਸੀ ਅਤੇ ਇਹ ਸਾਲ 2012 ਵਿੱਚ ਬਰੀ ਹੋ ਚੁਕਿਆ ਹੈ। ਡਾ. ਭਾਰਗਵ ਨੇ ਦੱਸਿਆ ਕਿ ਇਸ ਵਿਅਕਤੀ ਖਿਲਾਫ਼ ਥਾਣਾ ਸਿਟੀ ਬੁਢਲਾਡਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਸਨ ਕਿ ਇਸ ਨੇ ਦੁਬਾਰਾ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਲਈ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।
Indian News ਮਾਨਸਾ ਪੁਲੀਸ ਨੇ ਭੁੱਕੀ ਚੂਰਾ-ਪੋਸਤ ਦੀ ਵੱਡੀ ਖੇਪ ਫੜੀ